ਓਟਾਵਾ/ਪੰਜਾਬ ਪੋਸਟ
ਇੱਕ ਅਹਿਮ ਫੈਸਲੇ ਤਹਿਤ ਕੈਨੇਡਾ ਸਰਕਾਰ ਐਤਵਾਰ ਨੂੰ ਕੌਮੀ ਫੌਜ ਵਿੱਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ। ‘ਕੈਨੇਡਾ ਪੋਸਟ’ ਵੱਲੋਂ ਤਿਆਰ ਕੀਤੀ ਗਈ ਇਹ ਡਾਕ ਟਿਕਟ ਇਸ ਸਮੇਂ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਇਸ ਨੂੰ ਰਿਮੈਂਬਰੈਂਸ ਡੇਅ ਸਮਾਗਮ ਦੌਰਾਨ ਇੱਕ ਵਿਸ਼ੇਸ਼ ਰਸਮ ਵਿੱਚ ਜਾਰੀ ਕੀਤਾ ਜਾਵੇਗਾ। ਰਿਮੈਂਬਰੈਂਸ ਡੇਅ ਸਿੱਖ ਭਾਈਚਾਰੇ ਵੱਲੋਂ ਸਾਲਾਨਾ 2 ਨਵੰਬਰ ਨੂੰ ਮਨਾਇਆ ਜਾਂਦਾ ਹੈ। ਕੈਨੇਡਾ ਪੋਸਟ ਦੀ ਇਹ ਡਾਕ ਟਿਕਟ ਕੈਨੇਡੀਅਨ ਫੌਜ ਵਿੱਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦਾ ਸਨਮਾਨ ਕਰਦੀ ਹੈ, ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਫੌਜ ਵਿੱਚ ਸਵੀਕਾਰ ਕੀਤੇ ਗਏ 10 ਸਿੱਖ ਸੈਨਿਕਾਂ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ। ਇਹ ਟਿਕਟ ਅੱਜ ਦੀਆਂ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ।







