ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਦੁਨੀਆਂ ਦੇ ਪ੍ਰਮੁੱਖ ਦੇਸ਼ ਅਮਰੀਕਾ ਵਿੱਚ ਓਸ ਸਮੇਂ ਭਾਰਤ ਲਈ ਵੱਡੇ ਮਾਣ ਦਾ ਸਬੱਬ ਬਣਿਆ ਜਦੋਂ 6 ਭਾਰਤੀ-ਅਮਰੀਕੀ ਆਗੂਆਂ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੇ ਪ੍ਰਤੀਨਿਧੀ ਸਦਨ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਇਨ੍ਹਾਂ ਮੈਂਬਰਾਂ ਵਿੱਚ ਡਾ: ਐਮੀ ਬੇਰਾ, ਸੁਹਾਸ ਸੁਬਰਾਮਣੀਅਨ, ਸ਼੍ਰੀ ਥਾਣੇਦਾਰ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਦੇ ਨਾਂਅ ਸ਼ਾਮਲ ਹਨ। ਇਸ ਸਬੰਧੀ ਡਾ. ਐਮੀ ਬੇਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਜਦੋਂ ਓਹ 12 ਸਾਲ ਪਹਿਲਾਂ ਪਹਿਲੀ ਵਾਰ ਸਹੁੰ ਚੁੱਕ ਰਹੇ ਸੀ, ਤਾਂ ਓਸ ਵੇਲੇ ਓਹ ਭਾਰਤੀ-ਅਮਰੀਕੀ ਭਾਈਚਾਰੇ ਵਿੱਚੋਂ ਇੱਕਲੌਤੇ ਐੱਮ.ਪੀ. ਸਨ ਅਤੇ ਅਮਰੀਕੀ ਇਤਿਹਾਸ ਵਿੱਚ ਤੀਜੇ ਆਗੂ ਸਨ ਪਰ ਹੁਣ ਇਹ ਗਿਣਤੀ 6 ਤੱਕ ਪਹੁੰਚ ਗਈ ਹੈ। ਉਨਾਂ ਇਹ ਆਸ ਵੀ ਪ੍ਰਗਟਾਈ ਹੈ ਕਿ ਆਉਣ ਵਾਲੇ ਸਾਲਾਂ ‘ਚ ਅਮਰੀਕੀ ਸੰਸਦ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਹੋਰ ਵਧੇਗੀ। ਉਨਾਂ ਨੇ ਲਗਾਤਾਰ 7ਵੀਂ ਵਾਰ ਕੈਲੀਫੋਰਨੀਆ ਤੋਂ ਪ੍ਰਤੀਨਿਧੀ ਵਜੋਂ ਸਹੁੰ ਚੁੱਕੀ ਹੈ। ਇਸੇ ਤਰਾਂ, ਇੱਕ ਹੋਰ ਨਾਮਵਰ ਆਗੂ ਸੁਹਾਸ ਸੁਬਰਾਮਨੀਅਨ ਨੇ ਪਹਿਲੀ ਵਾਰ ਪ੍ਰਤੀਨਿਧੀ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਸੁਬਰਾਮਨੀਅਨ ਨੇ ਆਪਣੇ ਪਰਿਵਾਰ ਅਤੇ ‘ਹਾਊਸ ਸਪੀਕਰ’ ਮਾਈਕ ਜੌਹਨਸਨ ਨਾਲ ਆਪਣੀ ਤਸਵੀਰ ਪੋਸਟ ਕਰਦੇ ਹੋਏ ਅਮਰੀਕੀ ਸੰਸਦ ਵਿੱਚ ਸਹੁੰ ਚੁੱਕ ਕੇ ਮਾਣ ਮਹਿਸੂਸ ਕਰਨ ਸਬੰਧੀ ਪੋਸਟ ਸਾਂਝੀ ਕੀਤੀ ਹੈ। ਹੋਰਨਾਂ ਮੈਂਬਰਾਂ ਵਿੱਚੋਂ, ਰੋ ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਨੇ ਲਗਾਤਾਰ 5ਵੀਂ ਵਾਰ ਸਹੁੰ ਚੁੱਕੀ ਹੈ ਅਤੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ।







