ਵਿਸ਼ੇਸ਼ ਜਾਂਚ ਟੀਮ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ, ਘਟਨਾ ਸਥਾਨ ਦਾ ਮੁਆਇਨਾ ਕਰਕੇ ਨਵੇਂ ਸਿਰੇ ਤੋਂ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ

Published:

Rate this post

ਫਰੀਦਕੋਟ/ਬਰਗਾੜੀ/ਪੰਜਾਬ ਪੋਸਟ
ਸਾਲ 2015 ਦੇ ਬਹੁ-ਚਰਚਿਤ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਕਾਰਵਾਈ ਵਿੱਚ ਅੱਜ (ਵੀਰਵਾਰ) ਇੱਕ ਵਾਰ ਫਿਰ ਬਹੁਤ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਐਸ.ਆਈ.ਟੀ. ਦੇ ਮੁਖੀ ਡੀ.ਆਈ.ਜੀ. ਹਰਜੀਤ ਸਿੰਘ ਅਤੇ ਫਰੀਦਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਉੱਚ-ਪੱਧਰੀ ਜਾਂਚ ਟੀਮ ਅੱਜ ਦੁਪਹਿਰ 1:00 ਵਜੇ ਦੇ ਕਰੀਬ ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੀ। ਦੱਸਣਯੋਗ ਹੈ ਕਿ ਇਹ ਉਹੀ ਪਿੰਡ ਹੈ, ਜਿੱਥੋਂ 1 ਜੂਨ 2015 ਨੂੰ ਗੁਰਦੁਆਰਾ ਸਾਹਿਬ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਸੀ। ਟੀਮ ਨੇ ਗੁਰੂ ਘਰ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਮੌਕੇ ’ਤੇ ਮੌਜੂਦ ਰਿਕਾਰਡ ਦੀ ਮੁੜ ਪੜਤਾਲ ਕੀਤੀ।
ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੁਆਇਨਾ ਮੁਕੰਮਲ ਕਰਨ ਤੋਂ ਬਾਅਦ ਐਸ.ਆਈ.ਟੀ. ਦੀ ਟੀਮ ਦੁਪਹਿਰ ਕਰੀਬ 1:45 ਵਜੇ ਗੁਆਂਢੀ ਪਿੰਡ ਬਰਗਾੜੀ ਵਿਖੇ ਪਹੁੰਚੀ, ਜਿੱਥੇ 12 ਅਕਤੂਬਰ 2015 ਨੂੰ ਪਾਵਨ ਗੁਰਬਾਣੀ ਦੇ ਅੰਗ ਗਲੀਆਂ ਵਿੱਚ ਖਿੱਲਰੇ ਹੋਏ ਮਿਲੇ ਸਨ। ਟੀਮ ਵੱਲੋਂ ਘਟਨਾ ਦੇ ਸੀਨ ਨੂੰ ਰੀ-ਕ੍ਰੀਏਟ (ਮੁੜ ਸਿਰਜਣਾ) ਕਰਨ ਅਤੇ ਪਹਿਲਾਂ ਇਕੱਠੇ ਕੀਤੇ ਗਏ ਸਬੂਤਾਂ ਦਾ ਜ਼ਮੀਨੀ ਪੱਧਰ ’ਤੇ ਮਿਲਾਨ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤੋਂ ਬਾਅਦ ਜਾਂਚ ਟੀਮ ਬਹਿਬਲ ਕਲਾਂ ਵਿਖੇ ਉਸ ਸਥਾਨ ‘ਤੇ ਵੀ ਪਹੁੰਚੀ, ਜਿੱਥੇ 14 ਅਕਤੂਬਰ 2015 ਨੂੰ ਬੇਅਦਬੀ ਇਨਸਾਫ਼ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਐਸ.ਆਈ.ਟੀ. ਵੱਲੋਂ ਬਾਜਾਖਾਨਾ ਪੁਲਿਸ ਥਾਣੇ ਦੇ ਅਧੀਨ ਆਉਂਦੀ ਪੁਲਿਸ ਚੌਕੀ ਦਾ ਵੀ ਦੌਰਾ ਕੀਤਾ ਗਿਆ, ਤਾਂ ਜੋ ਪੁਰਾਣੇ ਕੇਸ ਰਿਕਾਰਡ ਅਤੇ ਬਰਾਮਦ ਕੀਤੇ ਸਾਮਾਨ (ਕੇਸ ਪ੍ਰਾਪਰਟੀ) ਵਿੱਚ ਕਿਸੇ ਵੀ ਤਰ੍ਹਾਂ ਦੇ ਫ਼ਰਕ ਜਾਂ ਖਾਮੀ ਦੀ ਜਾਂਚ ਕੀਤੀ ਜਾ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ, ਐਸ.ਆਈ.ਟੀ. ਵੱਲੋਂ ਮੌਕਾ ਮੁਆਇਨੇ ਦਾ ਇਹ ਨਵਾਂ ਦੌਰ ਸ਼ੁਰੂ ਕਰਨ ਤੋਂ ਪਹਿਲਾਂ ਕਈ ਅਹਿਮ ਗਵਾਹਾਂ ਅਤੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਵਿਜੇ ਸਾਂਪਲਾ, ਗਗਨਦੀਪ ਸਿੰਘ ਬ੍ਰਾਰ ਅਤੇ ਮਲਵਿੰਦਰ ਸਿੰਘ ਜੱਗੀ ਸ਼ਾਮਲ ਹਨ, ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਜਾਂਚ ਅਧਿਕਾਰੀਆਂ ਮੁਤਾਬਕ, ਇੱਕ ਦਹਾਕੇ ਪੁਰਾਣੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ ਕੁਝ ਨਵੇਂ ਤੱਥਾਂ ਅਤੇ ਉੱਚ ਪੱਧਰੀ ਬਿਆਨਾਂ ਦੇ ਆਧਾਰ ‘ਤੇ ਹੀ ਅੱਜ ਇਹ ਜ਼ਮੀਨੀ ਜਾਂਚ ਕੀਤੀ ਗਈ ਹੈ। ਇਸ ਗੋਲੀਕਾਂਡ ਮਾਮਲੇ ਵਿੱਚ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ, ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਸਮੇਤ 9 ਲੋਕਾਂ ਖ਼ਿਲਾਫ਼ ਅਦਾਲਤ ਵਿੱਚ ਚਾਲਾਨ ਪੇਸ਼ ਹੋ ਚੁੱਕਾ ਹੈ। ਐਸ.ਆਈ.ਟੀ. ਦੇ ਇਸ ਅਚਾਨਕ ਦੌਰੇ ਨੇ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਹਲਕਿਆਂ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ, ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਵੀਂ ਪੜਤਾਲ ਨਾਲ ਲੰਮੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਪੀੜਤ ਪਰਿਵਾਰਾਂ ਅਤੇ ਸਿੱਖ ਪੰਥ ਨੂੰ ਵੱਡੀ ਕਾਨੂੰਨੀ ਸਫ਼ਲਤਾ ਮਿਲ ਸਕਦੀ ਹੈ।

Read News Paper

Related articles

spot_img

Recent articles

spot_img