ਅਮਰੀਕਾ ਦੇ ਰੇਨੋ ਸ਼ਹਿਰ ਵਿੱਚ ਜੰਗਲੀ ਅੱਗ ਦਾ ਕਹਿਰ: ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਹੁਕਮ, ਐਮਰਜੈਂਸੀ ਲਾਗੂ

Published:

Rate this post

ਰੇਨੋ (ਨੇਵਾਡਾ)/ਪੰਜਾਬ ਪੋਸਟ
ਅਮਰੀਕਾ ਦੇ ਨੇਵਾਡਾ ਰਾਜ ਵਿੱਚ ਸਥਿਤ ਰੇਨੋ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜੰਗਲੀ ਅੱਗ (ਵਾਈਲਡਫ਼ਾਇਰ) ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਨ ਤੇਜ਼ੀ ਨਾਲ ਫੈਲ ਰਹੀ ਇਸ ਅੱਗ (ਹਾਕ ਫ਼ਾਇਰ) ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲਗਭਗ 90 ਹਜ਼ਾਰ ਨਾਗਰਿਕਾਂ ਨੂੰ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀਵਿਨ ਪਹਾੜੀ ਅਤੇ ਹੰਬੋਲਟ-ਟੋਇਆਬੇ ਨੈਸ਼ਨਲ ਫ਼ੋਰੈਸਟ ਦੇ ਖੇਤਰ ਵਿੱਚ ਸ਼ੁਰੂ ਹੋਈ ਇਹ ਅੱਗ ਹੁਣ ਤੱਕ 15 ਹਜ਼ਾਰ ਏਕੜ ਤੋਂ ਵੱਧ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ 42 ਹਜ਼ਾਰ ਤੋਂ ਵੱਧ ਨਾਗਰਿਕਾਂ ਲਈ ਸਖ਼ਤ ‘ਗੋ ਨਾਓ’ ਯਾਨੀ ਤੁਰੰਤ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦਕਿ 45 ਹਜ਼ਾਰ ਹੋਰ ਲੋਕਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਅੱਗ ਦੀਆਂ ਲਾਟਾਂ ਯੂਨੀਵਰਸਿਟੀ ਆਫ਼ ਨੇਵਾਡਾ ਕੈਂਪਸ ਦੇ ਨੇੜੇ ਤੱਕ ਪਹੁੰਚ ਚੁੱਕੀਆਂ ਹਨ।
ਅੱਗ ਬੁਝਾਉਣ ਦੌਰਾਨ ਤਿੰਨ ਫ਼ਾਇਰ ਫ਼ਾਈਟਰਾਂ ਸਮੇਤ ਛੇ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਤੇਜ਼ ਹਵਾਵਾਂ ਅਤੇ ਬਦਲਦੀ ਦਿਸ਼ਾ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇਵਾਡਾ ਦੇ ਗਵਰਨਰ ਜੋ ਲੋਮਬਾਰਡੋ ਨੇ ਵਾਸ਼ੋ ਕਾਉਂਟੀ ਵਿੱਚ ਐਮਰਜੈਂਸੀ ਦਾ ਐਲਾਨ ਕਰਦਿਆਂ ਸਥਿਤੀ ਨਾਲ ਨਜਿੱਠਣ ਲਈ ਨੈਸ਼ਨਲ ਗਾਰਡ ਅਤੇ ਹਵਾਈ ਹੈਲੀਕਾਪਟਰਾਂ ਨੂੰ ਤਾਇਨਾਤ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਪ੍ਰਭਾਵਿਤ ਲੋਕਾਂ ਲਈ ਕਨਵੈਨਸ਼ਨ ਸੈਂਟਰਾਂ ਵਿੱਚ ਆਸਰਾ ਕੈਂਪ ਖੋਲ੍ਹ ਦਿੱਤੇ ਹਨ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਪ੍ਰਮੁੱਖ ਮਾਰਗਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

Read News Paper

Related articles

spot_img

Recent articles

spot_img