ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ’ਤੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ‘ਅੰਤਰਿਮ ਅਧਿਕਾਰੀ’ ਅਮਰੀਕਾ ਨੂੰ ਆਪਣੇ ਬਾਜ਼ਾਰੀ ਮੁੱਲ ’ਤੇ ‘ਉੱਚ ਗੁਣਵੱਤਾ ਵਾਲਾ’ 3-5 ਕਰੋੜ ਬੈਰਲ ਮੁੱਲ ਦਾ ਤੇਲ ਦੇਣਗੇ। ਅਮਰੀਕਾ ਦਾ ਇਹ ਐਲਾਨ ਕਰਾਕਸ ਦੇ ਅਧਿਕਾਰੀਆਂ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਆਇਆ ਹੈ ਕਿ ਨਿਕੋਲਸ ਮਾਦੁਰੋ ਨੂੰ ਫੜਨ ਅਤੇ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਲਿਜਾਣ ਲਈ ਕੀਤੇ ਗਏ ਹਮਲਿਆਂ ਵਿੱਚ ਵੈਨੇਜ਼ੁਏਲਾ ਦੇ ਘੱਟੋ-ਘੱਟ 24 ਸੁਰੱਖਿਆ ਅਧਿਕਾਰੀ ਮਾਰੇ ਗਏ ਹਨ। ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਪੋਸਟ ਕੀਤਾ ਕਿ ਤੇਲ ‘ਸਟੋਰੇਜ ਜਹਾਜ਼ਾਂ’ ਰਾਹੀਂ ਅਮਰੀਕਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੈਸੇ ’ਤੇ ਬਤੌਰ ਰਾਸ਼ਟਰਪਤੀ ਉਨ੍ਹਾਂ ਦਾ ਕੰਟਰੋਲ ਰਹੇਗਾ ਅਤੇ ਇਸ ਦੀ ਵਰਤੋਂ ਵੈਨੇਜ਼ੁਏਲਾ ਅਤੇ ਅਮਰੀਕਾ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਜਾਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਵੈਨੇਜ਼ੁਏਲਾ ਦੇ ਸਬੰਧ ਵਿੱਚ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਐਕਸਨ, ਸ਼ੇਵਰੋਨ ਅਤੇ ਕੋਨੋਕ ਫਿਲਿਪਸ ਦੇ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।







