ਮੋਹਾਲੀ/ਪੰਜਾਬ ਪੋਸਟ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ੀਰਕਪੁਰ ਸਥਿਤ ਰੀਅਲ ਅਸਟੇਟ ਕੰਪਨੀ ਜੀਬੀਪੀ ਗਰੁੱਪ ਦੇ ਖਿਲਾਫ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਈਡੀ ਨੇ ਭਗੌੜੇ ਬਿਲਡਰਾਂ ਦੀਆਂ 305 ਕਰੋੜ ਰੁਪਏ ਦੀਆਂ ਦੋ ਜਾਇਦਾਦਾਂ ਏਥਨਜ਼-1 ਅਤੇ ਏਥਨਜ਼-2 ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਕੰਪਨੀ ਦੇ ਭਗੌੜੇ ਡਾਇਰੈਕਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਪਾਏ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੀਬੀਪੀ ਗਰੁੱਪ ਆਪਣੇ ਨਿਵੇਸ਼ਕਾਂ ਤੋਂ ਪੈਸੇ ਕੱਢ ਰਿਹਾ ਸੀ ਅਤੇ ਨਿੱਜੀ ਲਾਭ ਲਈ ਇਸਦੀ ਵਰਤੋਂ ਕਰ ਰਿਹਾ ਸੀ। ਇਸ ਨਾਲ ਉਨ੍ਹਾਂ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਨ੍ਹਾਂ ਨੇ ਕੰਪਨੀ ਦੇ ਪ੍ਰੋਜੈਕਟਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕੀਤਾ ਸੀ। ਈਡੀ ਨੂੰ ਮਨੀ ਲਾਂਡਰਿੰਗ ਅਤੇ ਹੋਰ ਵਿੱਤੀ ਬੇਨਿਯਮੀਆਂ ਵਿੱਚ ਕੰਪਨੀ ਦੀ ਸ਼ਮੂਲੀਅਤ ਦੇ ਸਬੂਤ ਵੀ ਮਿਲੇ ਹਨ। ਨਤੀਜੇ ਵਜੋਂ, ਏਜੰਸੀ ਨੇ ਨਿਵੇਸ਼ਕਾਂ ਦੇ ਪੈਸੇ ਦੀ ਵਸੂਲੀ ਲਈ ਭਗੌੜੇ ਬਿਲਡਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ।







