18.8 C
New York

ਜਨਤਾ ਦੇ ਵਿਚਕਾਰ ਦਿੱਲੀ ਦੇ ਐਲ.ਜੀ.ਸੰਧੂ

Published:

Rate this post

*ਕਮਲਾ ਨਗਰ ਦੇ ਪੈਦਲ ਦੌਰੇ ਦੌਰਾਨ ਜਾਣੀਆਂ ਜ਼ਮੀਨੀ ਹਕੀਕਤਾਂ

ਦਿੱਲੀ/ ਪੰਜਾਬ ਪੋਸਟ

ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਪ੍ਰੋਟੋਕੋਲ ਦੀਆਂ ਰਵਾਇਤੀ ਹੱਦਾਂ ਤੋਂ ਬਾਹਰ ਨਿਕਲਦਿਆਂ ਉੱਤਰੀ ਦਿੱਲੀ ਦੇ ਪ੍ਰਸਿੱਧ ਵਪਾਰਕ ਕੇਂਦਰ ਕਮਲਾ ਨਗਰ ਮਾਰਕੀਟ ਦਾ ਅਚਾਨਕ ਪੈਦਲ ਦੌਰਾ ਕੀਤਾ। ਦਿੱਲੀ ਯੂਨੀਵਰਸਿਟੀ ਦੇ ਨਜ਼ਦੀਕ ਸਥਿਤ ਇਹ ਮਾਰਕੀਟ ਵਿਦਿਆਰਥੀਆਂ ਅਤੇ ਖਰੀਦਦਾਰਾਂ ਲਈ K-NAG (ਕੇ-ਨਾਗ) ਦੇ ਨਾਮ ਨਾਲ ਜਾਣੀ ਜਾਂਦੀ ਹੈ।

ਰਵਾਇਤੀ ਪਰੰਪਰਾ ਨੂੰ ਬਦਲਦਿਆਂ ਉਹਨਾਂ ਆਪਣਾ ਸਰਕਾਰੀ ਕਾਫ਼ਲਾ ਦੂਰ ਖੜ੍ਹਾ ਕਰਕੇ ਬੰਗਲੋ ਰੋਡ ਦਾ ਪੂਰਾ ਰਸਤਾ ਪੈਦਲ ਤੈਅ ਕੀਤਾ ਅਤੇ ਰਸਤੇ ਦੀਆਂ ਹਕੀਕਤਾਂ ਨੂੰ ਜਾਣਿਆ। ਮਾਰਕੀਟ ਦੇ ਅੰਦਰੂਨੀ ਹਿੱਸੇ ਵਿੱਚ ਉਹਨਾਂ ਨੇ ਸਿਰਫ਼ ਸਥਿਤੀ ਦਾ ਮੁਆਇਨਾ ਹੀ ਨਹੀਂ ਕੀਤਾ, ਸਗੋਂ ਮੌਕੇ ‘ਤੇ ਮੌਜੂਦ ਲੋਕਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਦੇ ਸਰੋਕਾਰ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ।

ਦੌਰੇ ਦੌਰਾਨ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ, ਵਿਦਿਆਰਥੀਆਂ, ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ। ਲੋਕਾਂ ਨੇ ਖਾਸ ਤੌਰ ‘ਤੇ ਪਾਰਕਿੰਗ ਦੀ ਕਮੀ, ਟ੍ਰੈਫਿਕ ਜਾਮ, ਸਫ਼ਾਈ ਪ੍ਰਬੰਧ ਦੀ ਕਮਜ਼ੋਰੀ, ਢਿੱਲੀਆਂ ਲਟਕਦੀਆਂ ਤਾਰਾਂ ਅਤੇ ਜਨਤਕ ਸੁਵਿਧਾਵਾਂ ਦੀ ਘਾਟ ਵਰਗੇ ਮਸਲੇ ਉੱਠਾਏ। ਇਸ ਤੋਂ ਇਲਾਵਾ ਮਹਿਲਾਵਾਂ ਦੀ ਸੁਰੱਖਿਆ ਅਤੇ ਵਿਦਿਆਰਥੀਆਂ ਲਈ ਪੀ.ਜੀ. ਵਿੱਚ ਰਹਿਣ ਦੇ ਵਧਦੇ ਕਿਰਾਏ ਵੀ ਚਰਚਾ ਦਾ ਕੇਂਦਰ ਰਹੇ।

ਲੋਕਾਂ ਨੂੰ ਆਪਣੇਪਨ ਦੇ ਅਹਿਸਾਸ ਨੇ ਪਹਿਲੀ ਵਾਰ ਖੁੱਲ੍ਹ ਕੇ ਸਮੱਸਿਆਵਾਂ ਨੂੰ ਬਿਆਨ ਕਰਨ ਦਾ ਹੌਸਲਾ ਦਿੱਤਾ। ਇੱਕ ਮਹੱਤਵਪੂਰਨ ਮਸਲਾ ਅੰਡਰਗ੍ਰਾਊਂਡ ਪਾਰਕਿੰਗ ਦਾ ਵੀ ਸਾਹਮਣੇ ਆਇਆ ਦਸਿਆ ਜਾ ਰਿਹਾ ਹੈ। ਜਿਸਦੀ ਸਮਰੱਥਾ 800 ਤੋਂ ਵੱਧ ਵਾਹਨਾਂ ਦੀ ਦੱਸੀ ਜਾਂਦੀ ਹੈ। ਮਾਰਕੀਟ ਐਸੋਸੀਏਸ਼ਨਾਂ ਅਤੇ ਪੈਦਲ ਯਾਤਰੀਆਂ ਨੇ ਦੱਸਿਆ ਕਿ ਡਿਜ਼ਾਈਨ ਵਿੱਚ ਖਾਮੀਆਂ ਕਾਰਨ ਇਹ ਸੁਵਿਧਾ ਪੂਰੀ ਤਰ੍ਹਾਂ ਵਰਤੀ ਨਹੀਂ ਜਾ ਰਹੀ, ਜਿਸ ਨਾਲ ਇਲਾਕੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।

ਇਸ ਦੌਰਾਨ ਐਲ.ਜੀ. ਸੰਧੂ ਨੇ ਮਸ਼ਹੂਰ “ਚਾਚੇ ਦੀ ਹੱਟੀ” ਦਾ ਵੀ ਦੌਰਾ ਕੀਤਾ, ਜਿੱਥੇ ਉਹ ਆਮ ਲੋਕਾਂ ਨਾਲ ਕਤਾਰ ਵਿੱਚ ਲੱਗ ਕੇ ਛੋਲੇ ਭਠੂਰਿਆਂ ਦਾ ਆਰਡਰ ਦਿੰਦੇ ਅਤੇ ਸੁਆਦਲੇ ਭੋਜਨ ਦਾ ਲੁਤਫ਼ ਲੈਂਦੇ ਨਜ਼ਰ ਆਏ। ਇਹ ਥਾਂ ਉਨ੍ਹਾਂ ਦੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਨਾਲ ਵੀ ਜੁੜੀ ਰਹੀ ਹੈ। ਲੋਕਾਂ ਨਾਲ ਗੱਲਬਾਤ ਤੋਂ ਬਾਅਦ ਐਲ ਜੀ ਸੰਧੂ ਨੇ ਭਰੋਸਾ ਦਿਵਾਇਆ ਕਿ ‘ਉੱਠਾਏ ਗਏ ਸਾਰੇ ਮਸਲਿਆਂ ਨੂੰ ਸੰਬੰਧਿਤ ਵਿਭਾਗਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਦਾ ਸਮੇਂ ਬੱਧ ਹੱਲ ਯਕੀਨੀ ਬਣਾਇਆ ਜਾਵੇਗਾ।’

 ਸੋਸ਼ਲ ਮੀਡੀਆ ‘ਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ‘ਇਸ ਏਰੀਏ ਦੀ ਰੌਣਕ ਅੱਜ ਵੀ ਪਹਿਲਾਂ ਵਰਗੀ ਹੈ, ਪਰ ਇਸਨੂੰ ਹੋਰ ਸੁਧਾਰਨ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਾਜ਼ਮੀ ਹੈ।’

ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਸੰਧੂ ਦੇ ਇਸ ਦੌਰੇ ਨੂੰ ਸਿਰਫ਼ ਇੱਕ ਰੁਟੀਨ ਦੀ ਕਾਰਵਾਈ ਹੀ ਨਹੀਂ ਸਗੋਂ ਇੱਕ ਐਸੀ ਪ੍ਰਸ਼ਾਸਕੀ ਪਹੁੰਚ ਦਾ ਪ੍ਰਤੀਕ ਸਮਝਿਆ ਜਾ ਰਿਹਾ ਹੈ ਜਿੱਥੇ ਪ੍ਰਸ਼ਾਸਨ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਹੈ ਅਤੇ ਉਨ੍ਹਾਂ ਦੇ ਅਨੁਭਵਾਂ ਨੂੰ ਨੀਤੀ ਬਣਾਉਣ ਦਾ ਆਧਾਰ ਬਣਾਉਂਦਾ ਹੈ। ਉਹਨਾਂ ਦੇ ਇਸ ਪੈਦਲ ਦੌਰੇ ਨੇ ਦਿੱਲੀ ਦੀਆਂ ਬੇਹੱਦ ਗੰਭੀਰ ਸਮੱਸਿਆਵਾਂ ਦੇ ਕਦੀ ਨਾ ਕਦੀ ਹੱਲ ਹੋਣ ਦੀ ਦਿੱਲੀ ਹੀ ਨਹੀਂ ਬਾਹਰ ਵੱਸਦੇ ਭਾਰਤੀ ਭਾਈਚਾਰੇ ਵਿੱਚ ਵੀ ਵੱਡੀ ਆਸ ਜਗਾਈ ਹੈ।

Read News Paper

Related articles

spot_img

Recent articles

spot_img