*ਹਾਲਾਤ ਬਿਲਕੁਲ ਆਮ ਵਾਂਗ ਹੋਣ ਨੂੰ ਲੱਗ ਸਕਦਾ ਸਮਾਂ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ’ਤੇ ਦਸਤਖ਼ਤ ਕਰ ਦਿੱਤੇ ਜਾਣ ਨਾਲ ਰਿਕਾਰਡ 43 ਦਿਨਾਂ ਤੋਂ ਜਾਰੀ ਸਰਕਾਰੀ ‘ਸ਼ੱਟਡਾਊਨ’ ਭਾਵ ਤਾਲਾਬੰਦੀ ਖ਼ਤਮ ਹੋ ਗਈ ਹੈ। ਇਸ ਤਾਲਾਬੰਦੀ ਕਰ ਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਆਰਥਕ ਦਬਾਅ ਝੱਲਣਾ ਪੈ ਰਿਹਾ ਸੀ। ਕਈ ਥਾਵਾਂ ‘ਤੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਨ, ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ ਸਨ ਅਤੇ ਕੱੁਝ ਖੁਰਾਕੀ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗਦੀਆਂ ਨਜ਼ਰ ਆ ਰਹੀਆਂ ਸਨ। ਅਮਰੀਕੀ ਪ੍ਰਤੀਨਿਧ ਸਭਾ ਵੱਲੋਂ 222-209 ਦੇ ਬਹੁਮਤ ਨਾਲ ਬਿੱਲ ਪਾਸ ਕਰਨ ਤੋਂ ਕੱੁਝ ਘੰਟਿਆਂ ਬਾਅਦ ਹੀ ਡੋਨਾਲਡ ਟਰੰਪ ਨੇ ਇਸ ਬਿੱਲ ’ਤੇ ਸਹੀ ਪਾ ਦਿੱਤੀ। ਇਸ ਬਿੱਲ ’ਤੇ ਦਸਤਖ਼ਤ ਕੀਤੇ ਜਾਣ ਨਾਲ ਟਰੰਪ ਦੇ ਕਾਰਜਕਾਲ ਸਮੇਂ ਹੋਈ ਦੂਜੀ ਤਾਲਾਬੰਦੀ ਸਮਾਪਤ ਹੋ ਗਈ ਹੈ।
ਇਸ ਤਾਲਾਬੰਦੀ ਦੇ ਆਲਮ ਨੇ ਅਮਰੀਕਾ ਵਿਚ ਪੱਖਪਾਤੀ ਵੰਡ ਨੂੰ ਹੋਰ ਹਵਾ ਵੀ ਦਿੱਤੀ ਕਿਉਂਕਿ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਾਜੈਕਟਾਂ ਨੂੰ ਰੱਦ ਕਰਨਾ ਅਤੇ ਫੈਡਰਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ ਤਾਂ ਜੋ ਡੈਮੋਕਰੈਟਸ ’ਤੇ ਮੰਗਾਂ ਨੂੰ ਲੈ ਕੇ ਨਰਮ ਰੁਖ਼ ਅਪਣਾਉਣ ਲਈ ਦਬਾਅ ਬਣਾਇਆ ਜਾ ਸਕੇ। ਤਾਲਾਬੰਦੀ ਕਾਰਨ ਪਾਰਲੀਮੈਂਟ ’ਚ 19 ਸਤੰਬਰ ਤੋਂ ਬਾਅਦ ਕੋਈ ਕੰਮਕਾਜ ਨਹੀਂ ਹੋ ਸਕਿਆ। ਇਸ ਦਰਮਿਆਨ ਡੈਮੋਕਰੈਟਿਕ ਆਗੂ ਹਕੀਮ ਜੈਫਰੀਜ਼ ਨੇ ਕਿਹਾ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ ਹੈ ਅਤੇ ਇਹ ਤਾਂ ਹੁਣ ਸ਼ੁਰੂ ਹੋਵੇਗੀ; ਭਾਵੇਂ ਵੋਟ ਉਨਾਂ ਦੇ ਪੱਖ ’ਚ ਨਾ ਪੈਣ ਪਰ ਉਹ ਸਬਸਿਡੀ ਵਿਸਥਾਰ ਤੋਂ ਪਿਛਾਂਹ ਨਹੀਂ ਹਟਣਗੇ।
ਇਸ ਤੋਂ ਪਹਿਲਾਂ, ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਸੋਮਵਾਰ ਨੂੰ ਬਿੱਲ ਪਾਸ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਲੰਮਾ ਸ਼ੱਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ ਸੀ। ਡੈਮੋਕਰੈਟਾਂ ਦੇ ਛੋਟੇ ਗਰੁੱਪ ਨੇ ਆਪਣੀ ਪਾਰਟੀ ਵਿੱਚ ਤਿੱਖੀ ਆਲੋਚਨਾ ਦੇ ਬਾਵਜੂਦ ਰਿਪਬਲਿਕਨਾਂ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਜਿਸ ਦੀ ਮਦਦ ਨਾਲ ਬਿੱਲ ਪਾਸ ਹੋਇਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਸ ਸਮੇਂ ਇਸ ਬਿੱਲ ਦੀ ਹਮਾਇਤ ’ਚ ਸੰਕੇਤ ਦਿੰਦਿਆਂ ਕਿਹਾ ਸੀ, ‘ਅਸੀਂ ਜਲਦੀ ਹੀ ਸ਼ੱਟਡਾਊਨ ਖਤਮ ਕਰਾਂਗੇ’। ਦਰਅਸਲ ਡੈਮੋਕ੍ਰੈਟਿਕ ਆਗੂਆਂ ਦੇ ਇੱਕ ਗਰੁੱਪ ਨੇ ਸਿਹਤ ਦੇਖਭਾਲ ਸਬਸਿਡੀ ਦੇ ਵਿਸਥਾਰ ਦੀ ਗਾਰੰਟੀ ਤੋਂ ਬਿਨਾਂ ਚਰਚਾ ਕਰਨ ’ਤੇ ਸਹਿਮਤੀ ਜਤਾਈ, ਜਿਸ ’ਤੇ ਪਾਰਟੀ ਦੇ ਕਈ ਮੈਂਬਰ ਨਾਰਾਜ਼ ਹੋ ਗਏ ਸਨ। ਇਨਾਂ ਆਗੂਆਂ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਚਾਹੁੰਦੇ ਹਨ ਕਿ ਸਬਸਿਡੀ ਨੂੰ ਲੈ ਕੇ ਲੜਾਈ ਜਾਰੀ ਰੱਖੀ ਜਾਵੇ। ਇਸ ਦਰਮਿਆਨ, ਡੈਮੋਕਰੈਟ ਆਗੂ ਮੰਗ ਕਰ ਰਹੇ ਸਨ ਕਿ ਰਿਪਬਲਿਕਨ ਆਗੂ ਪਹਿਲੀ ਜਨਵਰੀ ਨੂੰ ਖਤਮ ਹੋ ਰਹੇ ਸਿਹਤ ਦੇਖਭਾਲ ਟੈਕਸ ਕਰੈਡਿਟ ਦੀ ਮਿਆਦ ਵਧਾਉਣ ਲਈ ਉਨਾਂ ਨਾਲ ਗੱਲਬਾਤ ਕਰਨ ਪਰ ਰਿਪਬਲਿਕਨ ਆਗੂਆਂ ਨੇ ਅਜਿਹਾ ਨਹੀਂ ਸੀ ਕੀਤਾ।







