ਡੋਨਾਲਡ ਟਰੰਪ ਦਾ ਵੱਡਾ ਐਲਾਨ: ਅਮਰੀਕਾ ਬਣੇਗਾ ‘ਹਾਰਮੁਜ਼ ਜਲਡਮਰੂ ਦਾ ਰੱਖਿਅਕ’, 20% ਟੈਰਿਫ ਦੀ ਗੱਲ ਆਖੀ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਵਪਾਰ ਅਤੇ ਸਮੁੰਦਰੀ ਨੀਤੀ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਹੁਣ ਤੋਂ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸਮੁੰਦਰੀ ਰੂਟ ‘ਹਾਰਮੁਜ਼ ਜਲਡਮਰੂ’ (ਸਟ੍ਰੇਟ ਆਫ਼ ਹਾਰਮੁਜ਼) ਦਾ ਅਧਿਕਾਰਤ ਰੱਖਿਅਕ (ਦ ਗਾਰਡੀਅਨ ਆਫ਼ ਦ ਹਾਰਮੁਜ਼ ਸਟ੍ਰੇਟ) ਹੋਵੇਗਾ। ਟਰੰਪ ਨੇ ਸਪੱਸ਼ਟ ਕੀਤਾ ਕਿ ਇਸ ਅਸ਼ਾਂਤ ਖੇਤਰ ਵਿੱਚ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਅਤੇ ਸਲਾਮਤੀ ਦੇਣ ਦੇ ਬਦਲੇ ਅਮਰੀਕਾ ਇੱਥੋਂ ਲੰਘਣ ਵਾਲੇ ਸਾਰੇ ਕਾਰਗੋ (ਮਾਲਵਾਹਕ ਜਹਾਜ਼ਾਂ) ’ਤੇ 20 ਫਰਤੀਸ਼ਤ (20%) ਦੀ ਦਰ ਨਾਲ ਵਿਸ਼ੇਸ਼ ਟੈਰਿਫ (ਟੈਕਸ/ਫ਼ੀਸ) ਵਸੂਲ ਕਰੇਗਾ, ਤਾਂ ਜੋ ਸੁਰੱਖਿਆ ਕਾਰਜਾਂ ’ਤੇ ਆਉਣ ਵਾਲੇ ਖ਼ਰਚੇ ਦੀ ਭਰਪਾਈ ਕੀਤੀ ਜਾ ਸਕੇ। ਉਨ੍ਹਾਂ ਲਿਖਿਆ ਕਿ ਇਹ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ‘ਈਰਾਨੀ ਨਾਕਾਬੰਦੀ’ (ਈਰਾਨੀਅਨ ਬਲਾਕੇਡ) ਨੂੰ ਮੁੜ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, “ਹਾਰਮੁਜ਼ ਜਲਡਮਰੂ ਪੂਰੀ ਤਰ੍ਹਾਂ ਖੁੱਲ੍ਹਾ ਹੈ ਅਤੇ ਈਰਾਨ ਦੇ ਨਾਲ ਜਾਂ ਉਸ ਤੋਂ ਬਿਨਾਂ ਵੀ ਖੁੱਲ੍ਹਾ ਰਹੇਗਾ। ਅਸੀਂ ਈਰਾਨੀ ਨਾਕਾਬੰਦੀ ਨੂੰ ਮੁੜ ਬਹਾਲ ਕਰ ਰਹੇ ਹਾਂ, ਜਿਸਦਾ ਮਕਸਦ ਸਿਰਫ਼ ਈਰਾਨ ਦੇ ਜਹਾਜ਼ਾਂ ਜਾਂ ਉਨ੍ਹਾਂ ਦੇ ਗਾਹਕਾਂ ਨੂੰ ਆਉਣ-ਜਾਣ ਤੋਂ ਰੋਕਣਾ ਹੈ। ਬਾਕੀ ਸਾਰੇ ਦੇਸ਼ਾਂ ਲਈ ਇਸ ਜਲਡਮਰੂ ਦੀ ਵਰਤੋਂ ਪੂਰੀ ਤਰ੍ਹਾਂ ਖੁੱਲ੍ਹੀ ਅਤੇ ਨਿਰਪੱਖ ਰਹੇਗੀ।” ਅਮਰੀਕਾ ਦੇ ਇਸ ਅਚਨਚੇਤ ਫੈਸਲੇ ਨੇ ਗਲੋਬਲ ਆਰਥਿਕਤਾ ਅਤੇ ਖ਼ਾਸ ਕਰਕੇ ਤੇਲ ਬਾਜ਼ਾਰ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ।
ਆਰਥਿਕ ਮਾਹਰਾਂ ਮੁਤਾਬਕ ਅਮਰੀਕਾ ਵੱਲੋਂ ਲਗਾਏ ਗਏ ਇਸ 20% ਟੈਰਿਫ ਅਤੇ ਸਮੁੰਦਰੀ ਨਾਕਾਬੰਦੀ ਕਾਰਨ ਭਾਰਤ ਦੀ ਸਪਲਾਈ ਚੇਨ (ਮਾਲ ਦੀ ਆਵਾਜਾਈ) ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਭਾਰਤ ਦੀ ਕੁੱਲ ਐਲ.ਐਨ.ਜੀ. (ਤਰਲ ਕੁਦਰਤੀ ਗੈਸ) ਆਯਾਤ ਦਾ 50 ਫਰਤੀਸ਼ਤ ਤੋਂ ਵੱਧ ਹਿੱਸਾ ਅਤੇ ਕੱਚੇ ਤੇਲ (ਕਰੂਡ ਆਇਲ) ਦੀ ਕੁੱਲ ਆਯਾਤ ਦਾ 35 ਤੋਂ 50 ਫਰਤੀਸ਼ਤ ਹਿੱਸਾ ਹਾਰਮੁਜ਼ ਜਲਡਮਰੂ ਰਾਹੀਂ ਹੀ ਭਾਰਤ ਪਹੁੰਚਦਾ ਹੈ। ਇਸ 20% ਵਾਧੂ ਟੈਕਸ ਅਤੇ ਸਮੁੰਦਰੀ ਯੁੱਧ-ਜੋਖਮ ਬੀਮਾ (ਮੈਰੀਟਾਈਮ ਵਾਰ-ਰਿਸਕ ਇੰਸ਼ੋਰੈਂਸ) ਦੀਆਂ ਵਧੀਆਂ ਕੀਮਤਾਂ ਕਾਰਨ ਭਾਰਤ ਵਿੱਚ ਤੇਲ ਅਤੇ ਗੈਸ ਦੀਆਂ ਲਾਗਤਾਂ ਤੁਰੰਤ ਵਧਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਤੋਂ ਭਾਰਤ ਆਉਣ ਵਾਲੀ ਖਾਦ (ਫਰਟੀਲਾਈਜ਼ਰ) ਅਤੇ ਕੱਚੇ ਮਾਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਮਾਲ ਭਾੜੇ ਦੇ ਖ਼ਰਚੇ ਅਤੇ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਸਕਦਾ ਹੈ।

Read News Paper

Related articles

spot_img

Recent articles

spot_img