ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ। ਆਪ ਹੀ ਦੀ ਸੰਸਾਰਕ ਆਯੂ ਸਭ ਗੁਰੂ ਸਾਹਿਬਾਨ ਤੋਂ ਲੰਮੇਰੀ ਹੋਈ ਹੈ। ਗੁਰੂ ਅਮਰਦਾਸ ਜੀ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਬਾਸਰਕੇ ਗਿੱਲਾਂ ਵਿੱਚ ਪਿਤਾ ਤੇਜ ਭਾਨ ਜੀ ਅਤੇ ਮਾਤਾ ਰਾਮ ਕੌਰ ਜੀ ਦੇ ਗ੍ਰਹਿ ਵਿਖੇ 5 ਮਈ 1479 ਈ: ਨੂੰ ਹੋਈਆ। ਆਪ ਦਾ ਪਰਿਵਾਰ ਵਣਜ-ਵਪਾਰ ਦੇ ਨਾਲ-ਨਾਲ ਖੇਤੀ ਵੀ ਕਰਦਾ ਸੀ। 1503 ਈ. ਵਿੱਚ ਆਪ ਜੀ ਦੀ ਸ਼ਾਦੀ ਬੀਬੀ ਮਨਸਾ ਦੇਵੀ ਜੀ ਨਾਲ ਹੋਈ। ਆਪ ਦੇ ਘਰ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਪੈਦਾ ਹੋਈਆਂ। ਆਪ ਸਨਾਤਨੀ ਮਰਿਆਦਾ ਵਿੱਚ ਪੱਕੇ ਵੈਸ਼ਨੂੰ ਭਗਤ ਸਨ ਤੇ ਹਰ ਸਾਲ ਹਰਿਦੁਆਰ ਤੀਰਥ ਇਸ਼ਨਾਨ ਕਰ ਉੱਥੇ ਦਾਨ-ਪੁੰਨ ਕਰਿਆ ਕਰਦੇ ਸਨ। ਆਪਣੇ ਜੀਵਨ ਦੀ 20ਵੀਂ ਹਰਿਦੁਆਰ ਗੰਗਾ ਇਸ਼ਨਾਨ ਯਾਤਰਾ ਤੋਂ ਵਾਪਸ ਪਰਤਦਿਆਂ ਰਸਤੇ ਵਿੱਚ ਮਿਲੇ ਇੱਕ ਸਾਧੁੂ ਕੋਲੋਂ ਗੁਰੂ ਧਾਰਨ ਕਰਨ ਦੀ ਅਵੱਸ਼ਕਤਾ ਅਤੇ ਮਹਿਮਾ ਸੁਣਕੇ ਆਪ ਬਹੁਤ ਪ੍ਰਭਾਵਿਤ ਹੋਏ। ਇਸ ਲਈ ਆਪ ਸੱੁਚੇ ਗੁਰੂ ਦੀ ਭਾਲ ਕਰਨ ਲੱਗ ਪਏ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਆਪ ਦੇ ਭਰਾ ਦੀ ਨੂੰਹ ਸੀ। ਇੱਕ ਵਾਰ ਬੀਬੀ ਅਮਰੋ ਜੀ ਅੰਮਿ੍ਰਤ ਵੇਲੇ ‘ਆਸਾ ਦੀ ਵਾਰ’ ਦਾ ਪਾਠ ਕਰ ਰਹੇ ਸਨ ਤਾਂ ਆਪ ਉਨ੍ਹਾਂ ਤੋਂ ਬਾਣੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਆਪ ਨੇ ਰਿਸ਼ਤੇ ਵਿੱਚ ਕੁੜਮ ਲੱਗਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਦਰਸ਼ਕ ਅਤੇ ਰੂਹਾਨੀ ਪ੍ਰਤਾਪ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ।
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਗੁਰੂ ਪਿਆਰ ਵਿੱਚ ਇੰਨੇ ਰੰਗੇ ਗਏ ਕਿ ਆਪ ਪੱਕੇ ਤੌਰ ’ਤੇ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਬੜੀ ਸ਼ਰਧਾ ਨਾਲ ਗੁਰੂ ਸੇਵਾ ਕਰਨ ਲੱਗ ਪਏ। ਆਪ ਨੇ ਤਤਕਾਲੀ ਸਮਾਜਿਕ ਰਿਸ਼ਤਿਆਂ ਦੀ ਲੋਕ-ਲਾਜ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਸੇਵਾ ਅਤੇ ਨਾਮ ਜਪਣ ਨੂੰ ਆਪਣਾ ਪਰਮ ਮਨੋਰਥ ਬਣਾ ਲਿਆ ਅਤੇ ਰੋਜਾਨਾ ਬਿਨਾ ਨਾਗਾ ਤੜ੍ਹਕੇ ਗੋਇੰਦਵਾਲ ਤੋਂ ਬਿਆਸ ਦਰਿਆ ਵਿੱਚੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਜਲ ਦੀ ਗਾਗਰ ਲਿਆ ਕੇ 12 ਸਾਲ ਇਸ਼ਨਾਨ ਕਰਵਾਉਣ ਦੀ ਸੇਵਾ ਕਰਦੇ ਰਹੇ। ਆਪ ਉਮਰ ਵਿੱਚ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਾਫੀ ਵੱਡੇ ਸਨ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਸੇਵਾ ਘਾਲ, ਪ੍ਰਭੂ ਭਗਤੀ ਤੇ ਹੋਰ ਗੁਣਾਂ ਤੋਂ ਤਰੁੱਠ ਕੇ ਆਪ ਨੂੰ ਗੁਰੂ ‘ਨਾਨਕ ਜੋਤ’ ਦੀ ਗੁਰਿਆਈ ਬਖਸ਼ ਕੇ ਤੀਜੇ ਗੁਰੂ ਨਿਯਤ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਨਾਮ ਜਪਣ ਸੰਗਤ, ਪੰਗਤ ਅਤੇ ਸੇਵਾ ਆਦਿ ਦੀ ਸਿੱਖ ਪੰਥ ਵਿੱਚ ਆਰੰਭ ਤੋਂ ਚੱਲੀ ਆ ਰਹੀ ਮਰਿਆਦਾ ਨੂੰ ਹੋਰ ਵਿਸਥਾਰ ਦਿੱਤਾ। ਇੱਕ ਵਾਰ ਮੁਗਲ ਬਾਦਸ਼ਾਹ ਅਕਬਰ ਆਪ ਦੀ ਸ਼ੋਭਾ ਸੁਣਕੇ ਦਰਸ਼ਨ ਕਰਨ ਆਇਆ ਤਾਂ ਆਪ ਨੂੰ ਬਾਦਸ਼ਾਹ ਨੂੰ ‘ਪਹਿਲੇ ਪੰਗਤ ਪਾਛੈ ਸੰਗਤ’ ਦਾ ਉਪਦੇਸ਼ ਦੇ ਕੇ ਸੰਗਤ ਕਰਨ ਤੋਂ ਪਹਿਲਾਂ ਸੰਗਤ ਕਰਨ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਭੋਜਨ ਕਰਨ ਲਈ ਕਿਹਾ। ਬਾਦਸ਼ਾਹ ਅਕਬਰ ਪੰਗਤ ਵਿੱਚ ਆਮ ਲੋਕਾਂ ਵਿੱਚ ਬੈਠਕੇ ਪ੍ਰਸ਼ਾਦ ਛਕ ਕੇ ਬਹੁਤ ਪ੍ਰਸੰਨ ਹੋਇਆ। ਉਸ ਨੇ ਗੁਰੂ ਜੀ ਨੂੰ ਇਸ ਲੰਗਰ ਲਈ ਜਗ਼ੀਰ ਦੇਣ ਦੀ ਪੇਸ਼ਕਸ਼ ਕੀਤੀ, ਪਰ ਗੁਰੂ ਜੀ ਨੇ ਕਿਹਾ ਕਿ ਇਹ ਲੰਗਰ ਕਿਸੇ ਇੱਕ ਵਿਅਕਤੀ ਜਾਂ ਸਰਕਾਰ ਦੀ ਜਗ਼ੀਰ ਨਾਲ ਨਹੀਂ, ਸਗੋਂ ਸੰਗਤ ਦੀ ਸੱਚੀ-ਸੁੱਚੀ ਕਿਰਤ ਵਿੱਚੋਂ ਦਿੱਤੀ ਜਾਂਦੀ ਭੇਟਾ ਤੋਂ ਚੱਲਦਾ ਹੈ ਜੋ ਵੰਡ ਛਕਣ ਦੇ ਸਿਧਾਂਤ ਦਾ ਵਿਹਾਰਕ ਰੂਪ ਹੈ। ਆਪ ਨੇ ਸੇਵਾ, ਸਬਰ, ਸੰਤੋਖ, ਖਿਮਾ, ਅਕਾਲ ਪੁਰਖ ਦਾ ਭਾਣਾ ਮੰਨਣ, ਦਇਆ, ਸੱਚੇ ਗੁਰੂ ਵਿੱਚ ਅਟੱੁਟ ਵਿਸ਼ਵਾਸ਼ ਅਤੇ ਸ਼ਰਧਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਤੇ ਆਪਣੇ ਪੈਰੋਕਾਰਾਂ ਨੂੰ ਵੀ ਅਜਿਹੀ ਜੀਵਨ ਘਾਲ ਦੀ ਜੁਗਤੀ ਬਖਸ਼ੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਉਸ ਸਮੇਂ ਦੇ ਭਾਰਤੀ ਸਮਾਜ ਵਿੱਚ ਪ੍ਰਚਲਿਤ ਕਈ ਸਮਾਜਕ ਕੁਰੀਤੀਆਂ ਜਿਵੇ ਬਾਲ ਵਿਆਹ, ਜਾਤੀ ਪ੍ਰਥਾ, ਸਤੀ ਪ੍ਰਥਾ ਆਦਿ ਦਾ ਖੰਡਨ ਕਰਦਿਆਂ ਲੋਕਾਂ ਨੂੰ ਇਨ੍ਹਾਂ ਭੈੜੀਆਂ ਬੁਰਾਈਆਂ ਵਿੱਚੋਂ ਬਾਹਰ ਕੱਢਣ ਦਾ ਜਤਨ ਕੀਤਾ। ਆਪ ਨੇ ਸਤੀ ਪ੍ਰਥਾ (ਹਿੰਦੂ ਪੰ੍ਰਪਰਾ ਅਨੁਸਾਰ ਵਿਧਵਾ ਹੋਈ ਔਰਤ ਨੂੰ ਉਸ ਦੇ ਪਤੀ ਦੇ ਨਾਲ ਹੀ ਚਿਖਾ ਵਿਚ ਜਿਉਂਦੇ ਸਾੜ ਦਿੱਤਾ ਜਾਂਦਾ ਸੀ) ਦਾ ਵਿਰੋਧ ਕਰਦਿਆਂ ਬਾਦਸ਼ਾਹ ਅਕਬਰ ਨੂੰ ਪੂਰਨ ਤੌਰ ਤੇ ਪਾਬੰਦੀ ਲਗਾਉਣ ਲਈ ਵੀ ਜ਼ੋਰ ਪਾਇਆ। ਆਪ ਨੇ ਇਸ ਸਮਾਜ ਬੁਰਾਈ ਸਬੰਧੀ ਲੋਕਾਂ ਨੂੰ ਸਮਝਾਉਂਦਿਆਂ ਬਾਣੀ ਵਿੱਚ ਉਪਦੇਸ਼ ਕੀਤਾ ਕਿ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥
ਆਪ ਨੇ ਵਿਧਵਾ ਵਿਆਹ ਕਰਨ ਲਈ ਸਮਾਜ ਨੂੰ ਪ੍ਰੇਰਿਤ ਕੀਤਾ। ਗੁਰੂ ਜੀ ਨੇ ਸਮਾਜ ਵਿੱਚ ਪ੍ਰਚਲਿਤ ਔਰਤਾਂ ਦੀ ਪਰਦਾ ਪ੍ਰਥਾ ਸਿੱਖਾਂ ਵਿੱੱੱਚ ਵਿਵਰਜਤ ਕੀਤੀ ਅਤੇ ਇਸਤਰੀ ਦੀ ਦਸ਼ਾ ਸੁਧਾਰਨ ਵੱਲ ਉਚੇਚੇ ਯਤਨ ਕੀਤੇ। ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਸਿਧਾਂਤਾਂ ਤੇ ਸੰਕਲਪਾਂ ਦੇ ਪ੍ਰਚਾਰ-ਪ੍ਰਸਾਰ ਲਈ ਅਤੇ ਦੂਰ-ਨੇੜੇ ਦੀਆਂ ਸੰਗਤਾਂ ਨਾਲ ਸੰਪਰਕ ਲਈ ‘ਮੰਜੀ ਪ੍ਰਥਾ’ ਆਰੰਭ ਕੀਤੀ, ਜਿਸ ਅਧੀਨ ਉਸ ਸਮੇਂ ਦੇ ਵੱਖ-ਵੱਖ ਇਲਾਕਿਆਂ ਦੇ ਪ੍ਰਮੁੱਖ 22 ਗੁਰਸਿੱਖਾਂ ਨੂੰ ਮੰਜੀਦਾਰ ਨਿਯੁਕਤ ਕੀਤਾ। ਇਸੇ ਤਰ੍ਹਾਂ ਉਨ੍ਹਾਂ ਦੁਆਰਾ ਮੰਜੀਆਂ ਦੇ ਨਾਲ 52 ਪੀੜ੍ਹੀਆਂ ਦੀ ਵੀ ਇਸਤਰੀਆਂ ਲਈ ਸਥਾਪਨਾ ਕੀਤੀ ਮੰਨੀ ਜਾਂਦੀ ਹੈ।
ਸ੍ਰੀ ਗੁਰੂ ਅਮਰਦਾਸ ਜੀ ਨੇ ਮਰਨ ਉਪਰੰਤ ਪ੍ਰਾਣੀ ਨਮਿਤ ਕੀਤੇ ਜਾਂਦੇ ਫੋਕਟ ਕਰਮ-ਕਾਂਡਾਂ ਨੂੰ ਖਤਮ ਕਰਦਿਆਂ ਪ੍ਰਾਣੀ ਦੀ ਮੌਤ ਉਪਰੰਤ ਪਰਿਵਾਰ ਦੇ ਜੀਆਂ ਨੂੰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦਿਆਂ ਵਿਰਲਾਪ ਅਤੇ ਪਿੱਟ-ਸਿਆਪੇ ਕਰਨ ਤੋਂ ਰੋਕਿਆ ਅਤੇ ਇਸ ਸੋਗਮਈ ਸਮੇਂ ਵੀ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ਇਸ ਮੌਕੇ ਨੂੰ ਪ੍ਰਮਾਤਮਾ ਤੋਂ ਵਿਛੜੀ ਹੋਈ ਆਤਮਾ ਨੂੰ ਪ੍ਰਭੂ-ਪ੍ਰਮਾਤਮਾ ਨਾਲ ਮਿਲਾਪ ਦਾ ਸ਼ੁੱਭ ਸਮਾਂ ਦੱਸਦਿਆਂ ਉਸ ਅਕਾਲ ਪੁਰਖ ਦੀ ਸਿਰਫ-ਸਲਾਹ ਕਰਨ ਦਾ ਉਪਦੇਸ਼ ਦਿੱਤਾ।ਆਪ ਵੱਲੋਂ ਆਪਣੇ ਜੋਤੀ-ਜੋਤ ਸਮਾਉਣ ਸਮੇਂ ਪਰਿਵਾਰ ਨੂੰ ਦਿੱਤੇ ਗਏ ਉਪਦੇਸ਼ ਆਪ ਜੀ ਦੇ ਪੋਤੇ ਬਾਬਾ ਸੁੰਦਰ ਜੀ ਦੁਆਰਾ ਰਚਿਤ ‘ਸਦ ਬਾਣੀ’ ਵਿੱਚ ਇਸ ਤਰ੍ਹਾਂ ਵਰਣਿਤ ਹਨ:
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ॥
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ॥
ਅਤੇ ਨਾਲ ਹੀ ਗੁਰੂ ਜੀ ਪਰਿਵਾਰ ਨੂੰ ਫਰਮਾਉਂਦੇ ਹਨ:
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥
ਆਪ ਨੇ ਇਸ ਸੰਸਾਰ ਨੂੰ ਸੱਚੇ ਅਕਾਲ ਪੁਰਖ ਦੀ ਰਚਨਾ ਦਸਦਿਆਂ ਲੋਕਾਈ ਨੂੰ ਤੇ ਇਸ ਸੰਸਾਰ ਨੂੰ ਉਸ ਪ੍ਰਮਾਤਮਾ ਦਾ ਰੂਪ ਮੰਨਣ ਦਾ ਉਪਦੇਸ਼ ਦਿੰਦਿਆਂ ਫੁਰਮਾਇਆ:
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ॥
ਆਪ ਨੇ ਉਸ ਸਮੇਂ ਪ੍ਰਚਲਿਤ ਸ਼ਰਾਬ ਵਰਗੇ ਨਸ਼ੇ ਛੱਡਣ ਲਈ ਲੋਕਾਂ ਨੂੰ ਪ੍ਰੇਰਦਿਆਂ ਫੁਰਮਾਨ ਕੀਤਾ:
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਆਪ ਨੇ ਸ਼ੇਰ ਸ਼ਾਹ ਸੂਰੀ ਦੁਆਰਾ ਬਣਾਏ ਸ਼ਾਹ ਰਾਹ ਉੱਪਰ ਬਿਆਸ ਦਰਿਆ ਕਿਨਾਰੇ ਗੋਇੰਦਵਾਲ ਨਗਰ ਵਸਾਇਆ ਅਤੇ ਇੱਥੇ ਇੱਕ ਵੱਡੀ ਬਾਉਲੀ ਦਾ ਨਿਰਮਾਣ ਕਰਵਾਇਆ। ਸ੍ਰੀ ਗੁਰੂ ਅਮਰਦਾਸ ਜੀ ਨੇ 18 ਰਾਗਾਂ ਅਧੀਨ ਬਾਣੀ ਉਚਾਰਨ ਕੀਤੀ ਜਿਨ੍ਹਾਂ ਵਿੱਚ ਚਉਪਦੇ, ਅਸ਼ਟਪਦੀਆਂ, ਸੋਲਹੇ, ਪਦੇ, ਛੰਤ, ਸਲੋਕ, ਪਾਉੜੀਆਂ, ਪਟੀ, ਗੂਜਰੀ ਕੀ ਵਾਰ, ਵਾਰ ਸੂਹੀ, ਵਾਰ ਰਾਮਕਲੀ, ਵਾਰ ਮਾਰੂ, ਸਤਵਾਰੇ ਅਤੇ ਅਨੰਦੁ ਬਾਣੀ ਸ਼ਾਮਲ ਹੈ।ਅਨੰਦ ਬਾਣੀ ਸਿੱਖ ਨਿਤਨੇਮ ਦਾ ਹਿੱਸਾ ਹੈ ਅਤੇ ਹਰੇਕ ਖੁਸ਼ੀ-ਗਮੀ ਦੇ ਸਮੇਂ ਪੜ੍ਹੀ ਜਾਂਦੀ ਹੈ। ਗੁਰੂ ਅਮਰਦਾਸ ਜੀ 1 ਸਤੰਬਰ (ਅੱਸੂ ਮਹੀਨੇ) 1574 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।
ਗੁਰਪੁਰਬ ਤੇ ਵਿਸ਼ੇਸ਼ : ਸ੍ਰੀ ਗੁਰੂ ਅਮਰਦਾਸ ਜੀ

Published: