ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਈਰਾਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਾ ਤਾਂ ਚੱਲ ਰਹੀ ਹੈ ਅਤੇ ਨਾ ਹੀ ਕੋਈ ਅਧਿਕਾਰਤ ਮੀਟਿੰਗ ਤੈਅ ਹੈ, ਅਤੇ ਉਹ ਇਸ ਜੰਗ ਨੂੰ ਖ਼ਤਮ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕਾਹਲੀ ਵਿੱਚ ਨਹੀਂ ਹਨ।
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵਿਵਾਦਤ ਨਕਸ਼ਾ ਸਾਂਝਾ ਕਰਦਿਆਂ ਟਰੰਪ ਨੇ ਅਤਿ-ਮਹੱਤਵਪੂਰਨ ਸਮੁੰਦਰੀ ਰਸਤੇ ‘ਸਟ੍ਰੇਟ ਆਫ਼ ਹੋਰਮੁਜ਼’ ਨੂੰ ‘ਨਵਾਂ ਅਮਰੀਕੀ ਖੇਤਰ’ ਵਜੋਂ ਦਰਸਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਰਣਨੀਤਕ ਜਲਮਾਰਗ ਤੋਂ ਸਾਰੇ ਵਾਟਰ ਮਾਈਨਜ਼ (ਸੁਰੰਗਾਂ) ਹਟਾ ਦਿੱਤੇ ਗਏ ਹਨ ਅਤੇ ਇਹ ਮਾਰਗ ਪੂਰੀ ਤਰ੍ਹਾਂ ਖੁੱਲ੍ਹਾ ਤੇ ਚਾਲੂ ਹੈ, ਹਾਲਾਂਕਿ ਈਰਾਨ ਦੇ ਵਿਰੋਧ ਅਤੇ ਸੁਰੱਖਿਆ ਖ਼ਤਰਿਆਂ ਕਾਰਨ ਉੱਥੇ ਸਮੁੰਦਰੀ ਆਵਾਜਾਈ ਅਜੇ ਵੀ ਕਾਫ਼ੀ ਪ੍ਰਭਾਵਿਤ ਹੈ।
ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਈਰਾਨੀ ਬੰਦਰਗਾਹਾਂ ‘ਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਪੂਰੀ ਤਰ੍ਹਾਂ ਲਾਗੂ ਹੈ ਅਤੇ ਜੇਕਰ ਓਮਾਨ ਸਰਕਾਰ ਜਾਂ ਕੋਈ ਹੋਰ ਦੇਸ਼ ਇਸ ਪ੍ਰਬੰਧ ਵਿੱਚ ਅੜਿੱਕਾ ਬਣਿਆ, ਤਾਂ ਅਮਰੀਕਾ ਸਖ਼ਤ ਫ਼ੌਜੀ ਕਾਰਵਾਈ ਕਰੇਗਾ। ਦੂਜੇ ਪਾਸੇ, ਈਰਾਨ ਨੇ ਅਮਰੀਕੀ ਰਾਸ਼ਟਰਪਤੀ ਦੇ ਇਸ ਦਾਅਵੇ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਹ ਜਲਮਾਰਗ ਪਹਿਲਾਂ ਵੀ ਉਨ੍ਹਾਂ ਦਾ ਸੀ ਅਤੇ ਹਮੇਸ਼ਾ ਉਨ੍ਹਾਂ ਦਾ ਹੀ ਰਹੇਗਾ, ਜਿਸ ਨੂੰ ਕਿਸੇ ਵੀ ਧਮਕੀ ਨਾਲ ਖੋਹਿਆ ਨਹੀਂ ਜਾ ਸਕਦਾ। ਇਸ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਅਤੇ ਕੀਮਤਾਂ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਬਣੀਆਂ ਹੋਈਆਂ ਹਨ।
ਡੋਨਾਲਡ ਟਰੰਪ ਨੇ ਇੱਕ ਨਕਸ਼ਾ ਜਾਰੀ ਕਰਕੇ ਸਟ੍ਰੇਟ ਆਫ਼ ਹੋਰਮੁਜ਼ ਨੂੰ ਵਿਖਾਇਆ ‘ਨਵਾਂ ਅਮਰੀਕੀ ਖੇਤਰ’

Published:






