ਲਖਨਊ ਦੇ ਕੋਚਿੰਗ ਸੈਂਟਰ ‘ਚ ਭਿਆਨਕ ਅੱਗ: 15 ਵਿਦਿਆਰਥੀਆਂ ਦੀ ਦਰਦਨਾਕ ਮੌਤ, 4 ਅਧਿਕਾਰੀ ਮੁਅੱਤਲ, 4 ਗ੍ਰਿਫਤਾਰ

Published:

Rate this post

ਲਖਨਊ/ਪੰਜਾਬ ਪੋਸਟ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਖੇਤਰ ਵਿੱਚ ਇੱਕ 3 ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਕਾਰਨ 15 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਦੇ ਨੌਜਵਾਨ ਵਿਦਿਆਰਥੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚ 12 ਨੌਜਵਾਨ ਅਤੇ 3 ਲੜਕੀਆਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 16 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ 9 ਹੋਰ ਵਿਦਿਆਰਥੀ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅਲੀਗੰਜ ਦੇ ਪੁਰਾਨੀਆ ਇਲਾਕੇ ਵਿੱਚ ਸਥਿਤ ਇੱਕ ਇਮਾਰਤ ਵਿੱਚ ਵਾਪਰਿਆ, ਜਿਸਦੀ ਉਪਰਲੀ ਮੰਜ਼ਿਲ ‘ਤੇ ਇੱਕ ਐਨੀਮੇਸ਼ਨ ਸਟੂਡੀਓ ਅਤੇ ਕੋਚਿੰਗ ਸੈਂਟਰ ਚੱਲ ਰਿਹਾ ਸੀ, ਜਦੋਂ ਕਿ ਹੇਠਲੀ ਮੰਜ਼ਿਲ ‘ਤੇ ਪਾਲਤੂ ਜਾਨਵਰਾਂ ਦੀ ਦੁਕਾਨ ਸੀ। ਅੱਗ ਲੱਗਣ ਕਾਰਨ ਇਮਾਰਤ ਵਿੱਚ ਸੰਘਣਾ ਧੂੰਆਂ ਫੈਲ ਗਿਆ, ਜਿਸ ਕਾਰਨ ਕਈ ਵਿਦਿਆਰਥੀਆਂ ਦਾ ਦਮ ਘੁੱਟ ਗਿਆ। ਕਈਆਂ ਨੇ ਬਚਣ ਲਈ ਖਿੜਕੀਆਂ ਵਿੱਚੋਂ ਛਾਲਾਂ ਮਾਰ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਕੰਧਾਂ ਤੋੜ ਕੇ ਬਚਾਅ ਕਾਰਜ ਚਲਾਇਆ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਲਖਨਊ ਵਿਕਾਸ ਅਥਾਰਟੀ, ਫਾਇਰ ਵਿਭਾਗ ਅਤੇ ਬਿਜਲੀ ਵਿਭਾਗ ਦੇ 4 ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਇਮਾਰਤ ਦੇ ਮਾਲਕ ਵੀਰੇਂਦਰ ਪ੍ਰਸਾਦ ਸ਼ੁਕਲਾ ਅਤੇ ਕੋਚਿੰਗ ਸੈਂਟਰ ਦੇ ਸੰਚਾਲਕ ਤੁਸ਼ਾਰ ਕ੍ਰਿਸ਼ਨਾ ਜੈਸਵਾਲ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਇਮਾਰਤ ਨੂੰ ਰਿਹਾਇਸ਼ੀ ਵਜੋਂ ਮਨਜ਼ੂਰੀ ਮਿਲੀ ਹੋਈ ਸੀ, ਪਰ ਇੱਥੇ ਗੈਰ-ਕਾਨੂੰਨੀ ਢੰਗ ਨਾਲ ਵਪਾਰਕ ਗਤੀਵਿਧੀਆਂ ਚੱਲ ਰਹੀਆਂ ਸਨ। ਇਸ ਤੋਂ ਇਲਾਵਾ ਇਮਾਰਤ ਦਾ ਪ੍ਰਵਾਨਿਤ ਬਿਜਲੀ ਲੋਡ 20 ਕਿਲੋਵਾਟ ਸੀ, ਪਰ ਅਸਲ ਵਿੱਚ ਇੱਥੇ 34.10 ਕੇਵੀਏ ਲੋਡ ਚੱਲ ਰਿਹਾ ਸੀ, ਜਿਸ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਹਾਦਸੇ ਦੀ ਜਾਂਚ ਲਈ 2 ਮੈਂਬਰੀ ਉੱਚ ਪੱਧਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ 7 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।

Read News Paper

Related articles

spot_img

Recent articles

spot_img