ਖਨੌਰੀ/ਪੰਜਾਬ ਪੋਸਟ
ਖਨੌਰੀ ਬਾਰਡਰ ’ਤੇ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਹੈ। ਇਸ ਦੌਰਾਨ ਓਥੇ ਮੌਜੂਦ ਕਿਸਾਨਾਂ ’ਚ ਜਿਥੇ ਨਿਰਾਸ਼ਾ ਦੇਖਣ ਨੂੰ ਮਿਲੀ, ਉੱਥੇ ਹੀ ਡਾਕਟਰਾਂ ਦੀ ਟੀਮ ਫੌਰਨ ਇਲਾਜ ’ਚ ਜੁਟ ਗਈ। ਡਾਕਟਰਾਂ ਨੇ ਬਲਦੇਵ ਸਿੰਘ ਸਿਰਸਾ ਦੀ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫ਼ਰ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਸਿਰਸਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਤੋਂ ਸਟੰਟ ਪਵਾਇਆ ਸੀ। ਜਿਸ ਵੇਲੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੀ ਮਹਾਂਪੰਚਾਇਤ ਲਈ ਵੱਡੀ ਗਿਣਤੀ ਲਈ ਕਿਸਾਨ ਇਕੱਠੇ ਹੋ ਰਹੇ ਹਨ ਓਸ ਵੇਲੇ ਬਲਦੇਵ ਸਿੰਘ ਸਿਰਸਾ ਦੀ ਤਬੀਅਤ ਵਿਗੜਨ ਉੱਤੇ ਕਿਸਾਨਾਂ ਦਰਮਿਆਨ ਚਿੰਤਾ ਦਾ ਆਲਮ ਵੇਖਿਆ ਜਾ ਰਿਹਾ ਹੈ ਅਤੇ ਉਨਾਂ ਦੀ ਸਿਹਤਯਾਬੀ ਲਈ ਦੁਆਵਾਂ ਹੋ ਰਹੀਆਂ ਹਨ।