ਕੋਲੰਬੋ/ਪੰਜਾਬ ਪੋਸਟ
ਆਈ.ਸੀ.ਸੀ ਟੀ-20 ਕ੍ਰਿਕਟ ਵਿਸ਼ਵ ਕੱਪ 2026 ਦੇ ਹੁਣ ਤੱਕ ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਟੂਰਨਾਮੈਂਟ ਦੇ ਇਤਿਹਾਸ ਵਿੱਚ ਦੌੜਾਂ ਦੇ ਲਿਹਾਜ਼ ਨਾਲ ਪਾਕਿਸਤਾਨ ਵਿਰੁੱਧ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਤਿੰਨ ਮੈਚ ਜਿੱਤ ਕੇ ਗਰੁੱਪ-ਏ ਦੀ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ ਅਤੇ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਕਹਿਰ ਅੱਗੇ ਟਿਕ ਨਾ ਸਕੀ ਅਤੇ 18 ਓਵਰਾਂ ਵਿੱਚ ਮਹਿਜ਼ 114 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤ ਦੀ ਇਸ ਜਿੱਤ ਦੀ ਨੀਂਹ ਈਸ਼ਾਨ ਕਿਸ਼ਨ ਨੇ ਰੱਖੀ, ਜਿਨ੍ਹਾਂ ਨੇ 40 ਗੇਂਦਾਂ ਵਿੱਚ ਤੂਫ਼ਾਨੀ ਪਾਰੀ ਖੇਡੀ। ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ 32 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਅਤੇ ਹਾਰਦਿਕ ਪਾਂਡਿਆ ਨੇ 2-2 ਵਿਕਟਾਂ ਝਟਕ ਕੇ ਪਾਕਿਸਤਾਨੀ ਬੱਲੇਬਾਜ਼ੀ ਨੂੰ ਟਿਕਣ ਨਹੀਂ ਦਿੱਤਾ।






