ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਬਹੁ-ਚਰਚਿਤ ਚੋਣ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜੇਤੂ ਰਹੇ ਹਨ। ਚੋਣਾਂ ਦੇ ਨਤੀਜਿਆਂ ਵਿੱਚ ਡੋਨਾਲਡ ਟਰੰਪ ਨੇ ਸ਼ੁਰੂ ਤੋਂ ਹੀ ਅਗੇਤ ਬਣਾਈ ਰੱਖੀ ਅਤੇ ਜਿੱਤ ਲਈ ਲੋੜੀਂਦੇ ਅੰਕੜੇ ਤੱਕ ਉਨਾਂ ਦੀ ਇਹ ਅਗੇਤ ਬਰਕਰਾਰ ਰਹੀ। ਪ੍ਰਾਪਤ ਹੋਏ ਤਾਜ਼ਾ ਨਤੀਜਿਆਂ ਮੁਤਾਬਕ ਡੋਨਾਲਡ ਟਰੰਪ ਨੇ ਕਮਲਾ ਹੈਰਿਸ ਦੇ ਮੁਕਾਬਲੇ 51 ਵੱਧ ਇਲੈਕਟੋਰਲ ਵੋਟਾਂ ਜਿੱਤੀਆਂ ਅਤੇ ਇਸ ਫਰਕ ਦੇ ਨਾਲ ਉਨਾਂ ਨੇ ਜਿੱਤ ਹਾਸਲ ਕੀਤੀ ਅਤੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਨਾਂਅ ਦੀ ਪੁਸ਼ਟੀ ਹੋ ਗਈ ਹੈ। ਇੱਕ ਸਮੇਂ ਦੋਹਾਂ ਉਮੀਦਵਾਰਾਂ ਦਰਮਿਆਨ ਅੰਕੜਿਆਂ ਦਾ ਫਰਕ ਕਾਫੀ ਵੱਡਾ ਹੋ ਗਿਆ ਸੀ। ਇਸ ਤੋਂ ਬਾਅਦ ਕਮਲਾ ਹੈਰਿਸ ਦੇ ਖਾਤੇ ਕੁਝ ਸੀਟਾਂ ਆਉਣ ਤੋਂ ਬਾਅਦ ਫਾਸਲਾ ਘਟਦਾ ਹੋਇਆ ਵਿਖਾਈ ਦਿੱਤਾ ਸੀ ਪਰ ਡੋਨਾਲਡ ਟਰੰਪ ਦੀ ਅਗੇਤ ਇਸ ਦਰਮਿਆਨ ਵੀ ਬਰਕਰਾਰ ਹੀ ਰਹੀ ਅਤੇ ਉਨਾਂ ਨੇ ਕਾਫੀ ਫਰਕ ਦੇ ਨਾਲ 270 ਦਾ ਜਾਦੂਈ ਅੰਕੜਾ ਛੂਹ ਲਿਆ ਜੋ ਕਿ ਜੇਤੂ ਰਹਿਣ ਲਈ ਲਾਜ਼ਮੀ ਹੁੰਦਾ ਹੈ। ਬਹੁਮਤ ਦੇ ਅੰਕੜੇ ਤੱਕ ਪਹੁੰਚਣ ਲਈ ਡੋਨਾਲਡ ਟਰੰਪ ਨੂੰ ਜਾਰਜੀਆ ਸੂਬੇ ਦੇ ਨਤੀਜਿਆਂ ਤੋਂ ਵੀ ਕਾਫੀ ਮਦਦ ਮਿਲੀ ਜਿਸ ਦੀਆਂ 16 ਇਲੈਕਟੋਰਲ ਵੋਟਾਂ ਨੂੰ ਹਾਸਲ ਕਰਦੇ ਹੋਏ ਡੋਨਾਲਡ ਟਰੰਪ ਨੇ ਰਿਪਬਲਿਕਨ ਪਾਰਟੀ ਦਾ ਦਾਅਵਾ ਮਜ਼ਬੂਤ ਕੀਤਾ। ਡੋਨਾਲਡ ਟਰੰਪ ਨੇ ਨਾਰਥ ਕੈਰੋਲਾਈਨਾ ਸੂਬੇ ਦੀ ਵੱਕਾਰੀ ਚੋਣ ਵਿੱਚ ਵੀ ਜਿੱਤ ਹਾਸਲ ਕਰਦੇ ਹੋਏ ਹਾਊਸ ਵਿੱਚ ਵਾਪਸੀ ਦਾ ਰਾਹ ਪੱਧਰਾ ਕੀਤਾ। ਇਸ ਨਤੀਜੇ ਦੇ ਸਾਹਮਣੇ ਆਉਣ ਤੋਂ ਬਾਅਦ ਡੋਨਾਲਡ ਟਰੰਪ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ।