ਐਡੀਲੇਡ/ਪੰਜਾਬ ਪੋਸਟ
ਆਸਟਰੇਲੀਆ ਦੇ ਸ਼ਹਿਰ ਐਡੀਲੇਡ ਦੇ ਉੱਤਰੀ ਉਪਨਗਰ ਵਰਜੀਨੀਆ ਵਿਖੇ ਸਥਿਤ ਪ੍ਰਮੁੱਖ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਲਗਭਗ 9:40 ਵਜੇ ਵਾਪਰੀ। ਪੁਰਾਣੀ ਪੋਰਟ ਵੇਕਫੀਡ ਰੋਡ ’ਤੇ ਸਥਿਤ ਇਸ ਵੱਡੇ ਉਦਯੋਗਿਕ ਕੰਪਲੈਕਸ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਅੱਗ ਇੰਨੀ ਤੇਜ਼ੀ ਨਾਲ ਫ਼ੈਲੀ ਕਿ ਕੁਝ ਹੀ ਸਮੇਂ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਛੱਤ ਅਤੇ ਇਮਾਰਤ ਦਾ ਵੱਡਾ ਹਿੱਸਾ ਡਿੱਗ ਪਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕੰਟਰੀ ਫ਼ਾਇਰ ਸਰਵਿਸ ਅਤੇ ਮੈਟਰੋਪ੍ਰੀਟਨ ਫ਼ਾਇਰ ਸਰਵਿਸ ਦੀਆਂ ਲਗਭਗ 20 ਗੱਡੀਆਂ ਅਤੇ 60 ਤੋਂ ਵੱਧ ਫ਼ਾਇਰ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਫ਼ਾਇਰ ਅਧਿਕਾਰੀਆਂ ਅਨੁਸਾਰ ਇਲਾਕੇ ਵਿੱਚ ਪਾਣੀ ਦੀ ਘਾਟ ਅਤੇ ਅੰਦਰ ਮੌਜੂਦ ਰੈਫ੍ਰਿਜਰੇਸ਼ਨ ਪੈਨਲਾਂ ਤੇ ਗੈਸ ਸਿਲੰਡਰਾਂ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਭਾਰੀ ਮੁਸ਼ਕਲ ਆਈ। ਲਗਭਗ 3 ਤੋਂ 4 ਘੰਟੇ ਦੀ ਸਖ਼ਤ ਮਿਹਤਨ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ ਗਿਆ, ਪਰ ਉਦੋਂ ਤੱਕ ਗੁਰਦੁਆਰਾ ਸਾਹਿਬ ਦਾ ਬਹੁਤਾ ਹਿੱਸਾ ਤਬਾਹ ਹੋ ਚੁੱਕਾ ਸੀ। ਅਧਿਕਾਰੀਆਂ ਨੇ ਸ਼ੁਰੂਆਤੀ ਨੁਕਸਾਨ 10 ਲੱਖ ਡਾਲਰ ਤੋਂ ਵੱਧ ਦਾ ਅਨੁਮਾਨ ਲਗਾਇਆ ਹੈ।
ਗ਼ਨੀਮਤ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਕਿਉਂਕਿ ਅੰਦਰ ਮੌਜੂਦ ਇੱਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਉੱਧਰ, ਗੁਰਦੁਆਰਾ ਪ੍ਰਬੰਧਕਾਂ ਅਤੇ ਸਥਾਨਕ ਪੰਜਾਬੀ ਭਾਈਚਾਰੇ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫ਼ਾਇਰ ਵਿਭਾਗ ਅਤੇ ਪੁਲਿਸ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਮਲਬੇ ਹਟਾਉਣ ਅਤੇ ਸੁਰੱਖਿਆ ਕਾਰਜਾਂ ਲਈ ਟੀਮਾਂ ਮੌਕੇ ’ਤੇ ਮੌਜੂਦ ਹਨ।
ਆਸਟਰੇਲੀਆ ਦੇ ਐਡੀਲੇਡ ਵਿਖੇ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਭਿਆਨਕ ਅੱਗ, ਇਮਾਰਤ ਤਬਾਹ ਅਤੇ ਲੱਖਾਂ ਡਾਲਰਾਂ ਦਾ ਨੁਕਸਾਨ

Published:






