9.1 C
New York

ਮਿਸਾਲੀ ਪੁਲਾੜ ਕਾਰਜਾਂ ਮਗਰੋਂ ਸੇਵਾ ਮੁਕਤ ਹੋਈ- ਸੁਨੀਤਾ ਵਿਲੀਅਮਜ਼

Published:

Rate this post

ਪੁਲਾੜ ਦਾ ਖੇਤਰ ‘ਚ ਨਵੇਂ ਮੁਕਾਮ ਸਿਰਜਣ ਵਾਲੀ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਕਈ ਇਤਿਹਾਸ ਰਚਣ ਮਗਰੋਂ ਪਿਛਲੇ ਦਿਨੀਂ ਸੇਵਾਮੁਕਤ ਹੋ ਗਈ ਹੈ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਮੁਤਾਬਕ, ਵਿਲੀਅਮਜ਼ ਦੇ ਸੇਵਾਮੁਕਤੀ ਹੁਕਮ ਪਿਛਲੇ ਸਾਲ ਦਸੰਬਰ ਦੇ ਅਖੀਰ ਵਿਚ ਅਮਲ ’ਚ ਆ ਗਏ ਸਨ। ਸਾਬਕਾ ਨੇਵੀ ਕੈਪਟਨ, ਸੁਨੀਤਾ ਵਿਲੀਅਮਜ਼ ਨੇ 27 ਸਾਲਾਂ ਤੋਂ ਵੱਧ ਸਮੇਂ ਲਈ ‘ਨਾਸਾ’ ਨਾਲ ਕੰਮ ਕੀਤਾ ਅਤੇ ਤਿੰਨ ਸਪੇਸ ਸਟੇਸ਼ਨ ਮਿਸ਼ਨਾਂ ਵਿੱਚ ਕੁੱਲ 608 ਦਿਨ ਪੁਲਾੜ ਵਿੱਚ ਬਿਤਾਏ। ਸੁਨੀਤਾ ਵਿਲੀਅਮਜ਼ ਨੇ ਇੱਕ ਮਹਿਲਾ ਵੱਲੋਂ ‘ਸਪੇਸਵਾਕ’ ਦਾ ਸਭ ਤੋਂ ਲੰਮਾ ਰਿਕਾਰਡ ਵੀ ਬਣਾਇਆ, ਜਿਸ ਵਿੱਚ ਕੁੱਲ 62 ਘੰਟੇ ਪੁਲਾੜ ਵਿੱਚ ਬਿਤਾਏ ਗਏ ਸਨ। ਵਿਲੀਅਮਜ਼ ਅਤੇ ਉਨਾਂ ਦੇ ਸਾਥੀ ਪੁਲਾੜ ਯਾਤਰੀ ਬੁੱਚ ਵਿਲਮੋਰ ਨੂੰ 2024 ਵਿੱਚ ਪੁਲਾੜ ਸਟੇਸ਼ਨ ਭੇਜਿਆ ਗਿਆ ਸੀ ਅਤੇ ਉਹ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ ਉਡਾਣ ਭਰਨ ਵਾਲੇ ਪਹਿਲੇ ਪੁਲਾੜ ਯਾਤਰੀ ਵੀ ਬਣੇ ਸਨ। ਵਿਲੀਅਮਜ਼ ਦਾ ਮਿਸ਼ਨ ਭਾਵੇਂ ਮੂਲ ਰੂਪ ‘ਚ ਸਿਰਫ਼ ਇੱਕ ਹਫ਼ਤੇ ਲਈ ਸੀ, ਪਰ ਸਟਾਰਲਾਈਨਰ ਨਾਲ ਸਬੰਧਤ ਸਮੱਸਿਆਵਾਂ ਨੇ ਇਸ ਨੂੰ ਨੌਂ ਮਹੀਨਿਆਂ ਤੋਂ ਵੱਧ ਸਮੇਂ ਲਈ ਵਧਾ ਦਿੱਤਾ ਸੀ। ਉਹ ਆਖਰਕਾਰ ਪਿਛਲੇ ਸਾਲ ਮਾਰਚ ਵਿੱਚ ਧਰਤੀ ’ਤੇ ਵਾਪਸ ਆਏ ਸਨ। ਸਾਲ 2024 ਦੀ ਸਟਾਰਲਾਈਨਰ ਟੈਸਟ ਉਡਾਣ ਦੇ ਔਰਬਿਟ ਵਿੱਚ ਇੱਕ ਲੰਮੇ ਸਫਰ ਨੂੰ ਵਿਸ਼ਵ ਪੱਧਰ ’ਤੇ ਦੇਖਿਆ ਗਿਆ ਸੀ ਅਤੇ ਇਸ ਸਮੁੱਚੇ ਸਫਰ ਵਾਂਗ ਹਰ ਵਕਤ ਸੁਨੀਤਾ ਵਿਲੀਅਮਜ਼ ਨੇ ਵਿਗਿਆਨ ਅਤੇ ਪੁਲਾੜ ਮਿਸ਼ਨ ’ਤੇ ਧਿਆਨ ਕੇਂਦਿ੍ਰਤ ਰੱਖਿਆ।

ਸੁਨੀਤਾ ਵਿਲੀਅਮਜ਼ ਦਾ ਜਨਮ 19 ਸਤੰਬਰ, 1965 ਨੂੰ ਅਮਰੀਕਾ ਦੇ ਓਹੀਓ ਵਿੱਚ ਹੋਇਆ ਸੀ ਪਰ ਉਹ ਨੀਡਹੈਮ, ਮੈਸਾਕਿਊਸੈਟਸ ਨੂੰ ਆਪਣਾ ਜੱਦੀ ਸ਼ਹਿਰ ਮੰਨਦੀ ਹੈ। ਉਸ ਦੇ ਪਿਤਾ, ਦੀਪਕ ਪੰਡਯਾ, ਇੱਕ ਨਿਊਰੋਐਨਾਟੋਮਿਸਟ ਵਜੋਂ ਕੰਮ ਕਰਦੇ ਸਨ। ਦੀਪਕ ਪੰਡਯਾ ਦਾ ਜਨਮ ਗੁਜਰਾਤ ਦੇ ਮਹਿਸਾਣਾ ਜ਼ਿਲੇ ਦੇ ਝੂਲਾਸਨ ਵਿੱਚ ਹੋਇਆ ਸੀ। ਜੇਕਰ ਇਸ ਦਿ੍ਰਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸੁਨੀਤਾ ਵਿਲੀਅਮਜ਼ ਦਾ ਜੱਦੀ ਪਿੰਡ ਗੁਜਰਾਤ ਦਾ ਝੁਲਾਸਨ ਵੀ ਦਰਜ ਕੀਤਾ ਜਾ ਸਕਦਾ ਹੈ। ਸੁਨੀਤਾ ਵਿਲੀਅਮਜ਼ ਨੇ ਸਾਲ 2007 ਤੇ 2013 ਵਿੱਚ ਦੋ ਵਾਰ ਝੁਲਾਸਨ ਦਾ ਦੌਰਾ ਕੀਤਾ। ਇਹ ਦੌਰੇ ਉਨਾਂ ਨੇ ਆਪਣੇ ਪੁਲਾੜ ਮੁਹਿੰਮ ਮਗਰੋਂ ਕੀਤੇ ਸਨ। ਇਹ ਉਹ ਥਾਂ ਹੈ ਜਿਥੇ ਵਿਲੀਅਮਜ਼ ਦੇ ਪਿਤਾ ਦੀਪਕ ਪੰਡਯਾ ਦਾ ਜਨਮ ਹੋਇਆ ਸੀ। ਉਹ ਆਪਣੀ ਐੱਮਬੀਬੀਐੱਸ ਦੀ ਪੜਾਈ ਸਬੰਧੀ 1957 ਵਿੱਚ ਅਮਰੀਕਾ ਚਲੇ ਗਏ ਸਨ। ਇਥੇ ਹੀ ਉਨਾਂ ਨੇ ਉਰਸੁਲਿਨ ਬੋਨੀ ਨਾਲ ਵਿਆਹ ਕਰਵਾਇਆ, ਜਿਨਾਂ ਨੇ 1965 ਵਿੱਚ ਸੁਨੀਤਾ ਨੂੰ ਜਨਮ ਦਿੱਤਾ। ਸੁਨੀਤਾ ਦੀ ਮਾਂ ਉਰਸੁਲੀਨ ਬੋਨੀ ਪਾਂਡਿਆ ਸਲੋਵੇਨੀਅਨ ਮੂਲ ਦੀ ਸੀ। ਵਿਲੀਅਮਜ਼ ਦੇ ਦੋ ਵੱਡੇ ਭੈਣ-ਭਰਾ ਹਨ, ਇੱਕ ਭਰਾ ਜਿਸ ਦਾ ਨਾਂਅ ਜੈਅ ਥਾਮਸ ਹੈ ਅਤੇ ਇੱਕ ਭੈਣ ਜਿਸ ਦਾ ਨਾਂਅ ਦੀਨਾ ਆਨੰਦ ਹੈ। ਇਸ ਤਰਾਂ ਸੁਨੀਤਾ ਵਿਲੀਅਮਜ਼ ਇੱਕ ਮਿਸ਼ਰਤ ਸੱਭਿਆਚਾਰਕ ਪਿਛੋਕੜ ਨਾਲ ਤਾਲੁੱਕ ਰੱਖਦੀ ਹੈ ਅਤੇ ਵਿਲੀਅਮਜ਼ ਨੂੰ ਆਪਣੀ ਭਾਰਤੀ ਅਤੇ ਸਲੋਵੇਨੀਅਨ ਦੀ ਸਾਂਝੀ ਵਿਰਾਸਤ ‘ਤੇ ਹਮੇਸ਼ਾ ਮਾਣ ਰਿਹਾ ਹੈ। ਉਹ ਆਪਣੀਆਂ ਜੜਾਂ ਨੂੰ ਆਪਣੇ ਨਾਲ ਮਹਿਸੂਸ ਕਰਨ ਲਈ ਇੱਕ ਸਲੋਵੇਨੀਅਨ ਝੰਡਾ, ਸਮੋਸਾ ਅਤੇ ਇੱਕ ਰਵਾਇਤੀ ਸਲੋਵੇਨੀਅਨ ਸੌਸੇਜ ਵੀ ਪੁਲਾੜ ਵਿੱਚ ਲੈ ਗਈ ਸੀ।

ਸੁਨੀਤਾ ਵਿਲੀਅਮਜ਼ ਆਪਣੀ ਮੁੱਢਲੀ ਪੜਾਈ ਪੂਰੀ ਕਰਨ ਤੋਂ ਬਾਅਦ, ਸੰਨ 1987 ਵਿੱਚ ਅਮਰੀਕੀ ਜਲ ਸੈਨਾ ਵਿੱਚ ਇੱਕ ਅਧਿਕਾਰੀ ਵਜੋਂ ਸ਼ਾਮਲ ਹੋਈ ਸੀ। ਸੁਨੀਤਾ ਵਿਲੀਅਮਜ਼ ਨੇ ਇੱਕ ਨੇਵਲ ਪਾਇਲਟ ਵਜੋਂ ਸਿਖਲਾਈ ਲਈ ਅਤੇ ਸੰਨ 1989 ਵਿੱਚ ਇੱਕ ਹੈਲੀਕਾਪਟਰ ਪਾਇਲਟ ਬਣ ਗਈ। ਆਲਮੀ ਪ੍ਰਾਪਤੀਆਂ ਵੱਲ ਸੁਨੀਤਾ ਵਿਲੀਅਮਜ਼ ਦੀ ਯਾਤਰਾ ਦੀ ਸ਼ੁਰੂਆਤ ਇਸੇ ਯੂ.ਐਸ ਨੇਵਲ ਅਕੈਡਮੀ ਐਨਾਪੋਲਿਸ, ਮੈਰੀਲੈਂਡ ਵਿੱਚ ਹੋਈ। ਸੁਨੀਤਾ ਵਿਲੀਅਮਜ਼ ਨੇ ਸੰਨ 1987 ਵਿੱਚ ਸਖ਼ਤ ਲੜਾਕੂ ਹੈਲੀਕਾਪਟਰ ਦੀ ਸਿਖਲਾਈ ਲਈ ਅਤੇ ਫ਼ਾਰਸ ਦੀ ਖਾੜੀ ਯੁੱਧ ਦੌਰਾਨ ਉਡਾਣ ਮਿਸ਼ਨ ਤਹਿਤ ਇਰਾਕ ਦੇ ਕੁਰਦਿਸ਼ ਖੇਤਰਾਂ ਵਿੱਚ ਨੋ-ਫਲਾਈ ਜ਼ੋਨ ਸਥਾਪਤ ਕੀਤੇ ਅਤੇ ਮਿਆਮੀ ਵਿੱਚ ਹਰੀਕੇਨ ਐਂਡਰਿਊ ਰਾਹਤ ਯਤਨਾਂ ਵਿੱਚ ਸੇਵਾ ਕੀਤੀ। ਸੁਨੀਤਾ, ਜੋ ਆਪਣੇ ਆਪ ਨੂੰ ਹਨੂੰਮਾਨ ਜੀ ਦੀ ਭਗਤ ਮੰਨਦੀ ਹੈ, ਨੇ ਇਥੋਂ ਹੀ ਇਹ ਸਫਰ ਅਰੰਭਿਆ ਅਤੇ ਇਹੀ ਸਿਰੜ ਉਸ ਨੂੰ ਅੱਜ ਇੱਕ ਨਾਮਵਰ ਪੁਲਾੜ ਯਾਤਰੀ ਵਜੋਂ ਸਥਾਪਤ ਹੋਣ ਤੱਕ ਲੈ ਆਇਆ। ਸੁਨੀਤਾ ਨੂੰ ਕਈ ਮਹੱਤਵਪੂਰਨ ਮਿਸ਼ਨਾਂ ਲਈ ਨਿਯੁਕਤ ਕੀਤਾ ਗਿਆ ਸੀ, ਜਿਸ ਵਿੱਚ ‘ਆਪ੍ਰੇਸ਼ਨ ਡੇਜ਼ਰਟ ਸ਼ੀਲਡ’ ਅਤੇ ‘ਆਪ੍ਰੇਸ਼ਨ ਪ੍ਰੋਵਾਈਡ ਕੰਫਰਟ’ ਦੌਰਾਨ ਮੈਡੀਟੇਰੀਅਨ ਸਾਗਰ, ਲਾਲ ਸਾਗਰ ਦੇ ਆਪ੍ਰੇਸ਼ਨ ਵੀ ਸ਼ਾਮਲ ਸਨ। ਵਿਲੀਅਮਜ਼ ਨੇ ਆਫ਼ਤਾ ਸਬੰਧੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਉਪਰੰਤ ਸੰਨ 1992 ਵਿੱਚ ਸੁਨੀਤਾ ਨੇ ਫਲੋਰੀਡਾ ਵਿੱਚ ਹਰੀਕੇਨ ਐਂਡਰਿਊ ਦੌਰਾਨ ਰਾਹਤ ਕਾਰਜਾਂ ਵਿੱਚ ਮਦਦ ਕੀਤੀ। ਬਾਅਦ ਵਿੱਚ ਉਹ ਯੂਐਸ ਨੇਵਲ ਟੈਸਟ ਪਾਇਲਟ ਸਕੂਲ ਵਿੱਚ ਇੱਕ ਟੈਸਟ ਪਾਇਲਟ ਅਤੇ ਇੰਸਟਰਕਟਰ ਬਣ ਗਈ। ਆਪਣੇ ਜਲ ਸੈਨਾ ਦੇ ਕਰੀਅਰ ਦੌਰਾਨ, ਉਨਾਂ ਨੇ 30 ਤੋਂ ਵੱਧ ਵੱਖ-ਵੱਖ ਜਹਾਜ਼ਾਂ ਵਿੱਚ 3,000 ਘੰਟੇ ਤੋਂ ਵੱਧ ਉਡਾਣ ਭਰੀ।

ਜਦੋਂ ਸੁਨੀਤਾ ਨੇ 1998 ਵਿੱਚ ਜੌਹਨਸਨ ਸਪੇਸ ਸੈਂਟਰ ਤੋਂ ਇੱਕ ਪੁਲਾੜ ਯਾਤਰੀ ਵਜੋਂ ਆਪਣੀ ਸਿਖਲਾਈ ਸ਼ੁਰੂ ਕੀਤੀ ਓਸ ਵੇਲੇ ਔਰਤਾਂ ਦਾ ਇਸ ਖੇਤਰ ਵਿੱਚ ਮੂਹਰਲੀ ਕਤਾਰ ਦਾ ਜ਼ਿਆਦਾ ਯੋਗਦਾਨ ਨਜ਼ਰ ਨਹੀਂ ਸੀ ਆਉਂਦਾ। ਉਹ ਫਲੋਰੀਡਾ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ 1998 ਵਿੱਚ ‘ਨਾਸਾ’ ਦੇ ਪੁਲਾੜ ਯਾਤਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ। ਸੁਨੀਤਾ ਵਿਲਿਅਮਜ਼ ਕਈ ਪੁਲਾੜ ਮਿਸ਼ਨਾਂ ਦਾ ਹਿੱਸਾ ਸੀ ਅਤੇ ਉਨਾਂ ਨੇ ਇੱਕ ਔਰਤ ਦੁਆਰਾ ਸਭ ਤੋਂ ਵੱਧ ਸਪੇਸਵਾਕ ਦਾ ਰਿਕਾਰਡ ਸਥਾਪਤ ਕੀਤਾ। ਸੁਨੀਤਾ ਵਿਲਿਅਮਜ਼ ਨੇ ਸਾਲ 2006 ਅਤੇ 2012 ਵਿੱਚ ਦੋ ਮਿਸ਼ਨਾਂ ਵਿੱਚ ਕੁੱਲ 322 ਦਿਨ ਪੁਲਾੜ ਵਿੱਚ ਬਿਤਾਏ ਸਨ। ਕਲਪਨਾ ਚਾਵਲਾ ਤੋਂ ਬਾਅਦ, ਉਹ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਰਾਹੀਂ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਦੂਜੀ ਮਹਿਲਾ ਹੈ। ਸੁਨੀਤਾ ਵਿਲੀਅਮਜ਼ ਨੇ ਜਦੋਂ 1993 ਵਿੱਚ ਨੇਵਲ ਟੈਸਟ ਪਾਇਲਟ ਦੀ ਭੂਮਿਕਾ ਨਿਭਾਈ ਸੀ, ਜਿੱਥੇ ਉਸ ਨੇ 30 ਕਿਸਮਾਂ ਦੇ ਹਵਾਈ ਜਹਾਜ਼ਾਂ ਨੂੰ ਉਡਾਇਆ ਅਤੇ 2,770 ਤੋਂ ਵੱਧ ਉਡਾਣਾਂ ਭਰੀਆਂ, ਨਿਸ਼ਚਤ ਤੌਰ ਉੱਤੇ ਓਹ ਤਜਰਬਾ ਵੀ ਉਸ ਦੇ ਕੰਮ ਆਇਆ ਹੋਵੇਗਾ। ਰੂਸੀ ਸੰਘੀ ਪੁਲਾੜ ਏਜੰਸੀ (ਰੋਸਕੋਸਮੌਸ) ਦੇ ਨਾਲ ਮਾਸਕੋ ਵਿੱਚ ਬਾਅਦ ਦੀ ਸਿਖਲਾਈ ਨੇ ਪੁਲਾੜ ਖੋਜ ਵਿੱਚ ਉਸ ਦੇ ਉੱਜਲ ਭਵਿੱਖ ਲਈ ਪੜਾਅ ਤੈਅ ਕੀਤਾ।

ਵਿਲੀਅਮਜ਼ ਦੀ ਪੁਲਾੜ ਵਿੱਚ ਪਹਿਲੀ ਇਤਿਹਾਸਕ ਯਾਤਰਾ 9 ਦਸੰਬਰ, 2006 ਨੂੰ ਸਪੇਸ ਸ਼ਟਲ ਡਿਸਕਵਰੀ ਵਿੱਚ ਐਸ.ਟੀ.ਐਸ-116 ਮਿਸ਼ਨ ਨਾਲ ਸ਼ੁਰੂ ਹੋਈ। ਮਿਸ਼ਨ 14 ਅਤੇ 15 ਲਈ ਫਲਾਈਟ ਇੰਜੀਨੀਅਰ ਵਜੋਂ ਉਸ ਨੇ ਕਈ ਰਿਕਾਰਡ ਬਣਾਏ। 5 ਜੁਲਾਈ, 2012 ਨੂੰ ਵਿਲੀਅਮਜ਼ ਨੇ ਸੋਯੂਜ਼ ’ਤੇ ਆਪਣਾ ਦੂਜਾ ਪੁਲਾੜ ਮਿਸ਼ਨ ਲਾਂਚ ਕੀਤਾ। ਐਕਸਪੀਡੀਸ਼ਨ 32 ਲਈ ਫਲਾਈਟ ਇੰਜੀਨੀਅਰ ਅਤੇ ਬਾਅਦ ਵਿੱਚ ਐਕਸਪੀਡੀਸ਼ਨ 33 ਦੇ ਕਮਾਂਡਰ ਵਜੋਂ ਕੰਮ ਕੀਤਾ। ਸਾਲ 2015 ਵਿੱਚ ਸੁਨੀਤਾ ਵਿਲੀਅਮਜ਼ ਨੂੰ ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਲਈ ਪੁਲਾੜ ਯਾਤਰੀਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਆਈ.ਐਸ.ਐਸ ਮਿਸ਼ਨਾਂ ਲਈ ਨਿੱਜੀ ਪੁਲਾੜ ਯਾਨ ਨੂੰ ਅੱਗੇ ਵਧਾਉਣਾ ਸੀ। ਸੁਨੀਤਾ ਨੇ ਇਸ ਸਾਲ 2024 ਵਿੱਚ ਬੋਇੰਗ ਦੇ ਸੀ.ਐਸ.ਟੀ-100 ਸਟਾਰਲਾਈਨਰ ਦੀ ਪਹਿਲੀ ਚਾਲਕ ਦਲ ਦੀ ਟੈਸਟ ਉਡਾਣ ਦਾ ਪਾਇਲਟ ਕੀਤਾ। ਥਰਸਟਰ ਫੇਲ ਹੋਣ ਅਤੇ ਹੀਲੀਅਮ ਲੀਕ ਵਰਗੇ ਤਕਨੀਕੀ ਮੁੱਦਿਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਉਸ ਨੇ ਬੋਇੰਗ ਨੂੰ ਆਈ.ਐਸ.ਐਸ ਤੱਕ ਪਹੁੰਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ।

ਇਸ ਉਪਰੰਤ ਹੁਣ ਤੱਕ ਦੇ ਸਭ ਤੋਂ ਵੱਡੇ ਮਿਸ਼ਨ ਤਹਿਤ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਜੂਨ 2024 ਵਿਚ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ’ਤੇ ਰਵਾਨਾ ਹੋਏ ਸਨ। ਉਹ ਇਸ ਮਿਸ਼ਨ ’ਤੇ ਵੈਸੇ ਤਾਂ 10 ਦਿਨਾਂ ਲਈ ਗਏ ਸੀ, ਪਰ ਇਸ ਦੌਰਾਨ ਉਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜ਼ੋਖ਼ਮ ਦੇ ਕਾਰਨ ਉਨਾਂ ਨੂੰ ਤੁਰੰਤ ਵਾਪਸ ਨਹੀਂ ਲਿਆਂਦਾ ਜਾ ਸਕਿਆ। ਸੁਨੀਤਾ ਵਿਲੀਅਮਜ਼ ਅਤੇ ਉਨਾਂ ਦੇ ਸਾਥੀ ਬੁੱਚ ਵਿਲਮੋਰ ਕਈ ਮਹੀਨਿਆਂ ਤੱਕ ਪੁਲਾੜ ਵਿਚ ਫਸੇ ਰਹੇ ਪਰ ਉਨਾਂ ਆਪਣਾ ਜਜ਼ਬਾ ਬਰਕਰਾਰ ਰੱਖਿਆ। ਕਈ ਕੋਸ਼ਿਸ਼ਾਂ ਤੋਂ ਬਾਅਦ, ਆਖਰਕਾਰ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਧਰਤੀ ’ਤੇ ਪਰਤ ਆਏ। ਸਾਰੇ ਪੁਲਾੜ ਯਾਤਰੀਆਂ ਨੇ ਧਰਤੀ ’ਤੇ ਸਫਲ ਲੈਂਡਿੰਗ ਕੀਤੀ ਸੀ ਅਤੇ ਆਉਂਦੇ ਸਾਰ ਪੂਰੀ ਟੀਮ ਦੀ ਮੈਡੀਕਲ ਜਾਂਚ ਕੀਤੀ ਗਈ। ਨਾਸਾ ਨੇ ਪ੍ਰੈੱਸ ਕਾਨਫਰੰਸ ’ਚ ਪੂਰੇ ਮਿਸ਼ਨ ਨੂੰ ਸਫ਼ਲ ਕਰਾਰ ਦਿੱਤਾ ਸੀ। ਨਾਸਾ ਨੇ ਕਿਹਾ ਸੀ ਕਿ ਸਭ ਯੋਜਨਾ ਦੇ ਮੁਤਾਬਕ ਹੋਇਆ ਅਤੇ ਸਾਰੇ ਪੁਲਾੜ ਯਾਤਰੀ ਪੂਰੀ ਤਰਾਂ ਸੁਰੱਖਿਅਤ ਸਨ। ਇਹ ਚਾਰੇ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸ ਦਾ ਤਾਪਮਾਨ ਵੱਧ ਗਿਆ ਸੀ ਅਤੇ ਇਸ ਦੌਰਾਨ ਕਰੀਬ 7 ਮਿੰਟ ਤੱਕ ਸੰਚਾਰ ਬਲੈਕਆਊਟ ਰਿਹਾ ਭਾਵ ਪੁਲਾੜਯਾਨ ਨਾਲ ਕੋਈ ਸੰਪਰਕ ਨਹੀਂ ਸੀ ਹੋਇਆ ਅਤੇ ਇਸ ਦਰਮਿਆਨ ਚਿੰਤਾ ਦਾ ਆਲਮ ਬਣ ਗਿਆ ਸੀ। ਕੈਪਸੂਲ ਖੋਲਣ ਤੋਂ ਬਾਅਦ, ਪੁਲਾੜ ਯਾਤਰੀਆਂ ਨੂੰ ਸਟਰੈਚਰ ’ਤੇ ਬਾਹਰ ਕੱਢਿਆ ਗਿਆ ਸੀ ਹਾਲਾਂਕਿ ਉਹ ਬਿਮਾਰ ਜਾਂ ਜ਼ਖ਼ਮੀ ਨਹੀਂ ਸਨ।

ਸੁਨੀਤਾ ਵਿਲੀਅਮਜ਼ ਦੀ ਪੁਲਾੜ ਯਾਤਰਾ ਉਤਸ਼ਾਹੀ ਪੁਲਾੜ ਯਾਤਰੀਆਂ ਅਤੇ ਪੁਲਾੜ ਪ੍ਰੇਮੀਆਂ ਲਈ ਪ੍ਰੇਰਨਾ ਦਾ ਇੱਕ ਚਾਨਣ ਭਰਪੂਰ ਸਰੋਤ ਬਣਦੀ ਹੈ। ਉਸ ਦੀਆਂ ਪ੍ਰਾਪਤੀਆਂ, ਰਿਕਾਰਡ ਅਤੇ ਸਮਰਪਣ ਤਕਨੀਕੀ ਖੇਤਰਾਂ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹਨ, ਜੋ ਆਉਣ ਵਾਲੀਆਂ ਪੀੜੀਆਂ ਲਈ ਇੱਕ ਮਹੱਤਵਪੂਰਨ ਵਿਰਾਸਤ ਬਣਨਗੀਆਂ। ਜਿੱਥੇ ਦੁਨੀਆਂ ਦੇ ਹਰੇਕ ਖੇਤਰ ਵਿੱਚ ਔਰਤਾਂ ਲਗਾਤਾਰ ਅੱਗੇ ਵੱਧ ਰਹੀਆਂ ਹਨ ਉਥੇ ਹੀ ਪੁਲਾੜ ਦੀ ਜੋਖਮ ਭਰਪੂਰ ਯਾਤਰਾ ਕਰਨ ਸਬੰਧੀ ਵੀ ਹੁਣ ਔਰਤਾਂ ਨੂੰ ਜੇਕਰ ਉਤਸ਼ਾਹ ਮਿਲਿਆ ਹੈ ਤਾਂ ਉਸ ਪਿੱਛੇ ਸੁਨੀਤਾ ਵਿਲੀਅਮਜ਼ ਦੀ ਲੰਮੀ ਘਾਲਣਾ ਇੱਕ ਵੱਡਾ ਕਾਰਨ ਬਣਦੀ ਹੈ ਜਿਸ ਨੇ ਔਰਤਾਂ ਲਈ ਇਸ ਖੇਤਰ ਦੇ ਬੂਹੇ ਖੋਲੇ ਹਨ। ਤੇਜ਼ੀ ਨਾਲ ਲਗਾਤਾਰ ਬਦਲਦੇ ਅਤੇ ਬਿਹਤਰ ਹੋ ਰਹੇ ਪੁਲਾੜ ਯਾਨ ਅਤੇ ਨਵੀਆਂ ਚੰਦਰਮਾ ਦੀਆਂ ਇੱਛਾਵਾਂ ਦੇ ਯੁੱਗ ਵਿੱਚ, ਸੁਨੀਤਾ ਵਿਲੀਅਮਜ਼ ਇੱਕ ਸਥਿਰ ਪੇਸ਼ੇਵਰ ਦੇ ਪ੍ਰਤੀਕ ਵਜੋਂ ਖੜਾ ਇੱਕ ਨਾਂਅ ਹੈ ਜੋ ਮਿਸ਼ਨਾਂ ਨੂੰ ਅੱਗੇ ਵਧਾਉਂਦਾ ਰਿਹਾ, ਅਗਲੀ ਪੀੜੀ ਨੂੰ ਪ੍ਰੇਰਿਤ ਕਰਦਾ ਰਿਹਾ ਹੈ ਖਾਸ ਕਰਕੇ ਨੌਜਵਾਨ ਔਰਤਾਂ ਅਤੇ ਭਾਰਤੀ ਪ੍ਰਵਾਸੀਆਂ ਨੂੰ। ਸੁਨੀਤਾ ਵਿਲੀਅਮਜ਼ ਦਾ ਸਫਰ ਇਸ ਗੱਲ ਦਾ ਪ੍ਰਮਾਣ ਹੈ ਕਿ ਉਨਾਂ ਨੇ ਇੱਕ ਅਜਿਹੀ ਪੁਲਾੜ ਯਾਤਰੀ ਵਜੋਂ ਕੰਮ ਕੀਤਾ ਜਿਸ ਨੇ ਸਿਰਫ਼ ਪੁਲਾੜ ਦੀ ਯਾਤਰਾ ਹੀ ਨਹੀਂ ਕੀਤੀ, ਸਗੋਂ ਇਸ ਦਾ ਵਿਸਥਾਰ ਵੀ ਕੀਤਾ ਜੋ ਹੋਰਨਾਂ ਲਈ ਇਸ ਬੰਨੇ ਮਾਰਗਦਰਸ਼ਨ ਦਾ ਜ਼ਰੀਆ ਬਣੇਗਾ।

Read News Paper

Related articles

spot_img

Recent articles

spot_img