ਹੋਰਮੁਜ਼ ਸਟਰੇਟ ਵਿੱਚ ਭਿਆਨਕ ਜੰਗੀ ਟਕਰਾਅ: ਅਮਰੀਕਾ ਵੱਲੋਂ ‘ਪ੍ਰੋਜੈਕਟ ਫ੍ਰੀਡਮ’ ਤਹਿਤ ਇਰਾਨੀ ਫੌਜੀ ਬੇੜੀਆਂ ਤਬਾਹ

Published:

Rate this post

ਵਾਸ਼ਿੰਗਟਨ/ਦੁਬਈ/ਪੰਜਾਬ ਪੋਸਟ
ਹੋਰਮੁਜ਼ ਸਟਰੇਟ ਵਿੱਚ ਸਥਿਤੀ ਬੇਹੱਦ ਖ਼ਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਚਲਾਏ ਜਾ ਰਹੇ ਪ੍ਰੋਜੈਕਟ ਫ੍ਰੀਡਮ ਤਹਿਤ ਅਮਰੀਕੀ ਜਲ ਸੈਨਾ ਨੇ ਇਰਾਨ ਦੇ ਨੇਵਲ ਬਲਾਕੇਡ ਨੂੰ ਤੋੜਨ ਲਈ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਸੈਂਟਕਾਮ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਅਮਰੀਕੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਨੇ ਇਰਾਨੀ ਰੀਵੋਲਿਊਸ਼ਨਰੀ ਗਾਰਡ ਦੀਆਂ 7 ਤੇਜ਼ ਰਫ਼ਤਾਰ ਫਾਸਟ ਬੋਟਸ ਨੂੰ ਸਮੁੰਦਰ ਵਿੱਚ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ। ਇਹ ਬੇੜੀਆਂ ਅੰਤਰਰਾਸ਼ਟਰੀ ਪਾਣੀਆਂ ਵਿੱਚ ਵਪਾਰਕ ਜਹਾਜ਼ਾਂ ਦਾ ਰਸਤਾ ਰੋਕਣ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।
ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ‘ਤੇ ਇੱਕ ਬੇਹੱਦ ਤਿੱਖੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਜੇਕਰ ਇਰਾਨ ਨੇ ਅਮਰੀਕੀ ਜਹਾਜ਼ਾਂ ਜਾਂ ਸਾਡੇ ਸਹਿਯੋਗੀ ਦੇਸ਼ਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਕੀਤੀ, ਤਾਂ ਉਸ ਨੂੰ ਬਲੋਨ ਆਫ਼ ਦੀ ਫੇਸ ਆਫ਼ ਦੀ ਅਰਥ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਹੁਣ ਇਰਾਨ ਦੀਆਂ ਧਮਕੀਆਂ ਅੱਗੇ ਨਹੀਂ ਝੁਕੇਗਾ ਅਤੇ ਹੋਰਮੁਜ਼ ਸਟਰੇਟ ਨੂੰ ਵਪਾਰ ਲਈ ਖੁੱਲ੍ਹਾ ਰੱਖਣਾ ਸਾਡੀ ਪਹਿਲੀ ਤਰਜੀਹ ਹੈ।
ਇਸ ਜੰਗੀ ਕਾਰਵਾਈ ਦੇ ਭਿਆਨਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇਰਾਨ ਵੱਲੋਂ ਕੀਤੇ ਗਏ ਜਵਾਬੀ ਡਰੋਨ ਹਮਲਿਆਂ ਵਿੱਚ ਯੂ.ਏ.ਈ. ਦੇ ਫੁਜੈਰਾ ਪੈਟਰੋਲੀਅਮ ਜ਼ੋਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿੱਚ ਤਿੰਨ ਭਾਰਤੀ ਕਾਮੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਇੱਕ ਵੱਡੇ ਮਾਲਵਾਹਕ ਜਹਾਜ਼ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ, ਜਿਸ ਦਾ ਇਲਜ਼ਾਮ ਅਮਰੀਕਾ ਨੇ ਇਰਾਨ ਦੇ ਮਾਈਨ ਹਮਲੇ ‘ਤੇ ਲਗਾਇਆ ਹੈ।
ਵਿਸ਼ਵ ਪੱਧਰ ‘ਤੇ ਇਸ ਟਕਰਾਅ ਕਾਰਨ ਹਾਹਾਕਾਰ ਮਚੀ ਹੋਈ ਹੈ। ਆਈ.ਐਮ.ਐਫ. ਨੇ ਇੱਕ ਐਮਰਜੈਂਸੀ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਕ੍ਰਾਈਸਿਸ ਜਲਦੀ ਹੱਲ ਨਾ ਹੋਇਆ, ਤਾਂ ਗਲੋਬਲ ਸਪਲਾਈ ਚੇਨ ਪੂਰੀ ਤਰ੍ਹਾਂ ਟੁੱਟ ਸਕਦੀ ਹੈ, ਜਿਸ ਨਾਲ ਪੂਰੀ ਦੁਨੀਆ ਵਿੱਚ ਮਹਿੰਗਾਈ ਦਾ ਵੱਡਾ ਹੜ੍ਹ ਆ ਜਾਵੇਗਾ। ਅਮਰੀਕੀ ਕਾਂਗਰਸ ਵਿੱਚ ਵੀ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਅਤੇ ਵਿਰੋਧੀ ਧਿਰਾਂ ਨੇ ਇਸ ਨੂੰ ਬਿਨਾਂ ਮਨਜ਼ੂਰੀ ਦੇ ਸ਼ੁਰੂ ਕੀਤੀ ਗਈ ਜੰਗ ਕਰਾਰ ਦਿੱਤਾ ਹੈ। ਫਿਲਹਾਲ ਪੂਰੇ ਖੇਤਰ ਵਿੱਚ ਹਾਈ ਅਲਰਟ ਜਾਰੀ ਹੈ ਅਤੇ ਕਿਸੇ ਵੀ ਵੇਲੇ ਵੱਡੇ ਜੰਗੀ ਹਮਲੇ ਦੀ ਸੰਭਾਵਨਾ ਬਣੀ ਹੋਈ ਹੈ।

Read News Paper

Related articles

spot_img

Recent articles

spot_img