ਨਵੀਂ ਦਿੱਲੀ/ਪੰਜਾਬ ਪੋਸਟ
1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 40 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਅੱਜ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਨਵੀਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਤਰੁਣ ਚੁੱਘ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਪਾਰਟੀ ਦਾ ਪੱਲਾ ਫੜਿਆ। ਫੂਲਕਾ ਨੇ ਇਸ ਮੌਕੇ ਕਿਹਾ ਕਿ ਉਹ ਭਾਜਪਾ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ 1984 ਦੇ ਪੀੜਤਾਂ ਦੀ ਲੜਾਈ ਵਿੱਚ ਭਾਜਪਾ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਪੰਜਾਬ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਖ਼ਰਾਬ ਹੈ ਅਤੇ ਨਸ਼ਿਆਂ ਦੇ ਨਾਲ-ਨਾਲ ਗੈਂਗਸਟਰਵਾਦ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਐਚ.ਐਸ. ਫੂਲਕਾ ਦਾ ਭਾਜਪਾ ਵਿੱਚ ਜਾਣਾ ਪੰਜਾਬ ਦੀ ਸਿਆਸਤ ਵਿੱਚ ਕਈ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ। ਯਾਦ ਰਹੇ ਕਿ ਫੂਲਕਾ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ 2017 ਵਿੱਚ ਦਾਖਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ, ਪਰ 2019 ਵਿੱਚ ਉਨ੍ਹਾਂ ਨੇ ਰਾਜਨੀਤੀ ਨੂੰ “ਗਲਤੀ” ਦੱਸਦਿਆਂ ਪਾਰਟੀ ਅਤੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਲਗਭਗ ਸੱਤ ਸਾਲਾਂ ਬਾਅਦ ਸਰਗਰਮ ਰਾਜਨੀਤੀ ਵਿੱਚ ਵਾਪਸੀ ਕਰਦਿਆਂ ਉਨ੍ਹਾਂ ਨੇ ਭਾਜਪਾ ਨੂੰ ਚੁਣਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ “ਭਰੋਸੇ ਦੀ ਉਲੰਘਣਾ” ਦੱਸਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੂਲਕਾ ਵਰਗੇ ਵੱਡੇ ਪੰਥਕ ਚਿਹਰੇ ਦਾ ਭਾਜਪਾ ਵਿੱਚ ਆਉਣਾ ਪਾਰਟੀ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ।
ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ
Published:






