ਪੈਨਸਲਵੇਨੀਆ/ਪੰਜਾਬ ਪੋਸਟ
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਦੇ ਨਤੀਜੇ ਵਿੱਚ ਵੱਡੇ ਫਰਕ ਨਾਲ ਜੇਤੂ ਰਹੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਉੱਤੇ ‘ਸਿਖਸ ਫਾਰ ਟਰੰਪ’ ਵੱਲੋਂ ਚੇਅਰਮੈਨ ਜਸਦੀਪ ਸਿੰਘ ਜੈਸੀ ਅਤੇ ਉਨਾਂ ਦੇ ਸਾਥੀਆਂ ਵੱਲੋਂ ਢੋਲ ਢਮੱਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਖਾਸ ਗੱਲ ਇਹ ਵੀ ਸੀ ਕਿ ਰਾਸ਼ਟਰਪਤੀ ਚੋਣ ਦੇ ਅੰਤਿਮ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਹੀ ‘ਸਿਖ ਫਾਰ ਟਰੰਪ’ ਵੱਲੋਂ ਜਸ਼ਨ ਦਾ ਆਗਾਜ਼ ਹੋ ਗਿਆ ਸੀ ਅਤੇ ਨਾਲ ਹੀ ਮੁਸਲਿਮ ਭਾਈਚਾਰੇ ਅਤੇ ਯਹੂਦੀ ਭਾਈਚਾਰੇ ਦੇ ਮੈਂਬਰ ਵੀ ਟਰੰਪ ਦੀ ਜਿੱਤ ਦੀ ਖੁਸ਼ੀ ਸਾਂਝੀ ਕਰਨ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸਨ। ‘ਸਿਖਸ ਫਾਰ ਟਰੰਪ’ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਕਾਫੀ ਅਰਸਾ ਪਹਿਲਾਂ ਹੀ ਟਰੰਪ ਦੀ ਜਿੱਤ ਨੂੰ ਨਿਸ਼ਚਿਤ ਦੱਸਦਿਆਂ ਇਹ ਕਿਹਾ ਸੀ ਜੇਕਰ ਚੋਣਾਂ ਨਿਰਪੱਖ ਅਤੇ ਸਹੀ ਅੰਦਾਜ਼ ਵਿੱਚ ਮੁਕੰਮਲ ਹੁੰਦੀਆਂ ਹਨ ਤਾਂ ਟਰੰਪ ਦਾ ਜਿੱਤਣਾ ਤੈਅ ਹੈ ਅਤੇ ਨਤੀਜਿਆਂ ਵਿੱਚ ਠੀਕ ਅਜਿਹਾ ਹੋਇਆ ਵੀ ਹੈ। ਇਸ ਮੌਕੇ ਬੋਲਦੇ ਹੋਏ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਨਾਲ ਨਾਲ ਪ੍ਰਵਾਸੀ ਭਾਰਤੀ ਅਤੇ ਪਾਕਿਸਤਾਨੀ ਭਾਈਚਾਰੇ ਦੇ ਨਾਲ ਨਾਲ ਸਮੁੱਚੇ ਦੱਖਣ ਏਸ਼ੀਆਈ ਖਿੱਤੇ ਦੇ ਲੋਕ ਡੋਨਾਲਡ ਟਰੰਪ ਦੀ ਜਿੱਤ ਤੋਂ ਬੇਹੱਦ ਉਤਸ਼ਾਹਿਤ ਹਨ ਅਤੇ ਇਸੇ ਕਰਕੇ ਇਸ ਜਸ਼ਨ ਵਿੱਚ ਸਾਰੇ ਵਰਗ ਸ਼ੁਮਾਰ ਹੋਏ ਹਨ। ਚੇਅਰਮੈਨ ਜੈਸੀ ਨੇ ਇਸ ਗੱਲ ਦੀ ਵੀ ਆਸ ਪ੍ਰਗਟਾਈ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ-ਅਮਰੀਕਾ ਸਬੰਧ ਵੀ ਇੱਕ ਨਵੇਂ ਪੱਧਰ ਉੱਤੇ ਪਹੁੰਚਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਲ 2016 ਦੀਆਂ ਚੋਣਾਂ ਤੋਂ ਹੀ ਡੋਨਾਲਡ ਟਰੰਪ ਦੀ ਲਗਾਤਾਰ ਡਟਵੀਂ ਹਮਾਇਤ ਕਰਦੀ ਆ ਰਹੀ ਸੰਸਥਾ ‘ਸਿਖਸ ਫਾਰ ਟਰੰਪ’ ਨੇ ਚੇਅਰਮੈਨ ਜਸਦੀਪ ਸਿੰਘ ਜੈਸੀ ਦੀ ਅਗੁਆਈ ਹੇਠ ਐਤਕੀਂ ਦੀ ਚੋਣ ਮੁਹਿੰਮ ਦੌਰਾਨ ਡੋਨਾਲਡ ਟਰੰਪ ਦੀ ਹਮਾਇਤ ਵਿੱਚ ਪੂਰੀ ਸਰਗਰਮੀ ਵਿਖਾਈ ਸੀ। ਚੇਅਰਮੈਨ ਜਸਦੀਪ ਸਿੰਘ ਜੈਸੀ ਵੱਲੋਂ ਚੋਣਾਂ ਤੋਂ ਪਹਿਲਾਂ, ਡੋਨਾਲਡ ਟਰੰਪ ਨਾਲ ਇੱਕ ਖਾਸ ਮੁਲਾਕਾਤ ਵੀ ਕੀਤੀ ਗਈ ਸੀ ਜਿਸ ਦੌਰਾਨ ਡੋਨਾਲਡ ਟਰੰਪ ਨੇ ਜਿੱਥੇ ਸਿੱਖਾਂ ਦਾ ਧੰਨਵਾਦ ਕੀਤਾ ਸੀ ਉੱਥੇ ਉਨਾਂ ਭਵਿੱਖ ਦੇ ਵਿੱਚ ਵੀ ਸਿੱਖ ਕੌਮ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦੁਆਇਆ ਸੀ।ਇਸ ਮੌਕੇ ਉੱਘੇ ਪ੍ਰਵਾਸੀ ਪੰਜਾਬੀ ਪੱਤਰਕਾਰ ਸੁਖਪਾਲ ਸਿੰਘ ਧਨੋਆ ਨੇ ਜਸ਼ਨ ਮਨਾਉਣ ਲਈ ਇਕੱਤਰ ਹੋਏ ਇਨਾਂ ਵੱਖ ਵੱਖ ਵਰਗਾਂ ਦੇ ਸਮੂਹ ਦੀ ਏਕਤਾ ਅਤੇ ਸਾਂਝੀ ਖੁਸ਼ੀ ਨੂੰ ਇੱਕ ਬੇਹੱਦ ਵਿਲੱਖਣ ਦ੍ਰਿਸ਼ ਕਰਾਰ ਦਿਤਾ।
‘ਸਿਖਸ ਫਾਰ ਟਰੰਪ’ ਵੱਲੋਂ ਡੋਨਾਲਡ ਟਰੰਪ ਦੀ ਜਿੱਤ ਉੱਤੇ ਢੋਲ ਦੀ ਥਾਪ ਨਾਲ ਖੁਸ਼ੀ ਦਾ ਪ੍ਰਗਟਾਵਾ

Published:






