ਪਠਾਨਕੋਟ/ਪੰਜਾਬ ਪੋਸਟ
ਪੰਜਾਬ ਵਿੱਚ ਪਿਛਲੇ ਸਾਲ ਹੜ੍ਹਾਂ ਸਮੇਂ ਰਣਜੀਤ ਸਾਗਰ ਟਾਈਮ ਤੋਂ ਛੱਡੇ ਗਏ ਭਾਰੀ ਮਾਤਰਾ ਵਿੱਚ ਪਾਣੀ ਨਾਲ ਮਾਧੋਪੁਰ ਹੈੱਡਵਰਕਸ ਤੇ ਰੁੜ੍ਹ ਗਏ ਚਾਰ ਫਲੱਡ ਗੇਟਾਂ ਦੀ ਥਾਂ ’ਤੇ ਹੁਣ ਨਵੇਂ ਗੇਟ ਲਗਾ ਦਿੱਤੇ ਗਏ ਹਨ ਅਤੇ ਫਲੱਡ ਗੇਟਾਂ ’ਤੇ ਹੈੱਡਵਰਕਸ ਦੀ ਇਮਾਰਤ ਆਦਿ ਦੇ ਹੋਰ ਮੁਰੰਮਤ ਕਾਰਜਾਂ ਉੱਪਰ 35 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਦਾ ਕੰਮ ਹਰਿਆਣਾ ਦੀ ਦਇਆਨੰਦ ਕੰਸਟਰਕਸ਼ਨ ਕੰਪਨੀ ਵੱਲੋਂ ਮੁਕੰਮਲ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਮੌਨਸੂਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੈੱਡਵਰਕਸ ਦੇ ਗੇਟ ਪੂਰੀ ਤਰ੍ਹਾਂ ਨਾਲ ਮੁਰੰਮਤ ਹੋ ਚੁੱਕੇ ਹਨ।
ਹੈੱਡਵਰਕਸ ਵਿਖੇ ਹੁਣ ਗੇਟ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਚੁੱਕੇ ਹਨ ਅਤੇ ਗੇਟਾਂ ਦੇ ਨਾਲ ਹੇਠਾਂ ਡਾਊਨ ਸਟਰੀਮ ਵਾਲੇ ਪਾਸੇ ਦਰਿਆ ਵਿੱਚ 100 ਮੀਟਰ ਲੰਬੇ ਅਤੇ 50 ਮੀਟਰ ਚੌੜੇ ਬੈਡ ਨੂੰ ਵੀ ਕੰਕਰੀਟ ਨਾਲ ਪੱਕਾ ਕਰ ਦਿੱਤਾ ਗਿਆ ਹੈ ਅਤੇ ਪੱਥਰਾਂ ਦੇ ਕਰੇਟ ਵੀ ਪਾਏ ਗਏ ਸਨ। ਹੈੱਡਵਰਕਸ ਦੇ ਕੁੱਲ 54 ਗੇਟ ਤਿਆਰ ਹੋ ਚੁੱਕੇ ਸਨ।ਹੈੱਡਵਰਕਸ ਦੇ ਐਸਡੀਓ ਰਾਜੀਵ ਕੁਮਾਰ ਦਾ ਕਹਿਣਾ ਸੀ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ ਇਹ ਸਾਰਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੌਨਸੂਨ ਵੇਲੇ 25 ਅਗਸਤ ਨੂੰ ਰਣਜੀਤ ਸਾਗਰ ਡੈਮ ਤੋਂ ਬੇਤਹਾਸ਼ਾ ਪਾਣੀ ਰਾਵੀ ਦਰਿਆ ਵਿੱਚ ਛੱਡ ਦਿੱਤਾ ਗਿਆ ਸੀ ਜਿਸ ਨੇ ਹੇਠਾਂ ਮਾਧੋਪੁਰ ਅਤੇ ਹੋਰ ਪਿੰਡਾਂ ਵਿੱਚ ਵਿਆਪਕ ਤਬਾਹੀ ਮਚਾਈ ਸੀ।
ਹੜ੍ਹ ਦੀ ਮਾਰ ਝੱਲ ਚੁੱਕੇ ਮਾਧੋਪੁਰ ਹੈੱਡਵਰਕਸ ’ਤੇ ਨਵੇਂ ਫਲੱਡ ਗੇਟ ਲਾਏ ਗਈ

Published:






