ਬੇਗੋਵਾਲ/ਪੰਜਾਬ ਪੋਸਟ
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਮੌਕੇ ਮਿਤੀ 1, 2 ਅਤੇ 3 ਜੂਨ ਨੂੰ ਸਮਾਜ ਸੇਵਾ ਕਾਰਜਾਂ ਲਈ ਜਾਣੀ ਜਾਂਦੀ ਅਮਰੀਕਾ ਦੀ ਉੱਘੀ ਸਿੱਖ ਸੰਸਥਾ ‘ਸਿੱਖਸ ਆਫ ਅਮੈਰਿਕਾ’ ਵੱਲੋਂ ਬੇਗੋਵਾਲ ਵਿਖੇ ਤਿੰਨ ਰੋਜ਼ਾ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਜਿਥੇ ਮਰੀਜ਼ਾਂ ਦਾ ਮੁਫਤ ਚੈੱਕਅੱਪ ਕੀਤਾ ਗਿਆ, ਉਥੇ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਗਈਆਂ। ਬਰਸੀ ਸਮਾਗਮ ਮੌਕੇ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਆਪਣਾ ਚੈੱਕਅੱਪ ਕਰਵਾਇਆ ਅਤੇ ਮੁਫਤ ਦਵਾਈਆਂ ਹਾਸਲ ਕੀਤੀਆਂ। ‘ਸਿੱਖਸ ਆਫ ਅਮੈਰਿਕਾ’ ਦੇ ਪ੍ਰਧਾਨ ਸ. ਜਸਦੀਪ ਸਿੰਘ ਜੈਸੀ ਨੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਅੰਦਰ ਸਮਾਜ ਭਲਾਈ ਲਈ ਇਸ ਤਰ੍ਹਾਂ ਦੇ ਮੁਫਤ ਮੈਡੀਕਲ ਕੈਂਪ ਅਤੇ ਮੁਫਤ ਦਵਾਈਆਂ ਦੀ ਸੇਵਾ ਅੱਗੇ ਵੀ ਨਿਰੰਤਰ ਜਾਰੀ ਰਹੇਗੀ ਅਤੇ ਸੇਵਾ ਦੇ ਇਸ ਕਾਰਜ ਦਾ ਦਾਇਰਾ ਵੀ ਹੋਰ ਵਧਾਇਆ ਜਾਵੇਗਾ। ਇਸ ਮੌਕੇ ਸੰਗਤਾਂ ਨੇ ‘ਸਿੱਖਸ ਆਫ ਅਮੈਰਿਕਾ’ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਫਤ ਦਵਾਈਆਂ ਦੀ ਸੇਵਾ ਦਾ ਕਾਰਜ ਬਹੁਤ ਪੁੰਨ ਦਾ ਕਾਰਜ ਹੈ ਕਿਉਂਕਿ ਇਸ ਸੇਵਾ ਨਾਲ ਜਿਥੇ ਗਰੀਬ ਵਿਅਕਤੀ ਆਸਾਨੀ ਨਾਲ ਦਵਾਈਆਂ ਲੈ ਸਕਦੇ ਹਨ, ਉਥੇ ਚੈੱਕਅੱਪ ਰਾਹੀਂ ਸਿਹਤਯਾਬ ਹੋਣ ਵੱਲ ਦੀ ਵਧਦੇ ਹਨ। ਜ਼ਿਕਰਯੋਗ ਹੈ ਕਿ ‘ਸਿੱਖਸ ਆਫ ਅਮਰੀਕਾ’ ਵੱਲੋਂ ਸੇਵਾ ਕਾਰਜਾਂ ਦੀ ਇਸੇ ਲੜੀ ਤਹਿਤ ਪਹਿਲਾਂ ਹੋਲਾ ਮਹੱਲਾ ਅਤੇ ਫੇਰ ਖਾਲਸਾ ਸਾਜਨਾ ਦਿਵਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਵਾਰ ਦੀ ਤਰਾਂ ਫਰੀ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ।







