ਨਵੀਂ ਦਿੱਲੀ/ਪੰਜਾਬ ਪੋਸਟ :
ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਐਤਵਾਰ ਸ਼ਾਮ ਇੱਕ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਅੱਠ ਮਜ਼ਦੂਰ ਜ਼ਖ਼ਮੀ ਹੋ ਗਏ। ਇਹ ਇਮਾਰਤ ਹੋਟਲ ਬਣਾਉਣ ਲਈ ਤਿਆਰ ਕੀਤੀ ਜਾ ਰਹੀ ਸੀ। ਦੂਜੀ ਮੰਜ਼ਿਲ ਦੀ ਛੱਤ ਪਾਉਣ ਦੌਰਾਨ ਅਚਾਨਕ ਢਾਂਚਾ ਡਿੱਗ ਗਿਆ ਅਤੇ ਮਜ਼ਦੂਰ ਮਲਬੇ ਹੇਠ ਦੱਬ ਗਏ। ਪੁਲੀਸ ਅਤੇ ਦਿੱਲੀ ਫਾਇਰ ਸਰਵਿਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ।
ਜ਼ਖ਼ਮੀਆਂ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕੁਝ ਮਜ਼ਦੂਰਾਂ ਨੂੰ ਹੱਡੀਆਂ ਵਿੱਚ ਫਰੈਕਚਰ ਹੋਏ ਹਨ, ਜਦਕਿ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੁੱਢਲੀ ਜਾਂਚ ਦੌਰਾਨ ਇਮਾਰਤ ਦੇ ਸਹਾਇਕ ਥੰਮ੍ਹ ਗਿੱਲੇ ਮਿਲੇ ਅਤੇ ਇਮਾਰਤ ਇੱਕ ਪਾਸੇ ਝੁਕੀ ਹੋਈ ਦਿਖਾਈ ਦਿੱਤੀ। ਪੁਲੀਸ ਨੇ ਇਮਾਰਤ ਦੇ ਮਾਲਕ ਅਤੇ ਠੇਕੇਦਾਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 5 ਨਵੰਬਰ ਨੂੰ ਚਾਂਦਨੀ ਚੌਕ ਦੇ ਚਾਵੜੀ ਬਾਜ਼ਾਰ ਵਿੱਚ ਇਮਾਰਤ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ।







