ਕੋਰੋਵਾਈ ਜਨਜਾਤੀ ਦੀ ਹੈਰਾਨ ਕਰ ਦੇਣ ਵਾਲੀ ਜ਼ਿੰਦਗੀ
ਦੁਨੀਆ ਵਿੱਚ ਅੱਜ ਅਜਿਹੇ ਸ਼ਹਿਰ ਹਨ ਜਿੱਥੇ ਇਮਾਰਤਾਂ ਸੈਂਕੜੇ ਮੰਜ਼ਿਲਾਂ ਉੱਚੀਆਂ ਹਨ, ਮਨੁੱਖ ਮਿੰਟਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਪਹੁੰਚ ਜਾਂਦਾ ਹੈ ਅਤੇ ਮੋਬਾਈਲ ਫੋਨ ਰਾਹੀਂ ਦੁਨੀਆ ਦਾ ਕੋਈ ਵੀ ਕੋਨਾ ਹੱਥ ਵਿੱਚ ਆ ਜਾਂਦਾ ਹੈ। ਪਰ ਧਰਤੀ ਦੇ ਇੱਕ ਕੋਨੇ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਰਵਾਇਤੀ ਜ਼ਿੰਦਗੀ ਵਿੱਚ ਘਰ ਬਣਾਉਣ ਲਈ ਇੱਟਾਂ, ਸੀਮੈਂਟ ਜਾਂ ਲੋਹੇ ਦੀ ਲੋੜ ਨਹੀਂ ਪੈਂਦੀ। ਉਹ ਜੰਗਲ ਦੇ ਦਰੱਖਤਾਂ ਉੱਤੇ ਆਪਣਾ ਘਰ ਬਣਾਉਂਦੇ ਰਹੇ ਹਨ। ਇਹ ਹਨ ਕੋਰੋਵਾਈ ਲੋਕ, ਜੋ ਇੰਡੋਨੇਸ਼ੀਆ ਦੇ ਪਾਪੂਆ ਖੇਤਰ ਦੇ ਦੂਰ-ਦੁਰਾਡੇ ਵਰਖਾ-ਜੰਗਲਾਂ ਵਿੱਚ ਰਹਿੰਦੇ ਹਨ।
ਕੋਰੋਵਾਈ ਲੋਕ ਲੰਮੇ ਸਮੇਂ ਤੱਕ ਬਾਹਰੀ ਦੁਨੀਆ ਤੋਂ ਬਹੁਤ ਹੱਦ ਤੱਕ ਵੱਖਰੇ ਰਹੇ। ਉਪਲਬਧ ਇਤਿਹਾਸਕ ਜਾਣਕਾਰੀ ਅਨੁਸਾਰ ਲਗਭਗ 1975 ਤੱਕ ਉਨ੍ਹਾਂ ਦਾ ਬਾਹਰੀ ਲੋਕਾਂ ਨਾਲ ਬਹੁਤ ਘੱਟ ਸੰਪਰਕ ਸੀ। 4 ਅਕਤੂਬਰ 1978 ਨੂੰ ਡੱਚ ਮਿਸ਼ਨਰੀ ਜੋਹਾਨਸ ਵੇਲਡਹੂਇਜਨ ਦੀ ਕੋਰੋਵਾਈ ਲੋਕਾਂ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਦਰਜ ਕੀਤੀ ਗਈ। ਇਸ ਤੋਂ ਬਾਅਦ ਹੌਲੀ-ਹੌਲੀ ਸਕੂਲ, ਇਲਾਜ ਕੇਂਦਰ ਅਤੇ ਬਾਹਰੀ ਦੁਨੀਆ ਨਾਲ ਸੰਪਰਕ ਵਧਿਆ। ਉਨ੍ਹਾਂ ਦੀ ਸਭ ਤੋਂ ਹੈਰਾਨ ਕਰਨ ਵਾਲੀ ਪਛਾਣ ਹਨ ਦਰੱਖਤਾਂ ਉੱਤੇ ਬਣੇ ਘਰ। ਇੱਕ ਆਮ ਕੋਰੋਵਾਈ ਪਰਿਵਾਰ ਦਾ ਦਰੱਖਤੀ ਘਰ ਧਰਤੀ ਤੋਂ ਲਗਭਗ 8 ਤੋਂ 12 ਮੀਟਰ ਉੱਚਾ ਹੋ ਸਕਦਾ ਹੈ। ਕੁਝ ਖੇਤਰਾਂ ਵਿੱਚ ਇਸ ਤੋਂ ਵੀ ਬਹੁਤ ਉੱਚੇ ਘਰ ਬਣਾਏ ਗਏ ਹਨ ਅਤੇ ਕੁਝ ਦੀ ਉਚਾਈ ਲਗਭਗ 45 ਮੀਟਰ ਤੱਕ ਦਰਜ ਕੀਤੀ ਗਈ ਹੈ। ਇਹ ਘਰ ਕਿਸੇ ਵੱਡੀ ਮਸ਼ੀਨ ਨਾਲ ਨਹੀਂ ਬਣਦੇ। ਇੱਕ ਮਜ਼ਬੂਤ ਦਰੱਖਤ ਨੂੰ ਮੁੱਖ ਸਹਾਰਾ ਬਣਾਇਆ ਜਾਂਦਾ ਹੈ। ਟਾਹਣੀਆਂ ਨਾਲ ਫਰਸ਼ ਅਤੇ ਢਾਂਚਾ ਤਿਆਰ ਕੀਤਾ ਜਾਂਦਾ ਹੈ, ਸਾਗੋ ਦੇ ਦਰੱਖਤ ਦੀ ਛਾਲ ਨਾਲ ਕੰਧਾਂ ਅਤੇ ਫਰਸ਼ ਬਣਾਏ ਜਾਂਦੇ ਹਨ, ਜਦਕਿ ਪੱਤਿਆਂ ਨਾਲ ਛੱਤ ਤਿਆਰ ਕੀਤੀ ਜਾਂਦੀ ਹੈ। ਰੱਤਨ ਵਰਗੀਆਂ ਕੁਦਰਤੀ ਬੇਲਾਂ ਨਾਲ ਢਾਂਚੇ ਨੂੰ ਬੰਨ੍ਹਿਆ ਜਾਂਦਾ ਹੈ। ਉੱਪਰ ਜਾਣ ਲਈ ਦਰੱਖਤ ਦੇ ਤਣੇ ਦੀ ਬਣੀ ਪੌੜੀ ਵਰਤੀ ਜਾਂਦੀ ਹੈ। ਇਹ ਪੌੜੀ ਚੜ੍ਹਦਿਆਂ ਹਿੱਲਦੀ ਹੈ, ਜਿਸ ਨਾਲ ਘਰ ਵਿੱਚ ਰਹਿਣ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਉੱਪਰ ਆ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਉਹ ਇੰਨੀ ਉਚਾਈ ’ਤੇ ਕਿਉਂ ਰਹਿੰਦੇ ਸਨ? ਇਸਦਾ ਇੱਕ ਹੀ ਕਾਰਨ ਨਹੀਂ।
ਜੰਗਲ ਦੀ ਜ਼ਮੀਨ ਹੇਠਾਂ ਮੱਛਰਾਂ ਅਤੇ ਹੋਰ ਕੀੜਿਆਂ ਤੋਂ ਦੂਰੀ, ਘਰ ਅਤੇ ਆਲੇ-ਦੁਆਲੇ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਆਪਣੀ ਧਾਰਮਿਕ-ਸੱਭਿਆਚਾਰਕ ਸੋਚ ਇਸ ਨਾਲ ਜੁੜੀ ਹੋਈ ਹੈ। ਮਨੁੱਖੀ ਹਮਲੇ ਤੋਂ ਬਚਾਅ ਨੂੰ ਕਈ ਵਾਰ ਕਾਰਨ ਮੰਨਿਆ ਜਾਂਦਾ ਹੈ, ਪਰ ਮਾਨਵ-ਵਿਗਿਆਨਕ ਖੋਜ ਇਹ ਵੀ ਦੱਸਦੀ ਹੈ ਕਿ ਦਰੱਖਤੀ ਘਰਾਂ ਨੂੰ ਸਿਰਫ ‘‘ਦੁਸ਼ਮਣਾਂ ਤੋਂ ਬਚਾਅ ਲਈ ਕਿਲ੍ਹਾ’’ ਸਮਝਣਾ ਸਹੀ ਨਹੀਂ। ਕੋਰੋਵਾਈ ਲੋਕ ਖੁਦ ਆਪਣੇ ਘਰਾਂ ਦੀ ਉਚਾਈ ਨੂੰ ਅਦਿੱਖ ਆਤਮਿਕ ਤਾਕਤਾਂ ਅਤੇ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਨਾਲ ਵੀ ਜੋੜਦੇ ਰਹੇ ਹਨ। ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਜੰਗਲ ਹੈ। ਉਹ ਰਵਾਇਤੀ ਤੌਰ ’ਤੇ ਸ਼ਿਕਾਰ, ਮੱਛੀ ਫੜਨ, ਬਾਗਬਾਨੀ ਅਤੇ ਜੰਗਲ ਤੋਂ ਮਿਲਣ ਵਾਲੀਆਂ ਚੀਜਾਂ ਉੱਤੇ ਨਿਰਭਰ ਰਹੇ ਹਨ। ਸਾਗੋ ਉਨ੍ਹਾਂ ਦੀ ਖੁਰਾਕ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਸਾਗੋ ਦੇ ਦਰੱਖਤ ਦੇ ਅੰਦਰੋਂ ਮਿਲਣ ਵਾਲੇ ਸਟਾਰਚ ਨੂੰ ਕੱਢ ਕੇ ਖਾਣ ਲਈ ਤਿਆਰ ਕੀਤਾ ਜਾਂਦਾ ਹੈ। ਕੇਲੇ, ਮਿੱਠੇ ਆਲੂ, ਸਬਜ਼ੀਆਂ ਅਤੇ ਜੰਗਲੀ ਫਲ ਵੀ ਖਾਧੇ ਜਾਂਦੇ ਹਨ। ਦਰਿਆਵਾਂ ਤੋਂ ਮੱਛੀ ਅਤੇ ਜੰਗਲ ਤੋਂ ਜੰਗਲੀ ਸੂਰ ਵਰਗੇ ਜਾਨਵਰ ਸ਼ਿਕਾਰ ਕੀਤੇ ਜਾਂਦੇ ਹਨ। ਉਨ੍ਹਾਂ ਕੋਲ ਰਵਾਇਤੀ ਸ਼ਿਕਾਰ ਦੇ ਆਪਣੇ ਤਰੀਕੇ ਹਨ। ਧਨੁਸ਼-ਤੀਰ ਦੀ ਵਰਤੋਂ ਕੀਤੀ ਜਾਂਦੀ ਹੈ। ਮੱਛੀਆਂ ਫੜਨ ਲਈ ਤੀਰ, ਟੋਕਰੀ ਵਰਗੇ ਫੰਦੇ ਅਤੇ ਕੁਝ ਥਾਵਾਂ ’ਤੇ ਪਾਣੀ ਨੂੰ ਰੋਕ ਕੇ ਬਣਾਏ ਗਏ ਛੋਟੇ ਬੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਇਸ ਜੀਵਨ ਵਿੱਚ ਬਾਜ਼ਾਰ ਤੋਂ ਹਰ ਚੀਜ਼ ਖਰੀਦਣ ਦੀ ਥਾਂ ਜੰਗਲ ਅਤੇ ਆਪਣੇ ਬਾਗ ਤੋਂ ਲੋੜ ਦੀਆਂ ਚੀਜਾਂ ਹਾਸਲ ਕਰਨ ਦੀ ਪ੍ਰਥਾ ਰਹੀ ਹੈ। ਕੋਰੋਵਾਈ ਪਰਿਵਾਰਕ ਅਤੇ ਸਮਾਜਿਕ ਜੀਵਨ ਵੀ ਆਪਣੇ ਨਿਯਮਾਂ ਨਾਲ ਚੱਲਦਾ ਹੈ। ਰਵਾਇਤੀ ਬਸਤੀਆਂ ਵਿੱਚ ਕੁਝ ਪਰਿਵਾਰਾਂ ਦੇ ਦਰੱਖਤੀ ਘਰ ਇੱਕ ਦੂਜੇ ਦੇ ਨੇੜੇ ਹੁੰਦੇ ਸਨ। ਵਿਆਹ ਦੇ ਮੌਕੇ ’ਤੇ ਨਵਾਂ ਘਰ ਬਣਾਉਣਾ ਇੱਕ ਮਹੱਤਵਪੂਰਨ ਘਟਨਾ ਹੋ ਸਕਦੀ ਸੀ। ਨਵੇਂ ਘਰ ਵਿੱਚ ਜਾਣ ਤੋਂ ਪਹਿਲਾਂ ਕੰਧਾਂ ਉੱਤੇ ਲੱਕੜ ਨਾਲ ਠੋਕਣ ਦੀ ਇੱਕ ਰਸਮ ਵੀ ਕੀਤੀ ਜਾਂਦੀ ਸੀ, ਜਿਸਦਾ ਮਕਸਦ ਮੰਨੀਆਂ ਜਾਂਦੀਆਂ ਬੁਰੀਆਂ ਆਤਮਾਵਾਂ ਨੂੰ ਦੂਰ ਕਰਨਾ ਸੀ। ਉਨ੍ਹਾਂ ਦੀ ਦੁਨੀਆ ਵਿੱਚ ਕੁਦਰਤ ਅਤੇ ਆਤਮਿਕ ਵਿਸ਼ਵਾਸ਼ ਵੱਖ-ਵੱਖ ਚੀਜ਼ਾਂ ਨਹੀਂ ਸਨ। ਉਹ ਮੰਨਦੇ ਰਹੇ ਹਨ ਕਿ ਦੁਨੀਆ ਵਿੱਚ ਅਦਿੱਖ ਆਤਮਾਵਾਂ ਦਾ ਪ੍ਰਭਾਵ ਹੈ ਅਤੇ ਪੁਰਖਿਆਂ ਦੀਆਂ ਆਤਮਾਵਾਂ ਦਾ ਮਨੁੱਖੀ ਜੀਵਨ ਨਾਲ ਸਬੰਧ ਹੈ। ਬਿਮਾਰੀ, ਮੌਤ ਅਤੇ ਹੋਰ ਮੁਸੀਬਤਾਂ ਨੂੰ ਸਮਝਣ ਲਈ ਰਵਾਇਤੀ ਇਲਾਜ ਅਤੇ ਆਤਮਿਕ ਵਿਸ਼ਵਾਸ਼ਾਂ ਦਾ ਸਹਾਰਾ ਲਿਆ ਜਾਂਦਾ ਰਿਹਾ ਹੈ। ਬਾਹਰੀ ਡਾਕਟਰੀ ਸਹੂਲਤਾਂ ਆਉਣ ਦੇ ਬਾਵਜੂਦ ਰਵਾਇਤੀ ਇਲਾਜ ਦੀ ਵਰਤੋਂ ਕੁਝ ਲੋਕਾਂ ਵਿੱਚ ਜਾਰੀ ਰਹੀ। ਕੋਰੋਵਾਈ ਬਾਰੇ ਦੁਨੀਆ ਵਿੱਚ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਪੂਰਨ ਗੱਲ ਆਦਮਖੋਰੀ ਨਾਲ ਜੁੜੀ ਹੈ।
ਕੁਝ ਇਤਿਹਾਸਕ ਅਤੇ ਮਾਨਵ-ਵਿਗਿਆਨਕ ਸਰੋਤਾਂ ਵਿੱਚ ‘‘ਖਾਖੁਆ’’ ਕਹੇ ਜਾਂਦੇ ਕਥਿਤ ਜਾਦੂ-ਟੂਣੇ ਨਾਲ ਜੁੜੇ ਲੋਕਾਂ ਨੂੰ ਮਾਰ ਕੇ ਬਦਲੇ ਵਜੋਂ ਉਨ੍ਹਾਂ ਦਾ ਮਾਸ ਖਾਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਪਰ ਇੱਥੇ ਬਹੁਤ ਸਾਵਧਾਨੀ ਜ਼ਰੂਰੀ ਹੈ। ਖੋਜਕਰਤਾਵਾਂ ਨੇ ਦਰਸਾਇਆ ਹੈ ਕਿ ਇਹ ਘਟਨਾਵਾਂ ਕਿੰਨੀ ਵਾਰ ਹੋਈਆਂ ਜਾਂ ਅਸਲ ਵਿੱਚ ਹੋਈਆਂ ਵੀ ਸਨ ਜਾਂ ਬਾਅਦ ਦੀਆਂ ਕਹਾਣੀਆਂ ਵਿੱਚ ਵਧਾ ਕੇ ਦੱਸੀਆਂ ਗਈਆਂ ਇਸ ਬਾਰੇ ਪੱਕੀ ਸਹਿਮਤੀ ਨਹੀਂ ਹੈ। ਇਸ ਲਈ ਪੂਰੀ ਕੋਰੋਵਾਈ ਜਨਜਾਤੀ ਨੂੰ ‘‘ਆਦਮਖੋਰ ਲੋਕ’’ ਕਹਿਣਾ ਗਲਤ ਅਤੇ ਬੇਇਨਸਾਫੀ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਅੱਜ ਕੋਰੋਵਾਈ ਲੋਕਾਂ ਦੀ ਦੁਨੀਆ ਬਦਲ ਰਹੀ ਹੈ। ਪਿੰਡ ਅਤੇ ਛੋਟੀਆਂ ਬਸਤੀਆਂ ਬਣੀਆਂ ਹਨ। ਸਕੂਲ ਅਤੇ ਇਲਾਜ ਕੇਂਦਰ ਪਹੁੰਚੇ ਹਨ। ਕੁਝ ਨੌਜਵਾਨ ਪੜ੍ਹਾਈ ਲਈ ਵੱਡੀਆਂ ਥਾਵਾਂ ਤੱਕ ਜਾਂਦੇ ਹਨ। ਕੁਝ ਲੋਕ ਪਿੰਡਾਂ ਵਿੱਚ ਰਹਿਣ ਲੱਗੇ ਹਨ, ਜਦਕਿ ਕਈ ਅਜੇ ਵੀ ਆਪਣੇ ਬਾਗਾਂ ਅਤੇ ਰਵਾਇਤੀ ਦਰੱਖਤੀ ਘਰਾਂ ਨਾਲ ਜੁੜੇ ਰਹਿੰਦੇ ਹਨ।
ਅਰਥਾਤ ਇਹ ਕਹਾਣੀ ਸਿਰਫ ਇੱਕ ਅਜਿਹੀ ਜਨਜਾਤੀ ਦੀ ਨਹੀਂ ਜੋ ਦਰੱਖਤਾਂ ਉੱਤੇ ਰਹਿੰਦੀ ਹੈ। ਇਹ ਬਦਲਦੀ ਹੋਈ ਮਨੁੱਖੀ ਜ਼ਿੰਦਗੀ ਦੀ ਕਹਾਣੀ ਹੈ। ਇੱਕ ਪਾਸੇ ਸੈਂਕੜੇ ਸਾਲ ਪੁਰਾਣਾ ਜੰਗਲੀ ਜੀਵਨ ਹੈ, ਦੂਜੇ ਪਾਸੇ ਸਕੂਲ, ਦਵਾਈ, ਪੈਸਾ, ਬਾਜ਼ਾਰ ਅਤੇ ਆਧੁਨਿਕ ਦੁਨੀਆ ਹੌਲੀ-ਹੌਲੀ ਉਨ੍ਹਾਂ ਦੇ ਦਰਵਾਜੇ ਤੱਕ ਪਹੁੰਚ ਰਹੀ ਹੈ। ਕੱਲ੍ਹ ਤੱਕ ਜਿਸ ਬੱਚੇ ਲਈ ਉਸਦਾ ਜੰਗਲ ਹੀ ਪੂਰੀ ਦੁਨੀਆ ਸੀ, ਅੱਜ ਉਸਦੇ ਸਾਹਮਣੇ ਦੁਨੀਆ ਦਾ ਨਕਸ਼ਾ ਖੁੱਲ੍ਹ ਰਿਹਾ ਹੈ। ਉਹ ਆਪਣੇ ਪੁਰਖਿਆਂ ਦੀ ਭਾਸ਼ਾ ਅਤੇ ਰਵਾਇਤ ਵੀ ਜਾਣਦਾ ਹੈ ਅਤੇ ਬਾਹਰਲੀ ਦੁਨੀਆ ਦੀ ਸਿੱਖਿਆ ਵੀ ਹਾਸਲ ਕਰ ਸਕਦਾ ਹੈ।
ਸ਼ਾਇਦ ਕੋਰੋਵਾਈ ਲੋਕਾਂ ਦੀ ਸਭ ਤੋਂ ਵੱਡੀ ਕਹਾਣੀ ਇਹ ਨਹੀਂ ਕਿ ਉਹ ਦਰੱਖਤਾਂ ਉੱਤੇ ਘਰ ਬਣਾਉਂਦੇ ਹਨ, ਅਸਲ ਹੈਰਾਨੀ ਇਹ ਹੈ ਕਿ ਇੱਕ ਅਜਿਹਾ ਸਮਾਜ, ਜਿਸਨੇ ਸਦੀਆਂ ਤੱਕ ਜੰਗਲ ਨੂੰ ਹੀ ਆਪਣਾ ਘਰ, ਬਾਜਾਰ, ਦਵਾਖਾਨਾ ਅਤੇ ਖੁਰਾਕ ਦਾ ਸਰੋਤ ਬਣਾਇਆ, ਹੁਣ ਆਧੁਨਿਕ ਦੁਨੀਆ ਨਾਲ ਮਿਲ ਕੇ ਆਪਣੀ ਪਛਾਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
_ ਪੰਜਾਬ ਪੋਸਟ







