ਪੈਨਸਲਵੇਨੀਆ/ਪੰਜਾਬ ਪੋਸਟ
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਹੋ ਰਹੀ ਚੋਣ ਤੋਂ ਪਹਿਲਾਂ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨੂੰ ਓਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਸਾਲ 2016 ਦੀਆਂ ਚੋਣਾਂ ਤੋਂ ਹੀ ਡੋਨਾਲਡ ਟਰੰਪ ਦੀ ਲਗਾਤਾਰ ਡਟਵੀਂ ਹਮਾਇਤ ਕਰਦੀ ਆ ਰਹੀ ਸੰਸਥਾ ‘ਸਿੱਖਸ ਫਾਰ ਟਰੰਪ’ ਨੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਹੇਠ ਟਰੰਪ ਦੀ ਹਮਾਇਤ ਵਿੱਚ ਪੂਰੀ ਸਰਗਰਮੀ ਵਿਖਾਈ। ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਵੱਲੋਂ ਪਿਛਲੇ ਦਿਨ ਟਰੰਪ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ ਅਤੇ ਇਹ ਮੁਲਾਕਾਤ ਬੜੇ ਹੀ ਉਸਾਰੂ ਅਤੇ ਸੁਖਾਵੇਂ ਮਾਹੌਲ ਦੇ ਵਿੱਚ ਹੋਈ। ਉਨਾਂ ਨੇ ਦੱਸਿਆ ਕਿ ‘ਸਿੱਖਸ ਫਾਰ ਟਰੰਪ’ ਵੱਲੋਂ ਡੋਨਾਲਡ ਟਰੰਪ ਦੀ ਪਹਿਲੀ ਚੋਣ ਦੇ ਸਮੇਂ ਤੋਂ ਹੀ ਡਟਵੀਂ ਹਮਾਇਤ ਤੋਂ ਖੁਸ਼ ਟਰੰਪ ਨੇ ਜਿੱਥੇ ਸਿੱਖਾਂ ਦਾ ਧੰਨਵਾਦ ਕੀਤਾ, ਉੱਥੇ ਉਨਾਂ ਭਵਿੱਖ ਦੇ ਵਿੱਚ ਵੀ ਸਿੱਖ ਕੌਮ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਵਾਇਆ। ਪੈਨਸਲਵੇਨੀਆ ਵਿਖੇ ਟਰੰਪ ਦੀ ਕੈਂਪੇਨ ਮੌਕੇ ਹੋਈ ਇਸ ਮੀਟਿੰਗ ਵਿੱਚ ਕਈ ਹਾਂ-ਪੱਖੀ ਗੱਲਾਂ ਹੋਈਆਂ।
ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੇ ਦੱਸਣ ਮੁਤਾਬਕ, ਡੋਨਾਲਡ ਟਰੰਪ ਇਸ ਦੌਰਾਨ ਬਹੁਤ ਹੀ ਖੁਸ਼ ਮਿਜਾਜ਼ ਤਬੀਅਤ ਵਿੱਚ ਨਜ਼ਰ ਆਏ ਅਤੇ ਚੋਣ ਮੁਹਿੰਮ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੇ ਉਨ੍ਹਾਂ ਦੀ ਮੁਹਿੰਮ ਨੂੰ ਹੋਰ ਬਲ ਪ੍ਰਦਾਨ ਕੀਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਸਿੱਖ ਭਾਈਚਾਰੇ, ਭਾਰਤੀ ਕਮਿਊਨਿਟੀ ਅਤੇ ਸਮੁੱਚੇ ਦੱਖਣ ਏਸ਼ੀਆ ਖਿੱਤੇ ਦੇ ਲੋਕਾਂ ਦੀ ਅਹਿਮੀਅਤ ਨੂੰ ਬਖੂਬੀ ਸਮਝਦੇ ਹਨ। ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਸਮੂਹ ਨਾਗਰਿਕਾਂ ਨੂੰ ਸਹੀ ਉਮੀਦਵਾਰ ਦਾ ਸਮਰਥਨ ਕਰਨ ਅਤੇ ਵੋਟਾਂ ਦੀ ਪ੍ਰਕਿਰਿਆ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ ਹੈ।
‘ਸਿੱਖਸ ਫਾਰ ਟਰੰਪ’ ਵੱਲੋਂ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨੂੰ ਭਰਵਾਂ ਸਮਰਥਨ; ਟਰੰਪ ਨੇ ਸਿੱਖਾਂ ਦੀ ਕੀਤੀ ਸ਼ਲਾਘਾ

Published: