ਟੋਰਾਂਟੋ/ਪੰਜਾਬ ਪੋਸਟ :
ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ’ਤੇ ਲਾਈਆਂ ਪਾਬੰਦੀਆਂ ਕਾਰਨ ਕਾਲਜਾਂ ਦੀ ਆਰਥਿਕ ਹਾਲਤ ਪ੍ਰਭਾਵਿਤ ਹੋ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਮਾਨਾਂ ਅਨੁਸਾਰ 2023-24 ਤੋਂ 2025-26 ਦਰਮਿਆਨ ਸਰਕਾਰੀ ਕਾਲਜਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 42 ਫ਼ੀਸਦੀ ਘਟੀ ਹੈ। ਇਸ ਕਾਰਨ ਕਈ ਸਿੱਖਿਆ ਸੰਸਥਾਵਾਂ ਨੂੰ ਕੋਰਸ ਬੰਦ ਕਰਨ, ਮੁਲਾਜ਼ਮਾਂ ਦੀ ਗਿਣਤੀ ਘਟਾਉਣ ਅਤੇ ਬਜਟ ਵਿੱਚ ਕਟੌਤੀ ਕਰਨ ਵਰਗੇ ਕਦਮ ਚੁੱਕਣੇ ਪੈ ਰਹੇ ਹਨ। ਟੋਰਾਂਟੋ ਦੇ ਹੰਬਰ ਪੌਲੀਟੈਕਨਿਕ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਘਟਣ ਕਾਰਨ 4 ਕਰੋੜ ਕੈਨੇਡੀਅਨ ਡਾਲਰ ਦੀ ਆਮਦਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਰਿਹਾਇਸ਼ ਅਤੇ ਜਨਤਕ ਸੇਵਾਵਾਂ ’ਤੇ ਦਬਾਅ ਘਟਾਉਣ ਲਈ ਲਾਈਆਂ ਗਈਆਂ ਹਨ।







