ਪਹਿਲਗਾਮ ਹਮਲੇ ’ਚ ਹਿੰਦੂ ਭਰਾਵਾਂ ਦੀ ਜਾਨ ਬਚਾਉਂਦੇ ਸ਼ਹੀਦ ਹੋਏ ਮੁਸਲਿਮ ਨੌਜਵਾਨ ਆਦਿਲ ਦੇ ਪਰਿਵਾਰ ਨੂੰ “ਸਿੱਖਸ ਆਫ ਅਮਰੀਕਾ” ਵੱਲੋਂ 2 ਲੱਖ ਰੁਪਏ ਦੀ ਮਾਲੀ ਮਦਦ

Published:

Rate this post

*ਭਵਿੱਖ ਵਿੱਚ ਵੀ ਸੰਸਥਾ ਨੇ ਦਿੱਤਾ ਮਦਦ ਦਾ ਭਰੋਸਾ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ

ਕਸ਼ਮੀਰ ਮਨੁੱਖਤਾ ਦੀ ਰਾਖੀ ਲਈ ਆਪਣੀ ਜਾਨ ਗਵਾਉਣ ਵਾਲੇ ਪਹਿਲਗਾਮ ਦੇ ਮੁਸਲਿਮ ਨੌਜਵਾਨ ਆਦਿਲ ਦੀ ਕੁਰਬਾਨੀ ਸਾਰੀ ਕਾਇਨਾਤ ਲਈ ਇਨਸਾਨੀਅਤ ਦੀ ਮਿਸਾਲ ਬਣ ਗਈ ਹੈ। ਹਾਲ ਹੀ ਵਿੱਚ ਕਸ਼ਮੀਰ ਦੇ ਪਹਿਲਗਾਮ ਇਲਾਕੇ ’ਚ ਪਾਕਿਸਤਾਨੀ ਅੱਤਵਾਦੀ ਹਮਲੇ ਦੌਰਾਨ ਜਦੋਂ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਜਾਨ ਖਤਰੇ ਵਿੱਚ ਸੀ, ਤਾਂ ਆਦਿਲ ਨੇ ਬਿਨਾਂ ਕਿਸੇ ਹਿਚਕ ਦੇ ਉਨਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ।

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਦਾ ਕਹਿਣਾ ਹੈ ਕਿ, “ਆਦਿਲ ਦੀ ਸ਼ਹਾਦਤ ਸਿਰਫ ਇੱਕ ਪਰਿਵਾਰ ਦੀ ਟੁੱਟੀ ਹੋਈ ਦੁਨੀਆ ਨਹੀਂ, ਸਗੋਂ ਸਾਂਝੀ ਇਨਸਾਨੀਅਤ ਦੀ ਫਤਿਹ ਹੈ।’’ ਉਸ ਦੀ ਇਸ ਬੇਮਿਸਾਲ ਭਾਗੀਦਾਰੀ ਨੂੰ ਸਲਾਮ ਕਰਦਿਆਂ “ਸਿੱਖਸ ਆਫ ਅਮੈਰਿਕਾ” ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਵੱਲੋਂ ਆਦਿਲ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਭੇਜੀ ਗਈ ਹੈ।

ਇਹ ਰਾਸ਼ੀ ਵਿਅਕਤੀਗਤ ਮਦਦ ਤੋਂ ਵੱਧ ਇੱਕ ਸਨੇਹਾ ਹੈ ਕਿ ਧਰਮਾਂ, ਜ਼ਾਤਾਂ, ਕੌਮਾਂ ਤੋਂ ਉੱਤੇ ਉੱਠ ਕੇ ਅਤੇ ਨਫਰਤ ਦੀ ਚੱਲ ਰਹੀ ਅਜਿਹੀ ਹਨੇਰੀ ਵਿੱਚ ਵੀ ਕੋਈ ਐਨੀ ਦਲੇਰੀ ਨਾਲ ਆਪਣੀ ਜਾਨ ਨਿਛਾਵਰ ਕਰ ਸਕਦਾ ਹੈ, ਤਾਂ ਦੁਨੀਆ ਅਜੇ ਵੀ ਚੰਗਿਆਈ ਨਾਲ ਭਰੀ ਹੋਈ ਹੈ।

ਜਸਦੀਪ ਸਿੰਘ ਨੇ ਕਿਹਾ, “ਸਾਨੂੰ ਆਦਿਲ ਉੱਤੇ ਮਾਣ ਹੈ। ਉਸ ਦੀ ਇਹ ਕੁਰਬਾਨੀ ਅਸੀਂ ਕਦੇ ਨਹੀਂ ਭੁੱਲਾਂਗੇ। ਇਹ ਸਹਾਇਤਾ ਉਸ ਪਰਿਵਾਰ ਲਈ ਹੌਂਸਲੇ ਦੀ ਝਲਕ ਹੈ, ਜੋ ਅੱਜ ਆਪਣੇ ਸਿਰ ਤੇ ਛੱਤ ਤੋਂ ਵੀ ਵਾਂਝਾ ਹੋਇਆ ਹੈ।”

ਇਸ ਮੌਕੇ ਆਦਿਲ ਦੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਤੇ ਮਾਂ ਦੀ ਚੁੱਪ ਇਹ ਦਰਸਾ ਰਹੀ ਸੀ ਕਿ ਦੁੱਖ ਤਾਂ ਗਹਿਰਾ ਹੈ, ਪਰ ਉਹਨਾਂ ਨੂੰ ਇਹ ਮਾਣ ਜਰੂਰ ਹੈ ਕਿ ਉਹਨਾ ਦਾ ਪੁੱਤ ਇੱਕੋ ਸਮੇਂ ਇੱਕ ਬਹਾਦਰ, ਇਨਸਾਫਪਸੰਦ ਅਤੇ ਇਨਸਾਨੀਅਤ ਦਾ ਬੇਧੜਕ ਸਿਪਾਹੀ ਹੋ ਨਿਬੜਿਆ।

ਸਿੱਖਸ ਆਫ ਅਮੈਰਿਕਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਭਵਿੱਖ ’ਚ ਵੀ ਸ਼ਹੀਦ ਆਦਿਲ ਦੇ ਪਰਿਵਾਰ ਦੀ ਹਰ ਤਰਾਂ ਦੀ ਮਦਦ ਲਈ ਤਿਆਰ ਹਨ।

ਸਿੱਖਸ ਆਫ ਅਮਰੀਕਾ ਵੱਲੋਂ ਇਹ ਸਿਰਫ ਇੱਕ ਚੈੱਕ ਨਹੀਂ ਸੀ, ਸਗੋਂ ਇਹ ਇੱਕ ਧਰਮ-ਨਿਰਪੱਖ ਪਿਆਰ ਅਤੇ ਸਾਂਝ ਦੀ ਮੋਹਰ ਸੀ। ਆਦਿਲ ਦੀ ਕੁਰਬਾਨੀ ਸਦਾ ਜਿਉਂਦੀ ਰਹੇਗੀ।

ਅਸੀਂ ਆਦਿਲ ਦੇ ਜਜਬੇ ਅਤੇ ਕੁਰਬਾਨੀ ਨੂੰ ਸਲਾਮ ਪੇਸ਼ ਕਰਦੇ ਹਾਂ!   

Read News Paper

Related articles

spot_img

Recent articles

spot_img