ਦਿੱਲੀ/ਪੰਜਾਬ ਪੋਸਟ
ਦਿੱਲੀ ਹਾਈ ਕੋਰਟ ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜੇਲ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਲਈ ਕਿਹਾ ਹੈ। ਭੁੱਲਰ, ਜਿਸ ਦੀ ਪੈਰੋਲ ਖਤਮ ਹੋ ਰਹੀ ਸੀ, ਨੇ ਇਸ ਆਧਾਰ ’ਤੇ ਛੋਟ ਦੀ ਮੰਗ ਕੀਤੀ ਕਿ ਉਹ ਗੰਭੀਰ ਸਿਜ਼ੋਫ੍ਰੇਨੀਆ ਤੋਂ ਪੀੜਤ ਹਨ ਅਤੇ ਇਲਾਜ ਅਧੀਨ ਹਨ। ਭੁੱਲਰ ਨੇ ਅਪਣੀ ਸਮੇਂ ਤੋਂ ਪਹਿਲਾਂ ਰਿਹਾਈ ਰੱਦ ਕੀਤੇ ਜਾਣ ਵਿਰੁਧ ਅਪਣੀ ਲੰਬਿਤ ਪਟੀਸ਼ਨ ’ਚ ਅਰਜ਼ੀ ਦਾਇਰ ਕੀਤੀ ਸੀ। ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ ਕਿ ਜੇਲ ’ਚ ਇਲਾਜ ਉਪਲਬਧ ਹੈ, ਉਹ ਵੀ ਸਹੀ ਹੈ। ਅਦਾਲਤ ਨੇ ਅਪਣੇ ਹੁਕਮ ’ਚ ਕਿਹਾ ਕਿ ਕੁੱਝ ਦਲੀਲਾਂ ਦੇਣ ਤੋਂ ਬਾਅਦ ਭੁੱਲਰ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਅਤੇ ਭੁੱਲਰ ਨੂੰ ਭਰੋਸਾ ਦਿਤਾ ਕਿ ਉਹ ਦਿਨ ’ਚ ਆਤਮਸਮਰਪਣ ਕਰ ਦੇਣਗੇ। ਇਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਅਰਜ਼ੀ ਵਾਪਸ ਲੈ ਲਈ ਜਾਂਦੀ ਹੈ। ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਸ ਦਾ ਮੁਵੱਕਿਲ ਬੈਰਕਾਂ ਵਿਚ ਵੀ ਦਾਖਲ ਨਹੀਂ ਹੁੰਦਾ ਸੀ ਅਤੇ ਹਮੇਸ਼ਾ ਹਸਪਤਾਲ ਵਿਚ ਰਹਿੰਦਾ ਸੀ ਅਤੇ ਪੈਰੋਲ ’ਤੇ ਬਾਹਰ ਹੋਣ ’ਤੇ ਵੀ ਉਹ ਹਰ ਹਫਤੇ ਜੇਲ ਨਾਲ ਜੁੜੇ ਹਸਪਤਾਲ ਵਿਚ ਅਪਣੀ ਹਾਜ਼ਰੀ ਦਰਜ ਕਰਵਾਉਂਦਾ ਹੈ। ਵਕੀਲ ਨੇ ਕਿਹਾ ਕਿ ਇਹ 30 ਸਾਲ ਦੀ ਸਜ਼ਾ ਦਾ ਮਾਮਲਾ ਹੈ ਅਤੇ ਕਾਨੂੰਨ ਵੀ ਕਹਿੰਦਾ ਹੈ ਕਿ ਘਿਨਾਉਣੇ ਅਪਰਾਧਾਂ ਲਈ ਉਹ ਰਾਹਤ ਦਾ ਹੱਕਦਾਰ ਹੈ ਹਾਲਾਂਕਿ ਅਦਾਲਤ ਨੇ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਕੋਈ ਰਾਹਤ ਨਹੀਂ ਦਿੱਤੀ।







