ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਵਿਸ਼ਵ ਆਰਥਿਕ ਫੋਰਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਾਊਦੀ ਅਰਬ ਅਤੇ ਓਪੇਕ (ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦਾ ਸੰਗਠਨ) ਤੇਲ ਦੀਆਂ ਕੀਮਤਾਂ ਘਟਾ ਦੇਣ ਤਾਂ ਰੂਸ-ਯੂਕਰੇਨ ਯੁੱਧ ਖਤਮ ਹੋ ਜਾਵੇਗਾ। ਤੇਲ ਦੀਆਂ ਕੀਮਤਾਂ ਘਟਾਉਣ ਨਾਲ ਲੋਕਾਂ ਦੀਆਂ ਜਾਨਾਂ ਬਚ ਜਾਣਗੀਆਂ। ਯੁੱਧ ਖ਼ਤਮ ਕਰਨ ਲਈ ਤੇਲ ਦੀਆਂ ਕੀਮਤਾਂ ਘਟਾਈਆ ਜਾਣੀਆਂ ਬਹੁਤ ਜ਼ਰੂਰੀ ਹਨ। ਟਰੰਪ ਨੇ ਇਹ ਕਿਹਾ ਹੈ ਕਿ ਵਾਸ਼ਿੰਗਟਨ 1 ਫਰਵਰੀ ਤੋਂ ਹੀ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ, ਮੈਕਸੀਕੋ ਅਤੇ ਚੀਨ ‘ਤੇ ਭਾਰੀ ਟੈਰਿਫ ਲਗਾ ਸਕਦਾ ਹੈ। ਉਨ੍ਹਾਂ ਨੇ ਕਈ ਕਾਰਜਕਾਰੀ ਆਦੇਸ਼ਾਂ ‘ਤੇ ਵੀ ਦਸਤਖਤ ਕੀਤੇ ਹਨ, ਜਿਸ ਨਾਲ ਸੰਯੁਕਤ ਰਾਜ ਅਮਰੀਕਾ ਪੈਰਿਸ ਜਲਵਾਯੂ ਸਮਝੌਤੇ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਹੋ ਗਿਆ ਹੈ। ਟਰੰਪ ਨੇ ਕਿਹਾ ਹੈ ਕਿ “ਆਓ ਅਮਰੀਕਾ ਵਿੱਚ ਆਪਣਾ ਉਤਪਾਦ ਬਣਾਓ ਅਤੇ ਅਸੀਂ ਤੁਹਾਨੂੰ ਧਰਤੀ ‘ਤੇ ਕਿਸੇ ਵੀ ਦੇਸ਼ ਦੇ ਸਭ ਤੋਂ ਘੱਟ ਟੈਕਸਾਂ ਵਿੱਚੋਂ ਇੱਕ ਦੇਵਾਂਗੇ ਪਰ ਜੇਕਰ ਤੁਸੀਂ ਆਪਣਾ ਉਤਪਾਦ ਅਮਰੀਕਾ ਵਿੱਚ ਨਹੀਂ ਬਣਾਉਂਦੇ, ਜੋ ਕਿ ਤੁਹਾਡਾ ਵਿਸ਼ੇਸ਼ ਅਧਿਕਾਰ ਹੈ, ਤਾਂ ਤੁਹਾਨੂੰ ਬਹੁਤ ਹੀ ਸਧਾਰਨ ਤੌਰ ‘ਤੇ ਇੱਕ ਟੈਰਿਫ ਅਦਾ ਕਰਨਾ ਪਵੇਗਾ।” ਆਪਣੇ ਭਾਸ਼ਣ ਵਿੱਚ ਟਰੰਪ ਨੇ ਅੱਗੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਤੇਲ ਦੀਆਂ ਘੱਟ ਕੀਮਤਾਂ ਯੂਕਰੇਨ ਵਿੱਚ ਜੰਗ ਨੂੰ ਤੁਰੰਤ ਖਤਮ ਕਰਨ ਵਿੱਚ ਮਦਦ ਕਰਨਗੀਆਂ।







