11 C
New York

ਤੂਫਾਨ (ਕਹਾਣੀ)

Published:

Rate this post

ਸ਼ਾਂਤ ਮਹਾਂ ਸਾਗਰ ਦੇ ਅੰਦਰ ਇੱਕ ਉਜਾੜ ਟਾਪੂ ਨੂੰ ਸਾਹੋ ਬੁੱਢੀ ਚੁੜੇਲ ਨੇ ਆਪਣੇ ਕਬਜੇ ਵਿੱਚ ਕੀਤਾ ਹੋਇਆ ਸੀ। ਉਸ ਚੁੜੇਲ ਦੇ ਮਰ ਜਾਣ ਮਗਰੋਂ ਉੱਥੇ ਦੋ ਪੁਰਸ਼ ਇੱਕ ਸਫੈਦ ਦਾੜ੍ਹੀਆ ਮਹਾਤਮਾ ਪ੍ਰਹਿਲਾਦ ਤੇ ਦੂਜੀ ਉਸ ਦੀ ਤਿੰਨ ਚਾਰ ਵਰ੍ਹਿਆਂ ਦੀ ਬਾਲ-ਕੁੜੀ ਮੋਹਿਨੀ ਆ ਕੇ ਵਸਨੀਕ ਹੋਏ। ਪ੍ਰਹਿਲਾਦ ਪਹਲੇ ਦਰਜੇ ਦਾ ਹਿੰਮਤੀ ਤੇ ਉਦਮੀ ਸੀ। ਭਾਵੇਂ ਉਹ ਉਮਰੋਂ ਤਾਂ ਪਕੇਰਾ ਹੀ ਸੀ, ਪਰ ਫਿਰ ਭੀ ਘਰ ਬਾਰ ਦਾ ਸਾਰਾ ਕੰਮ ਚੰਗੀ ਤਰ੍ਹਾਂ ਨਜਿੱਠਦਾ ਸੀ, ਉਸ ਦੇ ਚਿਹਰੇ ਤੋਂ ਸਦਾ ਖੁਸ਼ੀ ਦੇ ਚਿੰਨ੍ਹ ਪ੍ਰਗਟ ਹੁੰਦੇ ਸਨ। ਕਰੜੀ ਤੋਂ ਕਰੜੀ ਮੁਸੱਕਤ ਕਰਦਿਆਂ ਹੋਇਆਂ ਭੀ ਘਬਰਾਂਦਾ ਨਹੀਂ ਸੀ। ਉਸ ਦੀਆਂ ਮੋਟੀਆਂ ਮੋਟੀਆਂ ਪਰ ਹਿਸੀਆਂ ਹੋਈਆਂ ਅੱਖੀਆਂ ਤੋਂ ਉਦਾਸੀ ਝਲਕਦੀ ਸੀ, ਭਾਵੇਂ ਉਹ ਉਸ ਨੂੰ ਛੁਪਾਉਣ ਦੀ ਵਾਹ ਲਗਦਾ ਟਿੱਲ ਲਾ ਰਿਹਾ ਸੀ। ਕਦੀ ਕਦੀ ਉਸ ਦੀ ਕੁਟੀਆ ਵਿੱਚੋਂ ਇਹ ਗੀਤ ਇੱਕ ਭਰਵੀਂ ਜਿਹੀ ਆਵਾਜ਼ ਨਾਲ ਨਿਕਲਦਾ ਤੇ ਗੂੰਜਦਾ ਹੋਇਆ ਲਾਗੇ ਦੇ ਰੁੱਖਾਂ ਥਾਣੀਂ ਡੂੰਘੀਆਂ ਸਾਮਾਂ ਵਿੱਚ ਅਲੋਪ ਹੋ ਜਾਂਦਾ। ਨਿੱਘਰ ਗਈ ਮੇਰੇ ਦਿਲ ਦੀ ਵਸਤੀ। ਉਜੜ ਗਏ ਮੇਰੇ ਦਿਲ ਦੇ ਖੇੜੇ। ਰੌ ਵਤਨਾਂ ਦੀ ਪਰ ਨ ਰੁਮਕੀ, ਰੁਮਕ ਗਏ ਸਭ ਸਾਕ ਅੰਮੇੜੇ। ਨਾ ਦਿਸਿਆ ਮੁੜ ਵਤਨ ਪਿਆਰਾ। ਨਾ ਆਈ ਫਿਰ, ਵਾ ਵਤਨਾਂ ਦੀ। ਤੜਫ ਰਿਹਾ ਮੇਰਾ ਜੀਓ ਵਿਚਾਰਾ, ਹਾਏ! ਨਿਹਫਲ ਮੇਰੀ ਜਿੰਦੜੀ ਜਾਂਦੀ। ਮੋਹਿਨੀ ਹੀ ਪ੍ਰਹਿਲਾਦ ਦੇ ਉਜੜੇ ਹੋਏ ਦਿਲ ਦੀ ਨਿਸ਼ਾਨੀ ਤੇ ਜੀਵਨ ਦਾ ਸਹਾਰਾ ਸੀ। ਸੱਚ ਪੁੱਛੋ ਤਾਂ ਮੋਹਿਨੀ ਹੀ ਉਸ ਦੇ ਸੁੱਕੇ ਹੋਏ ਪਿੰਜ਼ਰ ਵਿੱਚ ਜਾਨ ਸੀ। ਪ੍ਰਹਿਲਾਦ ਦੀ ਕੁੱਲੀ ਦੇ ਲਾਗੇ ਹੀ ਇੱਕ ਘਣੀ ਰੱਖ ਵਿੱਚ ਇੱਕ ਹੋਰ ਜੀਵ ਰਹਿੰਦਾ ਸੀ, ਜਿਹੜਾ ਸਦਾਉਂਦਾ ਤੇ ਆਪਣੇ ਆਪ ਨੂੰ ਮਨੁੱਖ ਹੀ ਸੀ, ਪਰ ਇਹੋ ਜਹੇ ਕਰੂਪ ਤੇ ਡਰਾਉਣੇ ਭੂਤ ਨੂੰ ਮਨੁੱਖ ਸੱਦਣਾ ਮਨੁੱਖ ਜਾਤੀ ਦੀ ਹੇਠੀ ਹੈ। ਇਸ ਦਾ ਨਾਉਂ ਕਾਲਾ ਸੀ ਤੇ ਇਹ ਉਸੇ ਬੁੱਢੀ ਚੁੜੇਲ ਦਾ ਪੁੱਤਰ ਸੀ ਜੋ ਪ੍ਰਹਿਲਾਦ ਦੇ ਇਸ ਟਾਪੂ ਵਿੱਚ ਪੁਜਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ। ਇੱਕ ਰੋਜ਼ ਪ੍ਰਹਿਲਾਦ ਦੀ ਨਜਰ ਉਸ ਤੇ ਪਈ ਤੇ ਉਹ ਉਸ ਨੂੰ ਘਰ ਲੈ ਆਏ ਤੇ ਉਸ ਨੂੰ ਪੜ੍ਹਾਉਣ ਦਾ ਬੜਾ ਜਤਨ ਕੀਤਾ, ਪਰ ਇਸ ਕੰਮ ਵਿੱਚ ਸਫਲਤਾ ਨਾ ਵੇਖ ਕੇ ਉਸ ਤੋਂ ਨੌਕਰਾਂ ਦਾ ਕੰਮ ਲੈਣ ਲੱਗ ਪਏ। ਸੱਚੀ ਗੱਲ ਤਾਂ ਇਹ ਹੈ ਕਿ ਉਹ ਲਾਇਕ ਭੀ ਨੌਕਰੀ ਚਾਕਰੀ ਦੇ ਹੀ ਸੀ। ਪ੍ਰਹਿਲਾਦ ਤੇ ਉਸ ਦੀ ਧੀ ਦੋਵੇਂ ਹੀ ਇੱਕ ਗੁਫਾ ਅੰਦਰ ਰਹਿੰਦੇ ਸਨ। ਪਿਤਾ ਦਾ ਬਹੁਤ ਸਾਰਾ ਸਮਾਂ ਜਾਦੂ-ਗਰੀ ਦੀਆਂ ਕਿਤਾਬਾਂ ਦੇ ਪੜ੍ਹਨ ਵਿੱਚ ਬੀਤਦਾ ਸੀ ਅਤੇ ਇਹ ਵਿਦਿਆ ਉਸ ਟਾਪੂ ਵਿੱਚ ਉਸ ਦੇ ਚੰਗੇ ਕੰਮ ਆਈ। ਇਸ ਦੇ ਤੁਫੈਲ ਹੀ ਉਸ ਨੇ ਬਹੁਤ ਸਾਰੇ ਉਨ੍ਹਾਂ ਸੂਖਮ ਜੀਵਾਂ ਦੀ ਬੰਦ-ਖਲਾਸੀ ਕੀਤੀ, ਜਿਨ੍ਹਾਂ ਨੂੰ ਉਸ ਦੇ ਉੱਥੇ ਆਉਣ ਤੋਂ ਪਹਿਲਾਂ ਆਪਣੇ ਹੁਕਮਾਂ ਦੇ ਭੰਗ ਕਰਨ ਦੇ ਦੋਸ਼ ਵਿੱਚ ਸਾਹੋ ਨੇ ਬਿ੍ਰਛਾਂ ਦੇ ਮੁੱਢਾਂ ਵਿੱਚ ਕੈਦ ਕੀਤਾ ਹੋਇਆ ਸੀ। ਉਸ ਦੇ ਇਸ ਪਰਉਪਕਾਰ ਦੇ ਕਾਰਨ ਉਹ ਸਾਰੇ ਜੀਵ ਇਸ ਦੇ ਧੰਨਵਾਦੀ ਸਨ ਤੇ ਉਸ ਨਾਲ ਦਿਲੋਂ ਹਿੱਤ ਕਰਦੇ ਸਨ। ਇਨ੍ਹਾਂ ਸਾਰਿਆਂ ਦਾ ਸਰਦਾਰ ਅਰਬੇਲ ਸੀ, ਜਿਹੜਾ ਸਦਾ ਉਸ ਦੇ ਹੁਕਮ ਵਿੱਚ ਤਿਆਰ ਬਰ ਤਿਆਰ ਰਹਿੰਦਾ ਸੀ। ਇਸ ਜੀਵ ਵਿੱਚ ਦੂਜਿਆਂ ਤੋਂ ਲੋਪ ਹੋ ਕੇ ਹਵਾ ਵਿੱਚ ਉਡਣ ਦੀ ਸ਼ਕਤੀ ਤੋਂ ਸ਼ਿਵਾ ਬਹੁਤੇਰੇ ਹੋਰ ਭੀ ਗੁਣ ਸਨ। ਜਦੋਂ ਉਹ ਚਾਹੁੰਦਾ ਕਿਤਨੇ ਹੀ ਰੂਪ ਵਟਾ ਲੈਂਦਾ ਤੇ ਕਿਸੇ ਨੂੰ ਪਤਾ ਹੀ ਨਾ ਲਗਦਾ ਕਿ ਉਹ ਕੌਣ ਹੈ। ਜਦ ਕਦੇ ਕਾਲਾ ਪ੍ਰਹਿਲਾਦ ਦੇ ਕੰਮ ਵਿੱਚ ਢਿੱਲ ਮੱਠ ਕਰਦਾ ਤਾਂ ਉਸ ਦੀ ਖਬਰ ਲੈਣ ਲਈ ਅਰਬੇਲ ਨੂੰ ਹੀ ਭੇਜਿਆ ਜਾਂਦਾ ਹੈ। ਜੇ ਸੁਖਾਂ ਦੇ ਦਿਨ ਸਦਾ ਨਹੀਂ ਰਹਿੰਦੇ ਤਾਂ ਦੁਖਾਂ ਦੇ ਦਿਨ ਭੀ ਗੁਜਰ ਜਾਂਦੇ ਹਨ। ਏਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ। ਪ੍ਰਹਿਲਾਦ ਭਾਵੇਂ ਇਕੱਲਾ ਹੀ ਸੀ, ਪਰ ਫਿਰ ਭੀ ਅੱਗੇ ਨਾਲੋਂ ਵਧੇਰੇ ਕੰਮ ਕਰਦਾ ਤੇ ਦਿਨ ਕਟੀ ਕਰਦਾ ਰਿਹਾ। ਮੋਹਿਨੀ ਪੂਰੇ ਸੋਲ੍ਹਾਂ ਵਰ੍ਹਿਆਂ ਦੀ ਹੋ ਚੁੱਕੀ ਸੀ। ਯਾਰਾਂ ਵਰ੍ਹੇ ਪ੍ਰਹਿਲਾਦ ਦੇ ਸਾਂਤ ਚਿੱਤ ਹੋਣ ਦੇ ਕਾਰਨ ਲੰਘਦੇ ਨਜ਼ਰ ਨਾ ਆਏ। ਇੱਕ ਦਿਨ ਬੁੱਢਾ ਪ੍ਰਹਿਲਾਦ ਸਮੁੰਦਰ ਦੇ ਕੰਢੇ ਬੈਠਾ ਹੋਇਆ ਧਰਤੀ ਤੇ ਕੋਈ ਜਾਦੂਗਰੀ ਦੇ ਚਿਤ੍ਰ ਲੀਕ ਰਿਹਾ ਸੀ। ਮੋਹਿਨੀ ਨਾਲ ਦੇ ਇੱਕ ਵੱਡੇ ਸਾਰੇ, ਕਾਲੇ ਜਹੇ ਪੱਥਰ ਤੇ ਬੈਠੀ ਪਿਤਾ ਵਲ ਨੀਝ ਲਾ ਕੇ ਤੱਕ ਰਹੀ ਸੀ। ਪੌਣ ਦੇ ਇੱਕੋ ਫਰਾਟੇ ਨੇ ਉਸ ਦੇ ਸਿਰ ਤੋਂ ਪੱਲੇ ਦੀ ਕੰਨੀ ਖਿਸਕਾ ਦਿੱਤੀ, ਪਰ ਮੋਹਨੀ ਨੂੰ ਕੁੱਝ ਪਤਾ ਨਾ ਲੱਗਾ, ਉਹ ਧਰਤੀ ਵਾਲੇ ਚਿਤ੍ਰ ਨੂੰ ਧਿਆਨ ਨਾਲ ਵੇਖ ਰਹੀ ਸੀ। ਸਮੁੰਦਰ ਵਿੱਚ ਜ਼ੋਰ ਦਾ ਤੂਫਾਨ ਵਗ ਰਿਹਾ ਸੀ; ਪਾਣੀ ਦੀਆਂ ਲਹਿਰਾਂ ਉੱਚੀਆਂ ਉੱਚੀਆਂ ਉਠ ਕੇ ਸਮੁੰਦਰ ਦੇ ਪਾਣੀ ਨੂੰ ਝੱਗੋ ਝੱਗ ਕਰ ਰਹੀਆਂ ਸਨ। ਇਸ ਭਿਆਨਕ ਸਮੇਂ ਅਚਾਨਕ ਹੀ ਲਹਿਰਾਂ ਦੇ ਵਿਚਕਾਰ ਇੱਕ ਜਹਾਜ਼ ਨੂੰ ਡੱਕੋ ਡੋਲੇ ਖਾਂਦਿਆਂ ਵੇਖ ਕੇ ਮੋਹਿਨੀ ਦਾ ਦਿਲ ਕੰਬ ਉਠਿਆ। ਉਹ ਤ੍ਰਬਕ ਉੱਠੀ ਤੇ ਕੰਬਦੀ ਹੋਈ ਆਵਾਜ਼ ਨਾਲ ਆਖਣ ਲੱਗੀ,- ‘‘ਹੇ ਪਿਤਾ ਜੀਓ! ਆਪਣੀ ਵਿਦਿਆ ਦੀ ਸ਼ਕਤੀ ਨਾਲ ਕਿਰਪਾ ਕਰਕੇ ਇਸ ਤੂਫਾਨ ਨੂੰ ਬੰਦ ਕਰੋ ਤੇ ਉਸ ਜਹਾਜ਼ ਦੇ ਬੰਦਿਆਂ ਨੂੰ ਬਚਾ ਲਵੋ! ਮੈਨੂੰ ਉਨ੍ਹਾਂ ਤੇ ਡਾਢਾ ਤਰਸ ਆਉਂਦਾ ਹੈ। ਪਿਤਾ ਜੀ ! ਮੇਰੇ ਚੰਗੇ ਪਿਤਾ ਜੀ!’’ ਮੋਹਿਨੀ ਦੇ ਭੋਲੇਪਣ ਨੂੰ ਵੇਖ ਕੇ ਬੁੱਢਾ ਕੁੱਝ ਖਿੜਿਆ ਤੇ ਇਕ ਉਦਾਸ ਹਾਸਾ ਹੱਸਿਆ। ਮੋਹਿਨੀ ਦਾ ਸਿਰ ਚੁਮ ਕੇ ਬੋਲਿਆ,- ‘‘ਪੁਤ੍ਰੀ! ਨਿਸਚੇ ਰੱਖ, ਘਬਰਾਉਣ ਦੀ ਲੋੜ ਨਹੀਂ ਰਬ ਭਲੀ ਕਰੇਗਾ। ਮੇਰੀ ਸਮਝ ਵਿੱਚ ਹੁਣ ਉਹ ਸਮਾਂ ਆ ਗਿਆ ਹੈ ਕਿ ਮੈਂ ਤੈਨੂੰ ਦਸਾਂ ਜੋ ਕਿਵੇਂ ਯਾਰਾਂ ਵਰ੍ਹੇ ਹੋਏ ਮੈਂ ਤੇ ਤੂੰ ਇਸ ਟਾਪੂ ਵਿੱਚ ਪੁੱਜੇ ਸਾਂ।’’ ਮੋਹਿਨੀ ਉਸੇ ਪੱਥਰ ਪੁਰ ਬੈਠ ਗਈ ਤੇ ਵੱਡੇ ਧਿਆਨ ਨਾਲ ਪਿਤਾ ਦੀ ਵਾਰਤਾ ਸੁਣਨ ਲਗੀ। ‘‘ਪੁਤ੍ਰੀ! ਬਾਰਾਂ ਵਰ੍ਹੇ ਬੀਤੇ ਹਨ, ਜਦੋਂ ਮੈਂ ਮਾਹੀ ਪੁਰ ਦੇਸ਼ ਦਾ ਰਾਜਾ ਸਾਂ ਤੇ ਲੱਖਾਂ ਬੰਦੇ ਮੇਰੀ ਪਰਜਾ ਸਨ, ਪਰੰਤੂ ਮੇਰੀ ਰੁਚੀ ਜਾਦੂ ਦੀ ਵਿਦਿਆ ਵਲ ਵਧੇਰੇ ਸੀ। ਇਸੇ ਲਈ ਰਾਜ ਦਾ ਸਾਰਾ ਕੰਮ ਮੈਂ ਆਪਣੇ ਨਿਕੇ ਭਰਾ ਅਨੰਤ ਦੇ ਹਵਾਲੇ ਕੀਤਾ ਹੋਇਆ ਸੀ। ਉਫ! ਅਨੰਤ ਨੇ ਮੇਰੇ ਨਾਲ ਧਰੋਹ ਕੀਤਾ ਤੇ ਆਪ ਤਖ਼ਤ ਲੈਣ ਦੀਆਂ ਗੋਂਦਾਂ ਗੁੰਦਣ ਲਗਾ। ਗਵਾਂਢੀ ਦੇਸ਼ ਨੀਲਾ ਬਾਦ ਦੇ ਰਾਜੇ ਅਰਜਨ ਤੋਂ ਸਹਾਇਤਾ ਲੈ ਕੇ ਇੱਕ ਹਨੇਰੀ ਰਾਤ ਨੂੰ ਵੈਰੀਆਂ ਨੇ ਮੈਨੂੰ ਤੇ ਤੈਨੂੰ ਇੱਕ ਟੁੱਟੀ ਫੁੱਟੀ ਬੇੜੀ ਵਿੱਚ ਪਾ ਕੇ ਸਮੁੰਦਰ ਵਿੱਚ ਠੇਹਲ ਦੇਣ ਦਾ ਮਨਸੂਬਾ ਕੀਤਾ ਤਾਂ ਜੋ ਅਸੀਂ ਸਾਗਰ ਦੀ ਭੇਟ ਹੋ ਜਾਈਏ।’’ ਏਨਾ ਕਹਿ ਕੇ ਬੁੱਢੇ ਨੂੰ ਗਚ ਆ ਗਿਆ, ਕਿਸੇ ਪੁਰਾਣੀ ਯਾਦ ਨੇ ਦਿਲ ਨੂੰ ਠੀਸ ਲਈ। ਅੱਖੀਆਂ ਨੇ ਦੋ ਮੋਟੇ ੨ ਅਥਰੂ ਉਸ ਸੁਹਾਵੇ ਵਤਨ ਦੀ ਯਾਦ ਤੇ ਨਿਛਾਵਰ ਕਰ ਦਿੱਤੇ। ਅੱਖੀਆਂ ਮੀਟੀਆਂ ਗਈਆਂ ਤੇ ਕਿਸੇ ਅਰਸੀ ਤਾਕਤ ਨੇ ਪਿਆਰੇ ਵਤਨ ਦਾ ਸਾਰਾ ਨਕਸ਼ਾ ਅੱਖੀਆਂ ਅੱਗੇ ਪੇਸ਼ ਕਰ ਦਿੱਤਾ। ਪ੍ਰਹਿਲਾਦ ਇੱਕ ਵਾਰੀ ਫੇਰ ਕੰਬ ਉਠਿਆ ਤੇ ਇੱਕ ਲੰਮਾ ਸਾਹ ਲੈ ਬੋਲਿਆ, ‘‘ਅਰਜਨ ਦੇ ਇੱਕ ਵਜ਼ੀਰ ਗਨਪਤ ਦੇ ਜੁਮੇ ਏਹ ਕੰਮ ਲਗਾ ਪਰ ਉਸ ਨੇ ਤਰਸ ਖਾ ਕੇ ਬੇੜੀ ਵਿੱਚ ਕੁੱਝ ਰਸਦ ਪਾਣੀ, ਕਪੜੇ ਤੇ ਕੁੱਝ ਕੁ ਪੁਸਤਕ ਜਿਹੜੇ ਮੈਨੂੰ ਦੁਨੀਆਂ ਦੀਆਂ ਸਭ ਵਸਤਾਂ ਤੋਂ ਪਿਆਰੇ ਸਨ, ਰੱਖ ਦਿੱਤੇ। ਦੇਵਨੇਤ ਬੇੜੀ ਇਸ ਟਾਪੂ ਦੇ ਕੰਢੇ ਆ ਲਗੀ ਤੇ ਅਸੀਂ ਇਸ ਉਜ਼ਾੜ ਟਾਪੂ ਵਿੱਚ ਕਦਮ ਰਖੇ। ਇਸ ਗੱਲ ਨੂੰ ਬਾਰਾਂ ਸਾਲ ਹੋ ਗਏ ਹਨ ਤੇ ਉਸ ਦਿਨ ਤੋਂ ਮੈਂ ਤੇਰੇ ਪਾਲਣ ਪੋਸ਼ਣ ਤੇ ਪੜ੍ਹਾਉਣ ਦੇ ਕੰਮ ਵਿੱਚ ਲੱਗਾ ਹੋਇਆ ਹਾਂ ਤੇ ਉਨ੍ਹਾਂ ਪੁਸਤਕਾਂ ਦੀ ਸਹਾਇਤਾ ਨਾਲ ਜਿਹੜੀਆਂ ਇਸ ਵੇਲੇ ਮੇਰੇ ਕੋਲ ਹਨ, ਮੈਂ ਜਾਦੂ ਦੀ ਵਿਦਿਆ ਵਿੱਚ ਨਿਪੁੰਨ ਹੋ ਗਿਆ ਹਾਂ। ਹੁਣ ਉਹ ਬੰਦੇ ਜੋ ਉਸ ਡਕੇ ਡੋਲੇ ਖਾਂਦੇ ਜਹਾਜ ਵਿੱਚ ਹਨ, ਮੇਰੇ ਪੁਰਾਣੇ ਵੈਰੀ ਹਨ ਤੇ ਅੱਜ ਰੱਬ ਸਬੱਬੀ ਮੇਰੇ ਅੜਿਕੇ ਚੜ੍ਹੇ ਹਨ ਨੀਲਾ ਬਾਦ ਦੇ ਰਾਜੇ ਅਰਜਨ ਨੇ ਆਪਣੀ ਧੀ ਦਾ ਨਾਤਾ ਸਮੁੰਦਰੋਂ ਪਾਰ ਇੱਕ ਸਹਿਜਾਦੇ ਨਾਲ ਕੀਤਾ ਸੀ ਤੇ ਹੁਣ ਉਸ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਮੁੜ ਰਿਹਾ ਹੈ ਉਸ ਦੇ ਨਾਲ ਮੇਰਾ ਲੂਣ ਭਰਾ ਹਰਾਮੀ ਅਨੰਤ, ਸ਼ਿਵ ਦਿੱਤਾ, ਨੀਲਾ ਬਾਦ ਦਾ ਰਾਜ ਕੁਮਾਰ ਪਰਮਾ ਨੰਦ ਤੇ ਮੇਰੇ ਉਪਰ ਤਰਸ ਖਾਣ ਵਾਲਾ ਵਜ਼ੀਰ ਗਨਪਤ ਹਨ। ਮੈਂ ਹੀ ਆਪਣੀ ਵਿਦਿਆ ਦੀ ਸ਼ਕਤੀ ਨਾਲ ਸਮੁੰਦਰ ਵਿੱਚ ਤੂਫਾਨ ਖੜਾ ਕਰ ਕੇ ਇਸ ਜਹਾਜ਼ ਨੂੰ ਇਸ ਪਾਸੇ ਵਲ ਲਿਆਂਦਾ ਹੈ।’’ ਪ੍ਰਹਿਲਾਦ ਆਪਣੀ ਦਰਦ ਕਹਾਣੀ ਸੁਣਾਂਦਾ ਰਿਹਾ, ਪ੍ਰੰਤੂ ਮੋਹਿਨੀ ਦੀਆਂ ਅੱਖੀਆਂ ਲਹਿਰਾਂ ਦੇ ਥਪੜ ਖਾਂਦੇ ਜਹਾਜ਼ ਵਲ ਹੀ ਲਗੀਆਂ ਰਹੀਆਂ। ਭਾਵੇਂ ਇਹ ਤੂਫਾਨ ਪ੍ਰਹਿਲਾਦ ਨੇ ਆਪ ਹੀ ਲਿਆਂਦਾ ਸੀ, ਪਰ ਉਹ ਵੀ ਵੈਰੀਆਂ ਨੂੰ ਜਾਨੋਂ ਮੁਕਾਣਾ ਨਹੀਂ ਸੀ ਚਾਹੁੰਦਾ। ਉਸ ਦਾ ਭਾਵ ਇਹ ਸੀ ਜੋ ਵੈਰੀਆਂ ਨੂੰ ਆਪਣੀ ਕਰਤੂਤ ਚੇਤੇ ਆ ਜਾਏ, ਤੇ ਆਪਣੇ ਕੁਕਰਮ ਦੀ ਤੋਬਾ ਕਰਨ ਤੇ ਉਹ ਉਨ੍ਹਾਂ ਨੂੰ ਖਿਮਾ ਕਰ ਦੇਵੇ। ਇਸ ਨੂੰ ਸਿਰੇ ਚੜ੍ਹਾਨ ਲਈ ਜਿੱਨਾਂ ਦੇ ਸਰਦਾਰ ਅਰਬੇਲ ਨੂੰ ਉਸ ਨੇ ਨੀਯਤ ਕੀਤਾ ਸੀ ਤੇ ਉਸ ਨੇ ਹੀ ਤੂਫਾਨ ਤੇ ਹਨੇਰੀ ਵਗਾਈ ਸੀ। ਇੱਥੇ ਹੀ ਬਸ ਨਹੀਂ, ਮਾਲਕ ਦੇ ਹੁਕਮ ਅਨੁਸਾਰ ਉਸ ਨੇ ਜਹਾਜ਼ ਵਿੱਚ ਰਾਜੇ ਤੇ ਉਸ ਦੇ ਸਾਥੀਆਂ ਨੂੰ ਇਉਂ ਡਰਾਇਆ ਜੋ ਉਨ੍ਹਾਂ ਨੂੰ ਸਮੁੰਦਰ ਵਿੱਚ ਛਾਲਾਂ ਮਾਰਨੀਆਂ ਪਈਆਂ, ਪਰ ਇਸੇ ਅਰਬੇਲ ਦੇ ਸਦਕੇ ਉਹ ਅੱਡ ਅੱਡ ਥਾਵਾਂ ਤੇ ਕੰਢੇ ਜਾ ਲਗੇ ਤੇ ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋਇਆ। ਨੀਲਾ ਬਾਦ ਦਾ ਰਾਜ ਕੁਮਾਰ ਪਰਮਾਨੰਦ ਜਦ ਕੰਢੇ ਲਗਾ ਤਾਂ ਉਸ ਦੇ ਕੰਨਾਂ ਵਿੱਚ ਕਿਸੇ ਦੇ ਗੀਤ ਗਾਣ ਦੀ ਆਵਾਜ਼ ਪਈ। ਇੱਧਰ ਉੱਧਰ ਵੇਖਣ ਤੇ ਭੀ ਉਸ ਨੂੰ ਗਾਣ ਵਾਲੇ ਦਾ ਪਤਾ ਤਾਂ ਨਾ ਲਗਾ, ਪਰ ਮਿੱਠਾ ਮਿੱਠਾ ਰਾਗ ਸੁਣਾਈ ਦੇਂਦਾ ਹੀ ਰਿਹਾ। ਉਸੇ ਆਵਾਜ਼ ਦੇ ਪਿੱਛੇ ਪਿੱਛੇ ਟੁਰਦਿਆਂ ਉਹ ਉਸ ਥਾਂ ਤੇ ਪੁੱਜਾ, ਜਿੱਥੇ ਪ੍ਰਹਿਲਾਦ ਤੇ ਮੋਹਿਨੀ ਬੈਠੇ ਗਲਾਂ ਕਰਦੇ ਸਨ। ਛੁਪ ਕੇ ਉਸ ਪੱਥਰ ਦੇ ਪਿੱਛੇ ਬੈਠ ਗਿਆ, ਜਿਸ ਪੁਰ ਮੋਹਿਨੀ ਬੈਠੀ ਹੋਈ ਸੀ। ਡਾਢੇ ਧਿਆਨ ਨਾਲ ਮਿੱਠੇ ਤੇ ਦਿਲ-ਖਿਚਵੇਂ ਗੀਤ ਨੂੰ ਸੁਣਨ ਲਗਾ। ਆਵਾਜ਼ ਐਸੀ ਮਧੁਰ ਤੇ ਮਨਮੋਹਣੀ ਸੀ, ਜੋ ਪਰਮਾ ਨੰਦ ਵਜਦ ਵਿੱਚ ਆ ਗਿਆ। ਕੋਈ ਜਾਦੂ ਫਿਰ ਗਿਆ। ਪਰਮਾਨੰਦ ਨੇ ਸਾਰੀ ਉਮਰ ਵਿੱਚ ਇਹੋ ਜਿਹਾ ਪਰਮਾ ਅਨੰਦ ਨਹੀਂ ਲਿਆ, ਜੋ ਉਸਨੂੰ ਇੱਕ ਘੜੀ ਵਿੱਚ ਉਸ ਪ੍ਰੇਮ ਸਰੋਵਰ ਦੇ ਕੰਢੇ ਬਹਿ ਕੇ ਪ੍ਰਾਪਤ ਹੋਇਆ। ਆਵਾਜ਼ ਥੰਮੀ, ਪਰਮਾਨੰਦ ਤ੍ਰਬਕ ਉਠਿਆ, ਜਿਵੇਂ ਕੋਈ ਡੂੰਘੀ ਨੀਂਦ ਵਿੱਚੋਂ ਸਵਰਗ ਦੇ ਸੁਪਨੇ ਲੈਂਦਾ ਹੋਇਆ ਉੱਠਦਾ ਹੈ। ਫਿਰ ਅੱਖੀਆਂ ਮੀਟੀਆਂ ਪਰ ਕੋਈ ਆਵਾਜ਼ ਨਾ ਆਈ। ਚਕਿ੍ਰਤ ਹੋ ਕੇ ਉੱਠਿਆ ਤੇ ਮੋਹਿਨੀ ਦੀ ਨਜ਼ਰ ਅਚਾਨਕ ਪਰਮਾ ਨੰਦ ਤੇ ਆ ਪਈ ਦਿਲ ਵਿੱਚ ਇੱਕ ਡਾਢੀ ਚਸਕ ਉੱਠੀ ਸੂਲੀ ਵਾਗੂੰ ਸੀਨੇ ਵਿੱਚ ਖੁਭ ਗਈ। ਇੱਕ ਨਜ਼ਰ ਨੇ ਹਾਂ! ਹਾਂ! ਇੱਕੋ ਨਜ਼ਰ ਨੇ ਦਿਲ ਖੋਹ ਲੀਤਾ। ਦਿਲ ਦਿਲਾਂ ਦੇ ਸਾਖੀ ਹੁੰਦੇ ਹਨ। ਮੋਹਿਨੀ ਦੀ ਮਨ-ਮੋਹਿਨੀ ਸੂਰਤ ਨੇ ਪਰਮਾ ਨੰਦ ਦੇ ਦਿਲ ਉੱਤੇ ਵੀ ਜਾਦੂ ਦਾ ਅਸਰ ਕੀਤਾ ਅਤੇ ਉਹ ਵੀ ਦਿਲ ਦੇ ਬੈਠਾ। ਅੱਖਾਂ ਹੀ ਅੱਖਾਂ ਵਿੱਚ ਦਿਲਾਂ ਦੇ ਭੇਦ ਦਸ ਦਿਤੇ ਗਏ। ਪ੍ਰੇਮ ਦੇਵਤਾ ਦੀ ਦਰਗਾਹ ਵਿੱਚ ਦੋਵੇਂ ਦਿਲ ਕੁਰਬਾਨੀ ਲਈ ਹਾਜ਼ਰ ਹੋ ਗਏ। ਪ੍ਰਹਿਲਾਦ ਦਿਲੋਂ ਚਾਹੁੰਦਾ ਤਾਂ ਸੀ ਜੋ ਮੋਹਿਨੀ ਤੇ ਪਰਮਾ ਨੰਦ ਦਾ ਆਪੋ ਵਿੱਚ ਪਿਆਰ ਪੈ ਜਾਵੇਂ ਤੇ ਉਹਨਾਂ ਦਾ ਵਿਆਹ ਹੋ ਜਾਵੇ, ਪ੍ਰੰਤੂ ਨੌਜਵਾਨ ਦੇ ਸਚੇ ਪ੍ਰੇਮ ਦੀ ਪ੍ਰੀਖਿਆ ਕਰਨ ਲਈ ਉਸ ਨੇ ਉਨ੍ਹਾਂ ਦੇ ਰਾਹ ਵਿੱਚ ਰੋੜੇ ਅਟਕਾਏ। ਮੋਹਿਨੀ ਦੇ ਅੱਗੇ ਉਸ ਨੇ ਪਰਮਾ ਨੰਦ ਦੀ ਹੇਠੀ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕੁੜੀ ਦੇ ਦਿਲ ਦੀ ਬੁਝ ਕੇ ਘੂਰ ਕੇ ਆਖਣ ਲਗਾ- ‘‘ਤੈਨੂੰ ਇਹ ਰਾਜਕੁਮਾਰ ਤਦ ਹੀ ਚੰਗਾ ਹੀਦਾ ਹੈ ਜੇ ਤੂੰ ਕੋਈ ਹੋਰ ਇਸ ਤੋਂ ਚੰਗਾ ਪੁਰਸ਼ ਵੇਖਿਆ ਨਹੀਂ। ਨਹੀਂ ਤਾਂ ਇਹ ਤਾਂ ਕੋਈ ਚੀਜ਼ ਹੀ ਨਹੀਂ।’’ ਇਸ ਦੇ ਉਪਰੰਤ ਆਪਣੇ ਜਾਦੂ ਦੇ ਬਲ ਨਾਲ ਪਰਮਾਨੰਦ ਨੂੰ ਗੁੱਫਾ ਵਿੱਚ ਕੈਦ ਕਰ ਕੇ ਭਾਰੀਆਂ ੨ ਲਕੜੀਆਂ ਢੋਣ ਦੇ ਕੰਮ ਤੇ ਲਾ ਦਿੱਤਾ। ਉਨ੍ਹਾਂ ਦੋਹਾਂ ਨੂੰ ਉੱਤੇ ਛੱਡ ਕੇ ਉਹ ਆਪ ਦੂਜੇ ਕਮਰੇ ਵਿੱਚ ਚਲਾ ਗਿਆ, ਜਿੱਥੋਂ ਛੁਪ ਕੇ ਉਹ ਉਨ੍ਹਾਂ ਨੂੰ ਵੇਖ ਸਕਦਾ ਸੀ ਤੇ ਉਨ੍ਹਾਂ ਦੀ ਸਾਰੀ ਗਲ ਬਾਤ ਸੁਣ ਸਕਦਾ ਸੀ। ਰਾਜਿਆਂ ਦੇ ਪੁੱਤਰਾਂ ਨੇ ਭਲਾ ਇਹੋ ਜਿਹੇ ਕੰਮ ਕਦ ਕੀਤੇ ਹੁੰਦੇ ਨੇ। ਛੇਤੀ ਹੀ ਉਹ ਥੱਕ ਗਿਆ। ਉਸ ਨੂੰ ਹਫਦੇ ਵੇਖ ਕੇ ਮੋਹਿਨੀ ਨੇ ਆਖਿਆ- ‘‘ਪਿਤਾ ਹੋਰੀਂ ਪੜ੍ਹਨ ਦੇ ਕੰਮ ਵਿੱਚ ਰੁੱਝੇ ਹੋਏ ਹਨ, ਤਿੰਨ ਘੰਟੇ ਉੱਥੇ ਹੀ ਰਹਿਣਗੇ ਤੁਸੀਂ ਰਤੀ ਕੁ ਬੈਠ ਕੇ ਸਾਹ ਕਢ ਲਓ। ਪ੍ਰੰਤੂ ਪਰਮਾ ਨੰਦ ਡਰਦਾ ਸੀ ਕਿ ਜੇ ਕਦੇ ਪ੍ਰਹਿਲਾਦ ਨੇ ਉਸ ਨੂੰ ਬੈਠਿਆਂ ਵੇਖ ਲਿਆ, ਤਾਂ ਉਸ ਦੀ ਖੈਰ ਨਹੀਂ ਹੋਵੇਗੀ, ਜਾਂ ਜੇ ਕਦੇ ਨੀਅਤ ਸਮੇਂ ਵਿੱਚ ਉਹ ਕੰਮ ਨਾ ਮੁਕਾ ਸਕਿਆ ਤਾਂ ਉਸ ਦੀ ਚੰਗੀ ਖੁੰਬ ਠਪੀ ਜਾਵੇਗੀ, ਇਸ ਲਈ ਉਸ ਨੇ ਕੰਮ ਨਾ ਛਡਿਆ। ਇਸ ਤੇ ਮੋਹਿਨੀ ਨੇ ਪਿਆਰ ਨਾਲ ਆਖਿਆ, ‘‘ਜੇ ਤੁਸੀਂ ਕੰਮ ਦੇ ਨਾ ਮੁੱਕਣ ਤੋਂ ਡਰਦੇ ਹੋ ਤਾਂ ਤੁਸੀਂ ਘੜੀ ਕੁ ਆਰਾਮ ਕਰ ਲਓ, ਤੁਹਾਡੀ ਥਾਂ ਮੈਂ ਲੱਕੜਾਂ ਢੋਂਦੀ ਹਾਂ।’’ ਦਿਲਾਂ ਦੀ ਖਿਚ ਕਿੰਨੀ ਡਾਢੀ ਹੁੰਦੀ ਏ। ਮੋਹਿਨੀ ਨੇ ਪਰਮਾ ਨੰਦ ਦੀ ਪੀੜਾ ਨੂੰ ਜਾਣ ਲਿਆ, ਕਿਉਂ ਜੋ ਉਹ ਉਸ ਨੂੰ ਅਪਣਾ ਮੰਨ ਚੁੱਕੀ ਸੀ, ਜੋਤ ਇੱਕ ਹੋ ਚੁੱਕੀ ਸੀ, ਭਾਵੇਂ ਸਰੀਰ ਦੋ ਵਖੋ ਵਖ ਹੀ ਸਨ। ਮੁਹੱਬਤ, ਮੁਹੱਬਤ ਦੀ ਖਾਹੜੂ ਹੁੰਦੀ ਹੈ। ਪ੍ਰੇਮ, ਪ੍ਰੇਮ ਦਾ ਮਤਵਾਲਾ ਹੁੰਦਾ ਹੈ। ਪ੍ਰੇਮ ਦੀ ਇੱਕੋ ਚਿਣਗ ਦਿਲ ਨੂੰ ਚਮਕਾ ਸਕਦੀ ਹੈ, ਨੂਰ ਪੈਂਦਾ ਕਰ ਸਕਦੀ ਹੈ, ਪਰ ਇਸ ਨੂਰ ਨੂੰ ਵੇਖਣ ਲਈ ਭੀ ਇੱਕ ਪ੍ਰੇਮ ਭਰਿਆ ਦਿਲ ਲੋੜੀਦਾ ਹੁੰਦਾ ਹੈ। ਅੱਖੀਆਂ ਇਸ ਨੂੰ ਨਹੀਂ ਵੇਖ ਸਕਦੀਆਂ, ਹਥ ਇਸ ਨੂੰ ਨਹੀਂ ਛੋਹ ਸਕਦੇ, ਪੈਰਾਂ ਦੀ ਰਸਾਈ ਭੀ ਇੱਥੋਂ ਤੱਕ ਔਖੀ ਹੈ। ਇਸ ਵਾਯੂ ਮੰਡਲ ਵਿੱਚ ਰੂਹਾਂ ਖੇਡਦੀਆਂ ਹਨ, ਸਰੀਰ ਨਹੀਂ। ਦਰਦ ਤੜਫਦੇ ਹਨ ਅੰਗ ਨਹੀਂ। ਇਹ ਇੱਕ ਪਾਰਸ ਛੋਹ ਹੈ ਕਾਯਾਂ ਪਲਟ ਸਕਦੀ ਹੈ, ਇਹ ਇੱਕ ਦਰਦ ਹੈ, ਜੋ ਪੱਥਰ ਦਿਲ ਨੂੰ ਮੋਮ ਕਰ ਦਿੰਦਾ ਹੈ। ਮੁਹੱਬਤ ਖਿਚ ਦੇ ਨਗਮੇ ਦੀ, ਇੱਕ ਸੋਹਣੀ ਕਹਾਨੀ ਏ। ਮੁਹੱਬਤ ਜ਼ਿੰਦਗੀ ਦੇ ਬਾਗ ਦੀ, ਕੋਮਲ ਨਿਸ਼ਾਨੀ ਏ। ਜਦੋਂ ਕੋਈ ਪ੍ਰੇਮ ਦਾ ਤਿਣਕਾ,ਦਿਲਾਂ ਵਿੱਚ ਰੰਸਗ ਭਰਦਾ ਏ। ਤਾਂ ਹਰ ਇੱਕ ਬਾਗ ਦਾ ਜਰਾ, ਖੁਸ਼ੀ ਵਿੱਚ ਨਾਚ ਕਰਦਾ ਏ। ਮੁਹੱਬਤ ਆ ਕੇ ਜੋਬਨ ਤੇ, ਜਦੋਂ ਬੇ-ਤਾਬ ਹੋ ਜਾਵੇ। ਕਦੀ ਆਵਾਜ਼ ਹੋ ਜਾਵੇ, ਕਦੀ ਮਿਜਰਾਬ ਹੋ ਜਾਵੇ। ਜਦੋਂ ਇਸ ਸਾਜ ਦੇ ਨਗਮੇ, ਹਵਾ ਵਿੱਚ ਥਰਥਰਾਂਦੇ ਨੇ। ਤਾਂ ਜੀਵਨ ਪਲਟ ਜਾਂਦੇ ਨੇ, ਕਲੇਜੇ ਫੜਕ ਜਾਂਦੇ ਨੇ। ਪੱਥਰ ਦਿਲ ਪ੍ਰੇਮ ਦੇ ਅੰਦਰ, ਪਿਘਲ ਕੇ ਨੀਰ ਹੋ ਜਾਵੇ। ਦਿਲਾਂ ਦੇ ਕੈਦ ਖਾਨੇ ਦੀ, ਕੜੀ ਜੰਜੀਰ ਹੋ ਜਾਵੇ। ਮੋਹਨੀ ਨੇ ਜਰਾ ਸਰਮਾਂਦਿਆਂ ਹੋਇਆਂ ਮਧੁਰ ਜਿਹੀ ਅਵਾਜ਼ ਵਿੱਚ ਫਿਰ ਆਖਿਆ, ਪਿ੍ਰਆ! ਥਕ ਜਾਉਗੇ।’’ ਪਰਮਾ ਨੰਦ ਨੇ ਮਜ਼ਬੂਰ ਤੇ ਸਧਰਾਈਆਂ ਹੋਈਆਂ ਅੱਖਾਂ ਨਾਲ ਮੋਹਿਨੀ ਵੱਲ ਵੇਖਿਆ, ਮੁਸਕ੍ਰਾਇਆ ਤੇ ਆਪਣੇ ਕੰਮ ਵਿੱਚ ਜੁੱਟ ਪਿਆ। ਭਾਵੇਂ ਪ੍ਰਹਿਲਾਦ ਉਨ੍ਹਾਂ ਨੂੰ ਵਿਖਾਈ ਨਹੀਂ ਸੀ ਦੇਂਦਾ, ਪ੍ਰੰਤੂ ਉਹ ਵੇਖ ਜ਼ਰੂਰ ਰਿਹਾ ਸੀ ਤੇ ਉਨ੍ਹਾਂ ਦੀਆਂ ਇਹ ਪ੍ਰੇਮ ਭਰੀਆਂ ਗਲਾਂ ਸੁਣ ਕੇ ਉਸਨੂੰ ਨਿਸਚੇ ਹੋ ਰਿਹਾ ਸੀ ਜੋ ਉਨ੍ਹਾਂ ਦਾ ਪ੍ਰੇਮ ਸਚਾ ਹੈ, ਲਈ ਉਹ ਪ੍ਰਸੰਨ ਹੋ ਰਿਹਾ ਸੀ। ਜਦੋਂ ਦੋਵੇਂ ਪ੍ਰੇਮ ਦੀ ਤਕੜੀ ਤੇ ਤੁਲ ਚੁੱਕੇ, ਇਮਤਿਹਾਨ ਵਿੱਚੋਂ ਪਾਸ ਹੋ ਚੱੁਕੇ ਤਾਂ ਪ੍ਰਹਿਲਾਦ ਨੇ ਪ੍ਰੇਮ ਨਾਲ ਆਖਿਆ, ‘‘ਬਚਿਓ! ਡਰੋ ਨਹੀਂ ਭਾਵੇਂ ਮੈਂ ਤੁਹਾਡੇ ਨਾਲ ਕਰੜਾ ਸਲੂਕ ਕੀਤਾ ਹੈ, ਪਰ ਉਸ ਦਾ ਬਦਲਾ ਭੀ ਮੈਂ ਦੇ ਸਕਦਾ ਹਾਂ। ਪੁੱਤਰ ਪਰਮਾ ਨੰਦ! ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲੀਤੀਆਂ ਹਨ ਤੇ ਪਰਸੰਨ ਹੋ ਕੇ ਮੈਂ ਪਿਆਰੀ ਮੋਹਿਨੀ ਤੇਰੇ ਲੜ ਲਾਉਂਦਾ ਹਾਂ। ਜਿਹੜੀ ਵਡਿਆਈ ਤੇ ਉਪਮਾਂ ਤੂੰ ਉਸ ਦੀ ਕਰਦਾ ਰਿਹਾ ਹੈਂ , ਸਚ ਮੁਚ ਮੇਰੀ ਮੋਹਿਨੀ ਉਸ ਦੀ ਹਕਦਾਰ ਹੈ, ਸਗੋਂ ਉਸ ਤੋਂ ਵੀ ਵਧੀਕ ਸਲਾਘਾ ਯੋਗ ਹੈ। ਇਸ ਲਈ ਹੇ ਪੁੱਤਰ! ਉਸ ਨਾਲ ਸਚੇ ਪਤੀ ਵਾਲਾ ਪ੍ਰੇਮ ਕਰਨਾ ਤੇਰਾ ਪਰਮ ਧਰਮ ਹੋਵੇਗਾ। ਤੁਹਾਡਾ ਵਿਵਾਹ ਮੈਂ ਛੇਤੀ ਹੀ ਕਰ ਦਿਆਂਗਾ। ਹੁਣ ਇੱਥੇ ਬੈਠ ਕੇ ਤੁਸੀਂ ਆਪੋ ਵਿੱਚ ਹਸੋ ਖੇਡੋ ਗਲਾਂ ਕਰੋ, ਮੈਂ ਇੱਕ ਜ਼ਰੂਰੀ ਕੰਮ ਲਈ ਜਾਂਦਾ ਹਾਂ।’’ ਜਿਸ ਜ਼ਰੂਰੀ ਕੰਮ ਦਾ ਉਸ ਨੇ ਜ਼ਿਕਰ ਕੀਤਾ ਸੀ, ਉਹ ਨੀਲਾਬਾਦ ਦੇ ਰਾਜੇ ਤੇ ਉਸ ਦੇ ਸਾਥੀਆਂ ਨੂੰ ਜੇਹੜੇ ਟਾਪੂ ਦੇ ਕਿਸੇ ਹੋਰ ਹਿੱਸੇ ਵਿੱਚ ਕੰਢੇ ਲਗੇ ਸਨ, ਬਚਾਣ ਦਾ ਸੀ। ਨੀਲਾਬਾਦ ਦੇ ਰਾਜੇ ਅਰਜਨ ਤੇ ਮਾਹੀ ਪੁਰ ਦੇ ਧਿੰਗੋਂ ਜੋਰੀ ਬਣੇ ਰਾਜੇ ਅਨੰਤ ਤੋਂ ਛੱੁਟ ਅਨੰਤ ਦਾ ਭਰਾ ਸ਼ਿਵਦਿਤ ਤੇ ਬੁੱਢਾ ਵਜ਼ੀਰ ਗਨਪਤ ਉਦਾਸ ਚਿਤ ਭੁੱਖੇ ਭਾਣੇ ਕਿਸੇ ਖਾਣ ਪੀਣ ਦੀ ਚੀਜ਼ ਜਾਂ ਬੈਠਣ ਦੀ ਥਾਂ ਦੀ ਭਾਲ ਵਿੱਚ ਟਾਪੂ ਅੰਦਰ ਏਧਰ ਓਧਰ ਫਿਰ ਰਹੇ ਸਨ। ਆਪਣੇ ਪੁੱਤਰ ਪਰਮਾਨੰਦ ਦੇ ਵਿਜ਼ੋਗ ਵਿੱਚ ਜਿਸ ਨੂੰ ਉਹ ਡੁਬ ਕੇ ਮਰ ਗਿਆ ਸਮਝਦਾ ਸੀ, ਰਾਜਾ ਅਰਜਨ ਵਿਰਲਾਪ ਕਰ ਰਿਹਾ ਸੀ ਤੇ ਬਾਕੀ ਦੇ ਸਾਰੇ ਸਾਥੀ ਉਸ ਨੂੰ ਢਾਰਸ ਦੇ ਰਹੇ ਸਨ ਕਿ ਉਨ੍ਹਾਂ ਨੇ ਉਸ ਨੂੰ ਸਮੁੰਦਰ ਵਿੱਚ ਤਰਦਿਆਂ ਵੇਖਿਆ ਹੈ, ਇਸ ਲਈ ਉਹ ਕਿਧਰੇ ਕੰਢੇ ਲਗ ਗਿਆ ਹੋਣਾ ਹੈ। ਅਖੀਰ ਥੱਕ ਟੁਟ ਕੇ ਇੱਕ ਮੈਦਾਨ ਤੇ ਜਿੱਥੇ ਸਾਵਾ ਸਾਵਾ ਘਾਹ ਉਗਿਆ ਹੋਇਆ ਸੀ ਉਹ ਲੰਮੇ ਜੋ ਪਏ ਤਾਂ ਉਨ੍ਹਾਂ ਦੀ ਅੱਖ ਲਗ ਗਈ। ਪ੍ਰਹਿਲਾਦ ਨੂੰ ਉਨ੍ਹਾਂ ਦੇ ਬਚਾਉਣ ਦਾ ਕੰਮ ਭੁਲਿਆ ਨਹੀਂ ਸੀ। ਅਰਬੇਲ ਦੀ ਨੌਕਰੀ ਇਸੇ ਕੰਮ ਤੇ ਲਗੀ ਹੋਈ ਸੀ, ਪ੍ਰੰਤੂ ਜਿਸ ਤਰ੍ਹਾਂ ਪ੍ਰੀਖਿਆ ਤੋਂ ਬਿਨ੍ਹਾਂ ਉਹ ਪਰਮਾ ਨੰਦ ਤੇ ਮੋਹਿਨੀ ਦੇ ਵਿਵਾਹ ਤੇ ਰਾਜੀ ਨਹੀਂ ਸੀ ਹੋਇਆ, ਇਸੇ ਤਰ੍ਹਾਂ ਉਹ ਉਨ੍ਹਾਂ ਨੂੰ ਭੀ ਆਪਣੀ ਕਰਤੂਤ ਦਾ ਚੇਤਾ ਕਰਾਉਣਾ ਚਾਹੁੰਦਾ ਸੀ। ਛੇਤੀ ਹੀ ਉਨ੍ਹਾਂ ਦੀ ਅੱਖ ਖੁਲ੍ਹ ਗਈ ਤੇ ਭਾਵੇਂ ਉਹ ਥਕੇ ਹੋਏ ਸਨ, ਪਰ ਫਿਰ ਭੀ ਇੱਕ ਵਾਰੀ ਮੁੜ ਖੁਰਾਕ ਦੀ ਭਾਲ ਵਿੱਚ ਗਸਤ ਕਰਨ ਲਗੇ। ਠੀਕ ਜਿਸ ਵੇਲੇ ਉਹ ਕਿਸੇ ਪਰਕਾਰ ਦੀ ਖਾਣ ਪੀਣ ਦੀ ਵਸਤ ਤੋਂ ਨਿਰਾਸ਼ ਹੋ ਚੁੱਕੇ ਸਨ, ਅਰਬੇਲ ਤੇ ਉਸ ਦੇ ਨਾਲ ਦੇ ਜਿੱਨ ਕਈ ਪ੍ਰਕਾਰ ਦੇ ਸਵਾਦਲੇ ਭੋਜਨਾਂ ਦੇ ਭਰੇ ਹੋਏ ਥਾਲ ਅਚਨਚੇਤ ਉਨ੍ਹਾਂ ਦੇ ਸਾਹਮਣੇ ਰੱਖ ਕੇ ਆਪ ਅਲੋਪ ਹੋ ਗਏ। ਇਹ ਕੌਤਕ ਵੇਖ ਕੇ ਉਹ ਹੈਰਾਨ ਤਾਂ ਬੜੇ ਹੋਏ, ਪਰ ਭੁੱਖੇ ਜੋ ਸਨ, ਝਟ ਉਨ੍ਹਾਂ ਨੇ ਪ੍ਰਸਾਦ ਛਕਣ ਲਈ ਥਾਲਾਂ ਵਲ ਹੱਥ ਵਧਾਏ। ਪਰ ਅਜੇ ਗਰਾਹੀਆਂ ਤੋੜੀਆਂ ਨਹੀਂ ਸਨ, ਜੋ ਅਰਬੇਲ ਇੱਕ ਵੱਡੇ ਸਾਰੇ ਭਿਆਨਕ ਪੰਖੇਰੂ ਦੀ ਸ਼ਕਲ ਵਿੱਚ ਉਨ੍ਹਾਂ ਦੇ ਸਾਹਮਣੇ ਆ ਖਲੋਤਾ। ਉਸ ਦੇ ਖੰਭਾਂ ਦੇ ਮਾਰਨ ਦੀ ਹੀ ਢਿਲ ਸੀ, ਜੋ ਪ੍ਰਸਾਦ ਦੀ ਸਾਰੀ ਸਮਿਗਰੀ ਨਜਰੋਂ ਅਲੋਪ ਹੋ ਗਈ। ਫੇਰ ਅਰਬੇਲ ਨੇ ਉਨ੍ਹਾਂ ਨੂੰ ਸੰਬੋਧਨ ਕਰ ਕੇ ਆਖਿਆ, ‘‘ਤੁਸੀਂ ਇਤਨੇ ਵੱਡੇ ਗੁਨਾਹ-ਗਾਰ ਹੋ, ਜੋ ਇਸ ਸੰਸਾਰ ਤੇ ਰਹਿਣ ਦੇ ਯੋਗ ਨਹੀਂ ਹੋ। ਕੀ ਤਹਾਨੂੰ ਭੁੱਲ ਗਿਆ ਹੈ ਜੋ ਕਿਵੇਂ ਤੁਸਾਂ ਨੇ ਵਿਚਾਰੇ ਰਾਜੇ ਪ੍ਰਹਿਲਾਦ ਦਾ ਰਾਜ ਭਾਗ ਧੋਖੇ ਨਾਲ ਖੋਹ ਕੇ ਉਸ ਨੂੰ ਉਸ ਦੀ ਮਾਸੂਮ ਬੱਚੀ ਸਮੇਤ ਸਮੁੰਦਰ ਵਿੱਚ ਠੇਲ੍ਹਿਆ ਸੀ? ਹੁਣ ਤੁਸੀਂ ਭੀ ਉਸੇ ਤਰ੍ਹਾਂ ’ਚ ਹਵਾ ਤੇ ਲਹਿਰਾਂ ਦੇ ਹਥੋਂ ਡਕੋ ਡੋਲੇ ਖਾ ਰਹੇ ਹੋ। ਇਸ ਟਾਪੂ ਵਿੱਚ ਸਿਵਾਏ ਪਸਚਾਤਾਪ ਦੇ ਹੋਰ ਕੋਈ ਚੀਜ਼ ਤੁਹਾਨੂੰ ਭੁੱਖ ਪਿਆਸ ਤੇ ਮੌਤ ਤੋਂ ਨਹੀਂ ਬਚਾ ਸਕਦੀ। ਆਪਣੇ ਗੁਨਾਹ ਦੀ ਤੋਬਾ ਕਰੋ ਤੇ ਅਗੇ ਲਈ ਕੰਨਾਂ ਨੂੰ ਹੱਥ ਲਾਉ। ਸ਼ਾਇਦ ਤੁਹਾਡੇ ਉੱਤੇ ਰੱਬ ਮੇਹਰ ਕਰ ਦੇਵੇ।’’ ਇਹ ਸੁਨੇਹਾ ਦੇ ਕੇ ਤੇ ਸ੍ਰੋਤਿਆਂ ਨੂੰ ਇਸ ਤਰ੍ਹਾਂ ਹੈਰਾਨ ਪਰੇਸ਼ਾਨ ਕਰ ਕੇ ਅਰਬੇਲ ਆਪ ਨਜਰੋਂ ਅਲੋਪ ਹੋ ਗਿਆ। ਜਦ ਇਸ ਪ੍ਰਕਾਰ ਅਨੰਤ ਤੇ ਅਰਜਨ ਦੀਆਂ ਅੱਖਾਂ ਅੱਗੇ ਉਨ੍ਹਾਂ ਦੇ ਪਾਪਾਂ ਦੀਆਂ ਮੂਰਤਾਂ ਲਿਆਂਦੀਆਂ ਗਈਆਂ, ਤਾਂ ਉਹ ਡਾਢੇ ਘਬਰਾਏ ਤੇ ਨੀਮ-ਪਾਗਲ ਹੋ ਕੇ ਇੱਧਰ ਉੱਧਰ ਭੱਜਣ ਲਗ ਪਏ ਤੇ ਗਿੜ ਗਿੜਾ ਕੇ ਮਾਫੀਆਂ ਮੰਗਣ ਅਰ ਪਛਤਾਵੇ ਕਰਨ ਲਗੇ। ਅਰਬੇਲ ਨੇ ਹੁਣ ਪ੍ਰਹਿਲਾਦ ਕੋਲ ਪੁਜ ਕੇ ਇਸ ਸਾਰੀ ਗਲ ਦੀ ਖਬਰ ਕੀਤੀ। ਜਦ ਉਸ ਨੇ ਦੇਖਿਆ ਜੋ ਉਹ ਆਪਣੇ ਪਾਪ ਉੱਤੇ ਸਚੇ ਦਿੱਲੋਂ ਅਫਸੋਸ ਕਰਦੇ ਹਨ, ਤਾਂ ਅਰਬੇਲ ਨੂੰ ਹੁਕਮ ਦਿੱਤਾ, ਜੋ ਉਨ੍ਹਾਂ ਨੂੰ ਉਸ ਦੇ ਸਾਹਮਣੇ ਹਾਜ਼ਰ ਕਰੇ। ਅਰਬੇਲ ਨੂੰ ਰੱਬ ਦੇਵੇ ਇਹ ਗਲਾਂ। ਝਟ ਆਪਣੇ ਢੰਗ ਨਾਲ ਉਨ੍ਹਾਂ ਨੂੰ ਉੱਥੇ ਲੈ ਆਇਆ। ਪ੍ਰੰਤੂ ਉਨ੍ਹਾਂ ਵਿੱਚੋਂ ਕਿਸੇ ਨੇ ਭੀ ਪ੍ਰਹਿਲਾਦ ਨੂੰ ਨਾ ਪਛਾਣਿਆ। ਜਿਸ ਵੇਲੇ ਉਸ ਨੇ ਆਪਣਾ ਆਪ ਦਸਿਆ ਤੇ ਉਨ੍ਹਾਂ ਦੇ ਕੁਕਰਮ ਚੇਤੇ ਕਰਾਏ ਤਾਂ ਉਹ ਸਾਰੇ ਉਸ ਦੇ ਪੈਰਾਂ ਤੇ ਡਿੱਗੇ ਤੇ ਹੱਥ ਜੋੜ ਖਿਮਾਂ ਮੰਗਣ ਲਗੇ। ਪ੍ਰਹਿਲਾਦ ਅਗੇ ਹੀ ਇਹੋ ਚਾਹੁੰਦਾ ਸੀ ਤੇ ਉਨ੍ਹਾਂ ਨੂੰ ਜੀਉ ਆਇਆਂ ਆਖ ਕੇ ਸਾਰੇ ਕਸੂਰ ਬਖ਼ਸ ਦਿੱਤੇ। ਇਸ ਉਪਰੋਕਤ ਘਟਨਾ ਨਾਲ ਬਾਕੀਆਂ ਨੂੰ ਸ਼ਾਂਤ ਹੋ ਗਈ, ਪ੍ਰੰਤੂ ਅਰਜਨ ਦੇ ਦਿਲ ਵਿੱਚ ਅਜੇ ਠੰਢ ਨਹੀਂ ਪਈ ਸੀ ਤੇ ਉਹ ਆਪਣੇ ਪੁੱਤਰ ਪਰਮਾ ਨੰਦ ਦੇ ਵਿਛੋੜੇ ਵਿੱਚ ਡਾਢਾ ਦੁੱਖੀ ਹੋ ਰਿਹਾ ਸੀ। ਵਿਛੜਿਆਂ ਨੂੰ ਮਿਲਾਣ ਦਾ ਸਮਾਂ ਆਇਆ ਜਾਣ ਕੇ ਪ੍ਰਹਿਲਾਦ ਨੇ ਅਰਜਨ ਨੂੰ ਕਿਹਾ, ‘‘ਤੁਸਾਂ ਮੇਰਾ ਰਾਜ ਮੈਨੂੰ ਮੋੜ ਕੇ ਪ੍ਰਸੰਨ ਕੀਤਾ ਹੈ, ਇਸ ਲਈ ਮੇਰੇ ਵਾਸਤੇ ਤੁਹਾਨੂੰ ਓਨਾ ਹੀ ਪ੍ਰਸੰਨ ਕਰਨਾ ਜੋਗ ਹੈ।’’ ਇਹ ਆਖ ਕੇ ਉਸ ਨੇ ਗੁੱਫਾ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਦੇ ਅੰਦਰ ਅਰਜਨ ਆਪਣੇ ਪੁੱਤ੍ਰ ਇੱਕ ਸੁੰਦਰ ਇਸਤ੍ਰੀ ਨਾਲ ਚੌਪਟ ਖੇਡਦਿਆਂ ਵੇਖ ਕੇ ਗੱਦ ਗੱਦ ਹੋ ਗਿਆ। ਪਿਉ ਪੁੱਤਰ ਦੀ ਖੁਸ਼ੀ ਦਾ ਕੌਣ ਅੰਦਾਜਾ ਲਾ ਸਕਦਾ ਹੈ, ਜਦ ਕਿ ਦੋਵੇਂ ਇੱਕ ਦੂਜੇ ਨੂੰ ਮੋਇਆ ਸਮਝੀ ਬੈਠੇ ਸਨ। ਮੋਹਿਨੀ ਦੀ ਸੁੰਦਰ ਮੂਰਤ ਵੇਖ ਕੇ ਪਰਮਾ ਨੰਦ ਵਾਂਗ ਅਰਜਨ ਦੇ ਦਿਲ ਵਿੱਚ ਵੀ ਇਹੋ ਫੁਰਨਾ ਫੁਰਿਆ ਜੋ ਇਹ ਕੋਈ ਇਸ ਟਾਪੂ ਦੀ ਪਰੀ ਹੈ ਜਿਸ ਨੇ ਪਹਿਲਾਂ ਪਿਉ ਪੁੱਤਰ ਨੂੰ ਵਿਛੋੜੇ ਦਾ ਸਲ ਦਿੱਤਾ ਸੀ, ਪਰ ਹੁਣ ਤਰਸ ਖਾ ਕੇ ਉਨ੍ਹਾਂ ਨੂੰ ਮੇਲ ਰਹੀ ਹੈ। ਪਰ ਪਰਮਾ ਨੰਦ ਨੇ ਪਿਤਾ ਦੇ ਦਿਲ ਦੀ ਬੁਝ ਕੇ ਆਖਿਆ, ‘‘ਪਿਤਾ ਜੀ! ਤੁਹਾਨੂੰ ਭੁਲੇਖਾ ਲਗ ਗਿਆ ਹੈ। ਇਹ ਪਰੀ ਨਹੀਂ ਹੈ, ਸਗੋਂ ਸਾਡੇ ਵਾਂਗ ਮਨੁੱਖ ਹੀ ਹੈ। ਹਾਂ! ਦੇਵਤਿਆਂ ਨੇ ਮੇਹਰ ਕਰ ਕੇ ਇਹ ਦੇਵੀ ਮੈਨੂੰ ਬਖ਼ਸ ਦਿੱਤੀ ਹੈ, ਇਹ ਇਸੇ ਮਾਹੀ ਪੁਰ ਦੇ ਰਾਜੇ ਦੀ ਪੁੱਤ੍ਰੀ ਹੈ, ਜੇਹੜਾ ਹੁਣ ਇਸ ਦੇ ਨਾਲ ਮੇਰਾ ਵਿਆਹ ਕਰ ਕੇ ਮੇਰਾ ਦੂਜਾ ਪਿਤਾ ਹੋ ਜਾਵੇਗਾ।’’ ਅਰਜਨ ਨੇ ਪਰਸੰਨ ਹੋ ਕੇ ਉੱਤਰ ਦਿੱਤਾ ‘‘ਜੇ ਇਹੋ ਗਲ ਹੈ ਤਾਂ ਇਸ ਦਾ ਵਿਆਹ ਕਰ ਕੇ ਮੈਂ ਭੀ ਇਸ ਦੇਵੀ ਦਾ ਪਿਤਾ ਬਣ ਜਾਵਾਂਗਾ। ਹਾਂ ਹੁਣ ਮੇਰੇ ਲਈ ਜ਼ਰੂਰੀ ਹੈ ਜੋ ਇਸ ਆਪਣੀ ਪੁੱਤ੍ਰੀ ਕੋਲੋਂ ਉਸ ਕਲੇਸ ਦੀ ਮੁਆਫੀ ਮੰਗਾਂ, ਜੇਹੜਾ ਮੈਂ ਇਸ ਨੂੰ ਤੇ ਇਸ ਦੇ ਪਿਤਾ ਨੂੰ ਦਿੱਤਾ ਹੈ।’’ ਹੁਣ ਇਹ ਮਿੱਤਰਾਂ ਦੀ ਟੋਲੀ ਇਸ ਟਾਪੂ ਤੋਂ ਆਪਣੇ ਦੇਸ ਕਿਵੇਂ ਪੁਜੀ। ਉਨ੍ਹਾਂ ਦਾ ਨਿਸਚਾ ਸੀ ਕਿ ਜਹਾਜ਼ ਗਰਕ ਹੋ ਗਿਆ ਹੈ ਤੇ ਸਾਰੇ ਮਲਾਹ ਡੁੱਬ ਗਏ ਹਨ,ਪੰਤੁ ਨਿਮਕ ਹਲਾਲ ਅਰਬੇਲ ਨੂੰ ਉਨ੍ਹਾਂ ਦੇ ਬਚਾਉਣ ਦਾ ਭੀ ਫ਼ਿਕਰ ਸੀ। ਇਸੇ ਦੀ ਹਿੰਮਤ ਤੇ ਅਕਲ ਦੇ ਸਦਕੇ ਉਹ ਸਾਰੇ ਰਾਜੀ ਖੁਸ਼ੀ ਕੰਢੇ ਲਗੇ ਪਏ ਸਨ ਤੇ ਫਿਰਦੇ ਫਿਰਾਂਦੇ ਉਹ ਵੀ ਹੁਣ ਇੱਥੇ ਹੀ ਪੁਜ ਗਏ। ਇਨ੍ਹਾਂ ਨੂੰ ਵੇਖਕੇ ਤੇ ਜਹਾਜ਼ ਦੇ ਬਚ ਜਾਣ ਦੀ ਖਬਰ ਸੁਣ ਕੇ ਰਾਜਾ ਤੇ ਉਸ ਦੇ ਸਾਥੀ ਅਤੀ ਪ੍ਰਸੰਨ ਹੋਏ। ਪ੍ਰਹਿਲਾਦ ਨੇ ਆਪਣੇ ਪ੍ਰਾਹੁਣਿਆਂ ਨੂੰ ਆਖਿਆ, ‘‘ ਰਾਤ ਇਸ ਮੇਰੀ ਗੁੱਫਾ ਵਿੱਚ ਆਰਾਮ ਕਰਨ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੇ ਦੇਸ਼ ਛੱਡਣ ਤੋਂ ਲੈ ਕੇ ਅਜ ਤੋੜੀ ਦੇ ਆਪਣੇ ਸਾਰੇ ਸਮਾਂਚਾਰ ਸੁਣਾ ਕੇ ਮੈਂ ਤੁਹਾਡਾ ਜੀ ਪਰਚਾਵਾਂਗਾ। ਭਲਕੇ ਸਵੇਰੇ ਜਹਾਜ਼ ਵਿੱਚ ਬੈਠ ਕੇ ਅਸੀਂ ਨੀਲਾਬਾਦ ਵਲ ਤੁਰ ਪਵਾਂਗੇ, ਜਿੱਥੇ ਪਰਮਾ ਨੰਦ ਤੇ ਮੋਹਿਨੀ ਦੇ ਵਿਵਾਹ ਦੀ ਖੁਸ਼ੀ ਭਰੀ ਰਸਮ ਪੂਰੀ ਕੀਤੀ ਜਾਵੇਗੀ। ਇਸ ਦੇ ਉਪਰੰਤ ਮੈਂ ਚਾਹੁੰਦਾ ਹਾਂ ਜੇ ਮਾਹੀ ਪੁਰ ਪੁਜ ਕੇ ਆਪਣੇ ਜੀਵਣ ਦੀ ਬਾਕੀ ਆਯੂ ਓਥੇ ਹੀ ਬਤੀਤ ਕਰਾਂ।’’ ਠੀਕ ਇਵੇਂ ਹੀ ਹੋਇਆ। ਦੂਜੇ ਭਲਕ ਉਹ ਟਾਪੂ ਤੋਂ ਵਿਦਾ ਹੋਏ, ਪਰ ਟੁਰਨ ਤੋਂ ਪਹਿਲਾਂ ਪ੍ਰਹਿਲਾਦ ਨੇ ਸਾਰੇ ਜਿੱਨਾਂ ਨੂੰ ਤੇ ਖ਼ਾਸ ਕਰ ਕੇ ਪਿਆਰੇ ਅਰਬੇਲ ਨੂੰ ਰਾਮ ਸੱਤ ਆਖ ਕੇ ਪੂਰੀ ਅਜ਼ਾਦੀ-ਜਿਸ ਲਈ ਉਹ ਕਿਤਨੀਆਂ ਮੁੱਦਤਾਂ ਤੋਂ ਲੋਚਦੇ ਸਨ- ਬਖ਼ਸੀ ਤਾਂਜੁ ਉਹ ਜ਼ਮੀਨ ਅਸਮਾਨ, ਸਮੁੰਦਰ, ਜਿੱਥੇ ਦੀ ਚਾਹੁਣ ਸੈਰ ਕਰਦੇ ਫਿਰਨ। ਪਰ ਅਰਬੇਲ ਨੇ-ਜੋ ਕਿ ਮਾਲਕ ਲਈ ਜਾਨ ਦੇਣ ਨੂੰ ਤਿਆਰ ਸੀ-ਉਸ ਵੇਲੇ ਤੋੜੀ ਸਾਥ ਨਾ ਛਡਿਆ ਜਦ ਤੋੜੀ ਜਹਾਜ਼ ਸਹੀ ਸਲਾਮਤ ਨੀਲਾ ਬਾਦ ਨਾ ਪੁੱਜ ਗਿਆ। ਉੱਥੇ ਪੁੱਜ ਕੇ ਪਰਮਾ ਨੰਦ ਤੇ ਮੋਹਿਨੀ ਦਾ ਵਿਵਾਹ ਐਸੀ ਧੂਮ ਧਾਮ ਨਾਲ ਹੋਇਆ, ਜਿਸ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਗਈਆਂ ਤੇ ਰੱਬ ਨੇ ਸਾਰਿਆਂ ਨੂੰ ਦੁੱਖ ਪਿੱਛੋਂ ਪਰਮ ਸੁੱਖ ਬਖਸ਼ਿਆ।

ਲੇਖਕ : ਬਲਵੰਤ ਸਿੰਘ ਚਤਰਥ

Read News Paper

Related articles

spot_img

Recent articles

spot_img