ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਲੋਅਰ ਮੈਨਹਟਨ ਸਥਿਤ 26 ਫੈਡਰਲ ਪਲਾਜ਼ਾ ਦੀ ਇਮਾਰਤ ਦੇ ਬਾਹਰ, ਜਿੱਥੇ ਇਮੀਗ੍ਰੇਸ਼ਨ ਕੋਰਟ ਅਤੇ ਹੋਰ ਸਰਕਾਰੀ ਦਫ਼ਤਰ ਸਥਿਤ ਹਨ, ਸੋਮਵਾਰ ਸਵੇਰੇ ਇੱਕ ਵਿਅਕਤੀ ਵੱਲੋਂ ਅੱਗ ਲਗਾਉਣ ਅਤੇ ਪਟਾਕੇ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਐਫ਼.ਬੀ.ਆਈ. ਅਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਐਫ਼.ਬੀ.ਆਈ. ਦੇ ਨਿਊਯਾਰਕ ਫੀਲਡ ਆਫਿਸ ਦੇ ਸਹਾਇਕ ਨਿਰਦੇਸ਼ਕ ਜੇਮਸ ਬਾਰਨੇਕਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ 43 ਸਾਲਾ ਐਂਡਰਿਊ ਅਰਬਾਕਾ ਵਜੋਂ ਹੋਈ ਹੈ, ਜੋ ਕਿ ਇੱਕ ਸਾਬਕਾ ਅਮਰੀਕੀ ਫ਼ੌਜੀ ਹੈ ਅਤੇ ਪੈਟ੍ਰੀਅਟ ਮਿਜ਼ਾਈਲ ਸਿਸਟਮ ਵਿੱਚ ਮਕੈਨਿਕ ਵਜੋਂ ਸੇਵਾ ਨਿਭਾ ਚੁੱਕਾ ਹੈ। ਜਾਂਚ ਏਜੰਸੀਆਂ ਅਨੁਸਾਰ ਮੁਲਜ਼ਮ ਨੇ ਇਮਾਰਤ ਦੀਆਂ ਪੌੜੀਆਂ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾਈ ਅਤੇ ਵੱਡੇ ਪਟਾਕੇ ਚਲਾਉਣ ਦੇ ਨਾਲ-ਨਾਲ ਇੱਕ ਏਅਰਸੌਫਟ ਰਾਈਫਲ (ਪੈਲੇਟ ਗਨ) ਨਾਲ ਪੰਜ ਤੋਂ ਸੱਤ ਫਾਇਰ ਵੀ ਕੀਤੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਹਥਿਆਰਾਂ ਸਮੇਤ ਐਂਟੀ-ਆਈ.ਸੀ.ਈ. ਸਮੱਗਰੀ ਅਤੇ ਸਾਹਿਤ ਵੀ ਬਰਾਮਦ ਕੀਤਾ ਗਿਆ ਹੈ। ਜਾਂਚ ਏਜੰਸੀਆਂ ਇਸ ਮਾਮਲੇ ਨੂੰ ਅਤਿਵਾਦੀ ਗਤੀਵਿਧੀ ਅਤੇ ਸਰਕਾਰ ਵਿਰੋਧੀ ਹਮਲੇ ਵਜੋਂ ਦੇਖ ਰਹੀਆਂ ਹਨ। ਇਸ ਘਟਨਾ ਦੌਰਾਨ ਇੱਕ ਬਾਈਸਟੈਂਡਰ ਅਤੇ ਸੁਰੱਖਿਆ ਕਰਮਚਾਰੀ ਮਾਮੂਲੀ ਤੌਰ ‘ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਮੈਡੀਕਲ ਸਹਾਇਤਾ ਦਿੱਤੀ ਗਈ। ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਇਸ ਘਟਨਾ ਨੂੰ ਡੂੰਘੀ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। ਐੱਫ.ਬੀ.ਆਈ. ਦੀ ਜੁਆਇੰਟ ਟੈਰੋਰਿਜ਼ਮ ਟਾਸਕ ਫੋਰਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਅਤੇ ਆਈ.ਸੀ.ਈ. ਦਫ਼ਤਰ ਬਾਹਰ ਅੱਗ ਲਗਾਉਣ ਵਾਲਾ ਸ਼ੱਕੀ ਕਾਬੂ

Published:






