ਢੋਲ ਦੀ ਥਾਪ ਤੋਂ ਵਿਸ਼ਵ ਮੰਚ ਤੱਕ ਪੰਜਾਬੀ ਸੰਗੀਤ ਅੱਜ ਭਾਰਤ ਦੀ ਸਭ ਤੋਂ ਪ੍ਰਭਾਵਸ਼ਾਲੀ ਪਛਾਣ

Published:

Rate this post

ਦਲਜੀਤ ਦੋਸਾਂਝ, ਸਿੱਧੂ ਮੂਸੇਵਾਲਾ, ਕਰਨ ਔਜਲਾ ਅਤੇ ਏ. ਪੀ. ਢਿੱਲੋਂ ਨੇ ਬਣਾਇਆ ਭਾਰਤ ਨਵੀਂ ‘ਸੌਫਟ ਪਾਵਰ’

_ ਪੰਜਾਬ ਪੋਸਟ –
ਜਦੋਂ ਵੀ ਪੰਜਾਬ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਸ ਆਵਾਜ ਦਾ ਅਹਿਸਾਸ ਹੁੰਦਾ ਹੈ, ਉਹ ਹੈ ਢੋਲ ਦੀ ਥਾਪ। ਵਿਆਹ ਹੋਵੇ, ਵਿਸਾਖੀ ਦਾ ਤਿਉਹਾਰ ਜਾਂ ਕੋਈ ਵੀ ਖੁਸ਼ੀ ਦਾ ਮੌਕਾ- ਢੋਲ ਦੀ ਇਹ ਲੈ ਅਜਿਹਾ ਜਸ਼ਨ ਪੈਦਾ ਕਰਦੀ ਹੈ ਜਿਸ ਨੂੰ ਸਮਝਣ ਲਈ ਕਿਸੇ ਭਾਸ਼ਾ ਦੀ ਲੋੜ ਨਹੀਂ ਪੈਂਦੀ। ਇਹੀ ਰੂਹਾਨੀ ਲੈਅ ਅਤੇ ਜਜ਼ਬਾ ਅੱਜ ਪੰਜਾਬ ਨੂੰ ਉੱਤਰੀ ਭਾਰਤ ਦੇ ਖੇਤਾਂ ਤੋਂ ਕੈਨੇਡਾ, ਬਰਤਾਨੀਆ, ਅਮਰੀਕਾ ਅਤੇ ਆਸਟ੍ਰੇਲੀਆ ਦੇ ਵੱਡੇ ਵੱਡੇ ਸੰਗੀਤ ਮੰਚਾਂ ਤੱਕ ਲੈ ਗਿਆ ਹੈ। ਇੱਕ ਸਮੇਂ ਦਾ ਖੇਤਰੀ ਲੋਕ-ਸੰਗੀਤ ਅੱਜ ਭਾਰਤ ਦੀ ਸਭ ਤੋਂ ਪ੍ਰਭਾਵਸ਼ਾਲੀ ਸੱਭਿਆਚਾਰਕ ਪਛਾਣ ਬਣ ਚੁੱਕਾ ਹੈ।
ਵਿਦੇਸ਼ ਨੀਤੀ ਦੀ ਭਾਸ਼ਾ ਵਿੱਚ ਇਸਨੂੰ ‘ਸੌਫਟ ਪਾਵਰ’ ਕਿਹਾ ਜਾਂਦਾ ਹੈ। ਅਜਿਹੀ ਤਾਕਤ ਜੋ ਕਿਸੇ ਦੇਸ਼ ਦੀ ਸੰਸਕਿ੍ਰਤੀ, ਸੰਗੀਤ, ਭੋਜਨ ਅਤੇ ਰਿਵਾਇਤਾਂ ਰਾਹੀਂ ਦੁਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਜਿੱਥੇ ਸਰਕਾਰਾਂ ਇਸ ਛਵੀ ਨੂੰ ਬਣਾਉਣ ਲਈ ਸਾਲਾਂ ਲਗਾ ਦਿੰਦੀਆਂ ਹਨ, ਉੱਥੇ ਪੰਜਾਬ ਨੇ ਇਹ ਸਨਮਾਨ ਆਪਣੇ ਢੋਲ, ਭੰਗੜੇ ਅਤੇ ਲੋਕ-ਸੰਗੀਤ ਨਾਲ ਹਾਸਲ ਕੀਤਾ ਹੈ।
ਪੰਜਾਬੀ ਸੰਗੀਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੇ ਵਿਸ਼ਵ ਪੱਧਰ ’ਤੇ ਪਹੁੰਚਣ ਲਈ ਆਪਣੀਆਂ ਜੜਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ਢੋਲ ਦੀ ਥਾਪ, ਪੰਜਾਬੀ ਭਾਸ਼ਾ ਅਤੇ ਲੋਕ-ਗਾਇਕੀ ਦੀ ਰੂਹ ਨੂੰ ਕਾਇਮ ਰੱਖਦਿਆਂ ਇਸ ਨੇ ਹਿਪ-ਹਾਪ, ਆਰ ਐਂਡ ਬੀ ਅਤੇ ਆਧੁਨਿਕ ਸੰਗੀਤ ਨੂੰ ਵੀ ਆਪਣੇ ਅੰਦਰ ਸਮੋ ਲਿਆ।
ਦਿਲਜੀਤ, ਸਿੱਧੂ ਮੂਸੇਵਾਲਾ, ਕਰਨ ਔਜਲਾ ਅਤੇ ਏ. ਪੀ. ਢਿੱਲੋਂ ਨੇ ਬਦਲੀ ਤਸਵੀਰ
ਦਿਲਜੀਤ ਦੋਸਾਂਝ ਦਾ ਕੋਚੈਲਾ ਸੰਗੀਤ ਮੇਲੇ ਵਿੱਚ ਪ੍ਰਦਰਸ਼ਨ ਪੰਜਾਬੀ ਸੰਗੀਤ ਲਈ ਇੱਕ ਇਤਿਹਾਸਕ ਪਲ ਸੀ। ਸਿੱਧੂ ਮੂਸੇਵਾਲੇ ਮਗਰੋਂ ਪੱਗ ਬੰਨ ਕੇ ਦਿਲਜੀਤ ਨੇ ਹਜ਼ਾਰਾਂ ਦਰਸ਼ਕਾਂ ਸਾਹਮਣੇ ਪੰਜਾਬੀ ਵਿੱਚ ਗੀਤ ਗਾਏ ਅਤੇ ਭਾਸ਼ਾ ਦੀ ਰੁਕਾਵਟ ਨੂੰ ਬੇਮਾਇਨੇ ਸਾਬਤ ਕਰ ਦਿੱਤਾ। ਇਸ ਤੋਂ ਬਾਅਦ ਅਮਰੀਕਾ ਦੇ ਲਾਸ ਏਂਜਲਸ ਸਿਟੀ ਕੌਂਸਲ ਵੱਲੋਂ 6 ਜਨਵਰੀ 2027 ਨੂੰ ‘ਦਿਲਜੀਤ ਦੋਸਾਂਝ ਦਿਵਸ’ ਐਲਾਨਿਆ ਜਾਣਾ ਪੰਜਾਬੀ ਸੰਗੀਤ ਲਈ ਵੱਡਾ ਸਨਮਾਨ ਮੰਨਿਆ ਗਿਆ।
ਕਰਨ ਔਜਲਾ ਦੀ ਸਫਲਤਾ ਸੋਸ਼ਲ ਮੀਡੀਆ ਰਾਹੀਂ ਨਵੀਂ ਪੀੜੀ ਤੱਕ ਪਹੁੰਚੀ। ਉਨਾਂ ਨੇ ਆਪਣੇ ਵਿਲੱਖਣ ਅੰਦਾਜ ਨਾਲ ਦੁਨੀਆ ਭਰ ਦੇ ਪੰਜਾਬੀ ਨੌਜਵਾਨਾਂ ਨੂੰ ਜੋੜਿਆ ਅਤੇ ਵੱਡੇ ਸੰਗੀਤ ਸਮਾਗਮਾਂ ਵਿੱਚ ਰਿਕਾਰਡ ਦਰਸ਼ਕ ਇਕੱਠੇ ਕੀਤੇ। ਟਿਕਟਾਕ ਜੂਨੋ ਫੈਨ ਚੋਇਸ ਐਵਾਰਡ ਜਿੱਤਣਾ ਇਸ ਗੱਲ ਦਾ ਸਬੂਤ ਸੀ ਕਿ ਪੰਜਾਬੀ ਸੰਗੀਤ ਹੁਣ ਆਪਣਾ ਵੱਖਰਾ ਵਿਸ਼ਵ ਪੱਧਰੀ ਦਰਸ਼ਕ ਵਰਗ ਬਣਾ ਚੁੱਕਾ ਹੈ।
ਏ. ਪੀ. ਢਿੱਲੋਂ ਦੀ ਸੰਗੀਤਕ ਯਾਤਰਾ ਪੰਜਾਬ ਅਤੇ ਪਰਵਾਸੀ ਜੀਵਨ ਨੂੰ ਇੱਕੋ ਧਾਗੇ ਵਿੱਚ ਜੋੜਦੀ ਹੈ। ਉਨਾਂ ਦਾ ਸੰਗੀਤ ਆਧੁਨਿਕ ਧੁਨਾਂ ਨਾਲ ਜੁੜਿਆ ਹੋਣ ਦੇ ਬਾਵਜੂਦ ਆਪਣੀਆਂ ਪੰਜਾਬੀ ਜੜਾਂ ਨਾਲ ਮਜ਼ਬੂਤੀ ਨਾਲ ਖੜਾ ਹੈ। ਵਿਦੇਸ਼ਾਂ ਵਿੱਚ ਪਲੇ-ਬੜੇ ਪੰਜਾਬੀ ਨੌਜਵਾਨਾਂ ਲਈ ਇਹ ਉਨਾਂ ਦੀ ਪਛਾਣ ਨਾਲ ਜੁੜੇ ਰਹਿਣ ਦਾ ਇੱਕ ਮਹੱਤਵਪੂਰਨ ਸਾਧਨ ਬਣਿਆ ਹੈ।
ਸਿਰਫ ਸੰਗੀਤ ਨਹੀਂ, ਸਗੋਂ ਪਛਾਣ ਦਾ ਜਸ਼ਨ
ਪੰਜਾਬੀ ਸੰਗੀਤ ਦੀ ਕਾਮਯਾਬੀ ਸਿਰਫ ਸਟ੍ਰੀਮਿੰਗ ਅੰਕੜਿਆਂ ਜਾਂ ਭਰੇ ਹੋਏ ਸਟੇਡੀਅਮਾਂ ਤੱਕ ਸੀਮਤ ਨਹੀਂ। ਇਹ ਉਨਾਂ ਪਰਿਵਾਰਾਂ ਲਈ ਮਾਣ ਦਾ ਵਿਸ਼ਾ ਹੈ ਜੋ ਦਹਾਕਿਆਂ ਪਹਿਲਾਂ ਕੈਨੇਡਾ, ਬਰਤਾਨੀਆ ਜਾਂ ਆਸਟ੍ਰੇਲੀਆ ਵਿੱਚ ਮਜ਼ਦੂਰਾਂ, ਕਿਸਾਨਾਂ ਜਾਂ ਛੋਟੇ ਕਾਰੋਬਾਰੀਆਂ ਵਜੋਂ ਜਾ ਵਸੇ ਸਨ। ਅੱਜ ਉਨਾਂ ਦੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਨੂੰ ਦੁਨੀਆ ਸਨਮਾਨ ਨਾਲ ਸੁਣ ਰਹੀ ਹੈ।
ਪੰਜਾਬ ਦੀ ਇਹੀ ਤਾਕਤ ਹੈ ਕਿ ਉਸ ਨੇ ਆਪਣੀ ਪਛਾਣ ਨੂੰ ਬਦਲੇ ਬਿਨਾਂ ਦੁਨੀਆ ਦਾ ਦਿਲ ਜਿੱਤਿਆ ਹੈ। ਦਿਲਜੀਤ ਦੋਸਾਂਝ, ਸਿੱਧੂ ਮੂਸੇਵਾਲਾ, ਕਰਨ ਔਜਲਾ, ਏ. ਪੀ. ਢਿੱਲੋਂ ਅਤੇ ਨਵੀਂ ਪੀੜੀ ਦੇ ਹੋਰ ਪੰਜਾਬੀ ਕਲਾਕਾਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਹੁਣ ਸਿਰਫ ਭਾਰਤ ਦਾ ਹੀ ਨਹੀਂ, ਸਗੋਂ ਪੰਜਾਬ ਦਾ ਵੀ ਵਿਲੱਖਣ ਸੰਗੀਤ ਸੁਣ ਰਹੀ ਹੈ, ਇੱਕ ਅਜਿਹੀ ਆਵਾਜ ਜੋ ਆਤਮ-ਵਿਸ਼ਵਾਸ਼ੀ ਹੈ, ਆਪਣੀਆਂ ਜੜਾਂ ਨਾਲ ਜੁੜੀ ਹੈ ਅਤੇ ਆਪਣੀ ਵੱਖਰੀ ਪਛਾਣ ਰੱਖਦੀ ਹੈ।

Read News Paper

Related articles

spot_img

Recent articles

spot_img