ਚਮੋਲੀ/ਪੰਜਾਬ ਪੋਸਟ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਖੇਤਰ ਵਿੱਚ ਟੀ.ਐੱਚ.ਡੀ.ਸੀ. ਦੇ ਹਾਈਡ੍ਰੋਪਾਵਰ ਪ੍ਰੋਜੈਕਟ ਨਾਲ ਸਬੰਧਤ ਇੱਕ ਨਿਰਮਾਣ ਅਧੀਨ ਟਨਲ ਵਿੱਚ ਪਾਣੀ ਅਤੇ ਭਾਰੀ ਮਲਬਾ ਅਚਾਨਕ ਆ ਜਾਣ ਕਾਰਨ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਦੌਰਾਨ ਵੱਖ-ਵੱਖ ਥਾਵਾਂ ਤੋਂ 7 ਮਜ਼ਦੂਰਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂ ਕਿ 14 ਹੋਰ ਮਜ਼ਦੂਰ ਜ਼ਖ਼ਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਵੀ 1 ਮਜ਼ਦੂਰ ਦੇ ਸੁਰੰਗ ਅੰਦਰ ਫਸੇ ਹੋਣ ਦਾ ਖ਼ਸ਼ਕਾ ਹੈ, ਜਿਸ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਯੁੱਧ ਪੱਧਰ ‘ਤੇ ਜਾਰੀ ਹਨ।
ਅਧਿਕਾਰਤ ਵੇਰਵਿਆਂ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਹਿੰਦੁਸਤਾਨ ਕੰਸਟਰਕਸ਼ਨ ਕੰਪਨੀ ਵੱਲੋਂ ਮਾਇਆਪੁਰ (ਪੀਪਲਕੋਟੀ) ਵਿਖੇ ਬਣਾਈ ਜਾ ਰਹੀ ਲਗਭਗ 2 ਕਿਲੋਮੀਟਰ ਲੰਬੀ ਟੇਲ ਰੇਸ ਟਨਲ ਵਿੱਚ ਅਚਾਨਕ ਸਲੱਗ ਅਤੇ ਪਾਣੀ ਦਾ ਤੇਜ਼ ਵਹਾਅ ਦਾਖ਼ਲ ਹੋ ਗਿਆ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਸ਼ਿਫਟ ‘ਤੇ ਤਾਇਨਾਤ ਕੁੱਲ 22 ਮਜ਼ਦੂਰ ਸੁਰੰਗ ਦੇ ਅੰਦਰ ਮੌਜੂਦ ਸਨ। ਪਾਣੀ ਅਤੇ ਮਲਬਾ ਅਚਾਨਕ ਭਰ ਜਾਣ ਕਾਰਨ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਰਾਜ ਆਫ਼ਤ ਪ੍ਰਬੰਧਨ ਫ਼ੋਰਸ, ਰਾਸ਼ਟਰੀ ਆਫ਼ਤ ਪ੍ਰਬੰਧਨ ਫ਼ੋਰਸ, ਭਾਰਤੀ ਫ਼ੌਜ, ਆਈ.ਟੀ.ਬੀ.ਪੀ. ਅਤੇ ਸਥਾਨਕ ਪੁਲੀਸ ਦੀਆਂ ਟੀਮਾਂ ਨੂੰ ਮੌਕੇ ‘ਤੇ ਤਾਇਨਾਤ ਕਰ ਦਿੱਤਾ ਗਿਆ। ਬਚਾਅ ਕਰਮਚਾਰੀਆਂ ਵੱਲੋਂ ਸੁਰੰਗ ਵਿੱਚੋਂ ਪਾਣੀ ਬਾਹਰ ਕੱਢਣ ਲਈ ਵੱਡੀਆਂ ਮਸ਼ੀਨਾਂ ਅਤੇ ਪੰਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਖ਼ਮੀ ਮਜ਼ਦੂਰਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਦੁਖਦਾਈ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਖ਼ੁਦ ਸਥਿਤੀ ਉੱਤੇ ਤਿੱਖੀ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੁਰੰਗ ਵਿੱਚ ਫਸੇ ਬਾਕੀ ਰਹਿੰਦੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕਦਮ ਚੁੱਕਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਨੂੰ ਤੇਜ਼ ਕਰਦਿਆਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਾਲੀ ਅਤੇ ਡਾਕਟਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ ਹਾਈਡ੍ਰੋ ਟਨਲ ਵਿੱਚ ਭਾਰੀ ਮਲਬਾ ਅਤੇ ਪਾਣੀ ਵੜਨ ਕਾਰਨ ਵੱਡਾ ਹਾਦਸਾ, 7 ਮਜ਼ਦੂਰਾਂ ਦੀ ਮੌਤ; ਬਚਾਅ ਕਾਰਜ ਜਾਰੀ

Published:






