ਆਬੂ ਧਾਬੀ/ਪੰਜਾਬ ਪੋਸਟ
ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈ.ਪੀ.ਐਲ ਦੇ 2026 ਸੀਜ਼ਨ ਦੀ ਮਿੰਨੀ ਨਿਲਾਮੀ ਅੱਜ ਹੋ ਰਹੀ ਹੈ। ਇਹ ਨਿਲਾਮੀ ਯੂ.ਏ.ਈ ਦੇ ਅਬੂ ਧਾਬੀ ਵਿੱਚ ਭਾਰਤੀ ਸਮੇਂ ਮੁਤਾਬਕ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ। ਇਸ ਇੱਕ ਦਿਨ ਦੀ ਪ੍ਰਕਿਰਿਆ ਵਿੱਚ ਸਾਰੀਆਂ 10 ਫ੍ਰੈਂਚਾਇਜ਼ੀਆਂ ਆਪਣੀਆਂ ਟੀਮਾਂ ਨੂੰ ਅੰਤਿਮ ਰੂਪ ਦੇਣ ਲਈ ਰਣਨੀਤਕ ਬੋਲੀਆਂ ਲਗਾਉਂਦੀਆਂ ਨਜ਼ਰ ਆਉਣਗੀਆਂ। ਅੱਜ ਦੀ ਨਿਲਾਮੀ ਪ੍ਰਕਿਰਿਆ ਲਈ ਅੰਤਿਮ ਸੂਚੀ ਵਿੱਚ ਕੁੱਲ 350 ਕ੍ਰਿਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਸੌ ਤੋਂ ਥੋੜੇ ਚੋਣਵੇਂ ਖਿਡਾਰੀਆਂ ਦੀ ਹੀ ਕਿਸਮਤ ਚਮਕੇਗੀ। ਕੋਲਕਾਤਾ ਨਾਈਟ ਰਾਈਡਰਜ਼ ਇਸ ਨਿਲਾਮੀ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਹੈ, ਕਿਉਂਕਿ ਉਨ੍ਹਾਂ ਕੋਲ 64.3 ਕਰੋੜ ਰੁਪਏ ਦਾ ਸਭ ਤੋਂ ਵੱਡਾ ਪਰਸ ਅਤੇ 13 ਖਾਲੀ ਸਲੌਟ ਹਨ ਜਦਕਿ ਮੁੰਬਈ ਕੋਲ ਸਭ ਤੋਂ ਘੱਟ ਰਕਮ ਮੌਜੂਦ ਹੋਵੇਗੀ। ਪੰਜਾਬ ਕਿੰਗਜ਼ ਦੀ ਟੀਮ ਕੋਲ ਨੀਲਾਮੀ ਮੌਕੇ ਤਕਰੀਬਨ 11.5 ਕਰੋੜ ਦੀ ਰਕਮ ਹੋਵੇਗੀ।







