ਕੁਆਲਾਲੰਪੁਰ/ਪੰਜਾਬ ਪੋਸਟ
ਕੁਆਲਾਲੰਪੁਰ ਵਿੱਚ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ ਨਾਲ ਆਪਣੀ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨਾਲ ਰਣਨੀਤਕ ਸਬੰਧ ਵਧਾਉਣ ਦਾ ਚਾਹਵਾਨ ਤਾਂ ਹੈ ਪਰ ਅਜਿਹਾ ਭਾਰਤ ਨਾਲ ਉਸ ਦੇ ਇਤਿਹਾਸਕ ਅਤੇ ਅਹਿਮ ਸਬੰਧਾਂ ਦੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ। ਰੂਬੀਓ ਨੇ ਰੂਸ ਨਾਲ ਭਾਰਤ ਦੇ ਊਰਜਾ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਪਹਿਲਾਂ ਹੀ ਕੱਚੇ ਤੇਲ ਦੀ ਆਪਣੀ ਖਰੀਦ ਵਿੱਚ ਵਿਭਿੰਨਤਾ ਲਿਆਉਣ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ। ਅਮਰੀਕੀ ਵਿਦੇਸ਼ ਮੰਤਰੀ ਆਸਿਆਨ ਸੰਮੇਲਨ ਲਈ ਮਲੇਸ਼ੀਆ ਫੇਰੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਸਵਾਲ ਦੇ ਜਵਾਬ ਵਿੱਚ ਰੂਬੀਓ ਨੇ ਕਿਹਾ ਕਿ ਨਵੀਂ ਦਿੱਲੀ ‘ਸਪੱਸ਼ਟ ਕਾਰਨਾਂ ਕਰਕੇ ਚਿੰਤਤ’ ਹੈ ਅਤੇ ਵਾਸ਼ਿੰਗਟਨ ਦੇ ਇਸਲਾਮਾਬਾਦ ਨਾਲ ਸਬੰਧ ਨਵੀਂ ਦਿੱਲੀ ਨਾਲ ਸਬੰਧਾਂ ਦੀ ਕੀਮਤ ’ਤੇ ਨਹੀਂ ਹੋਣਗੇ। ਉਨ੍ਹਾਂ ਕਿਹਾ, ‘‘ਭਾਰਤ ਨੂੰ ਇਹ ਸਮਝਣਾ ਪਵੇਗਾ ਕਿ ਸਾਨੂੰ ਵੱਖ-ਵੱਖ ਦੇਸ਼ਾਂ ਨਾਲ ਸਬੰਧ ਰੱਖਣੇ ਪੈਂਦੇ ਹਨ। ਇਸ ਲਈ ਇਹ ਇੱਕ ਪ੍ਰਪੱਕ ਅਤੇ ਵਿਹਾਰਕ ਵਿਦੇਸ਼ ਨੀਤੀ ਦਾ ਹਿੱਸਾ ਹੈ।’’







