ਮੋਹਾਲੀ/ਪੰਜਾਬ ਪੋਸਟ
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ ਇੱਕ ਵੱਡੇ ਰਿਸ਼ਵਤਖੋਰੀ ਮਾਮਲੇ ਵਿੱਚ ਦੇਰ ਰਾਤ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਵਿਕਾਸ ਗੋਇਲ, ਉਸ ਦਾ ਪੁੱਤਰ ਰਾਘਵ ਗੋਇਲ (ਦੋਵੇਂ ਮਲੋਟ ਦੇ ਰਹਿਣ ਵਾਲੇ) ਅਤੇ ਉਨ੍ਹਾਂ ਦਾ ਇੱਕ ਸਹਿਯੋਗੀ ਅੰਕਿਤ ਵਾਧਵਾ ਸ਼ਾਮਲ ਹਨ। ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਦੇ ਡਾਇਰੈਕਟਰ ਜਨਰਲ ਦੇ ਰੀਡਰ ਇੰਸਪੈਕਟਰ ਓ.ਪੀ. ਰਾਣਾ ਦਾ ਨਾਮ ਵੀ ਮੁੱਖ ਤੌਰ ‘ਤੇ ਸਾਹਮਣੇ ਆਇਆ ਹੈ, ਜੋ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਪੰਜਾਬ ਸਟੇਟ ਟੈਕਸ ਵਿਭਾਗ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਵਿਕਾਸ ਗੋਇਲ ਅਤੇ ਰਾਘਵ ਗੋਇਲ, ਜੋ ਕਿ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਨੇ ਉਸ ਵਿਰੁੱਧ ਵਿਜੀਲੈਂਸ ਵਿਭਾਗ ਵਿੱਚ ਚੱਲ ਰਹੀ ਇੱਕ ਸ਼ਿਕਾਇਤ ਨੂੰ ਖਤਮ ਕਰਵਾਉਣ ਦੇ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿੱਚ ਇਹ ਸੌਦਾ 13 ਲੱਖ ਰੁਪਏ ਅਤੇ ਇੱਕ ਮਹਿੰਗੇ ਮੋਬਾਈਲ ਫੋਨ (ਸੈਮਸੰਗ ਗਲੈਕਸੀ ਜ਼ੈੱਡ ਫੋਲਡ 7) ਵਿੱਚ ਤੈਅ ਹੋਇਆ ਸੀ।
ਸੀ.ਬੀ.ਆਈ. ਨੇ ਚੰਡੀਗੜ੍ਹ ਵਿੱਚ ਜਾਲ ਵਿਛਾ ਕੇ ਅੰਕਿਤ ਵਾਧਵਾ ਨੂੰ 13 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਇਸ ਦੌਰਾਨ ਜਦੋਂ ਸੀ.ਬੀ.ਆਈ. ਨੇ ਦੂਜੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੰਨਮੈਨਾਂ ਦੀ ਮਦਦ ਨਾਲ ਮੌਕੇ ਤੋਂ ਫਰਾਰ ਹੋ ਗਏ। ਸੀ.ਬੀ.ਆਈ. ਦੀਆਂ ਟੀਮਾਂ ਨੇ ਪਿੱਛਾ ਕਰਕੇ ਗੋਇਲ ਪਿਓ-ਪੁੱਤ ਨੂੰ ਅੰਬਾਲਾ ਨੇੜੇ ਪੰਜਾਬ-ਹਰਿਆਣਾ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇੰਸਪੈਕਟਰ ਓ.ਪੀ. ਰਾਣਾ ਵੱਲੋਂ ਵਿਜੀਲੈਂਸ ਵਿਭਾਗ ਦੀਆਂ ਗੁਪਤ ਫਾਈਲਾਂ ਅਤੇ ਜਾਣਕਾਰੀ ਇਨ੍ਹਾਂ ਨਿੱਜੀ ਵਿਅਕਤੀਆਂ ਨਾਲ ਸਾਂਝੀ ਕੀਤੀ ਜਾ ਰਹੀ ਸੀ। ਸੀ.ਬੀ.ਆਈ. ਨੇ ਦੋਸ਼ੀਆਂ ਦੇ ਮਲੋਟ ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 9 ਲੱਖ ਰੁਪਏ ਦੀ ਵਾਧੂ ਨਕਦੀ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਉਨ੍ਹਾਂ ਗੰਨਮੈਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਨਿੱਜੀ ਵਿਅਕਤੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਸੀ.ਬੀ.ਆਈ. ਵੱਲੋਂ ਅੱਜ ਸਾਰੇ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸੀ.ਬੀ.ਆਈ. ਵੱਲੋਂ ਪੰਜਾਬ ਵਿਜੀਲੈਂਸ ਨਾਲ ਜੁੜੇ ਰਿਸ਼ਵਤਖੋਰੀ ਮਾਮਲੇ ਵਿੱਚ 3 ਗ੍ਰਿਫਤਾਰੀਆਂ

Published:






