ਦੁਨੀਆ ਦੇ ਇਤਿਹਾਸ ਵਿੱਚ ਕੁਝ ਸਖਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਪ੍ਰਭਾਵ ਕਿਸੇ ਇੱਕ ਧਰਮ, ਦੇਸ਼, ਭਾਸ਼ਾ ਜਾਂ ਸਮੇਂ ਦੀਆਂ ਹੱਦਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਵਿਚਾਰ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਮਨੁੱਖਤਾ ਨੂੰ ਸਹੀ ਰਸਤਾ ਦਿਖਾਉਂਦੇ ਰਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੀ ਹੀ ਮਹਾਨ ਰੂਹਾਨੀ ਸਖਸ਼ੀਅਤ ਸਨ, ਜਿਨ੍ਹਾਂ ਨੇ ਪੰਦਰ੍ਹਵੀਂ ਸਦੀ ਵਿੱਚ ਮਨੁੱਖਤਾ ਨੂੰ ਸੱਚ, ਪ੍ਰੇਮ, ਬਰਾਬਰੀ, ਇਨਸਾਫ, ਸੇਵਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਮਨੁੱਖ ਨੂੰ ਧਰਮ ਦੇ ਬਾਹਰੀ ਦਿਖਾਵੇ ਦੀ ਥਾਂ ਅੰਦਰਲੀ ਪਵਿੱਤਰਤਾ, ਸੱਚੇ ਕਰਮਾਂ ਅਤੇ ਦੂਜਿਆਂ ਦੇ ਦੁੱਖ ਨੂੰ ਸਮਝਣ ਦੀ ਸਿੱਖਿਆ ਦਿੱਤੀ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਸਿਰਫ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਰਹਿਬਰ ਵਜੋਂ ਸਤਿਕਾਰੇ ਜਾਂਦੇ ਹਨ।
ਸਿੱਖ ਇਤਿਹਾਸਕ ਪ੍ਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੰਨ 1469 ਵਿੱਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ, ਜਿਸ ਨੂੰ ਅੱਜ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤਿ੍ਰਪਤਾ ਜੀ ਸਨ। ਵੱਡੀ ਭੈਣ ਬੇਬੇ ਨਾਨਕੀ ਜੀ ਦਾ ਗੁਰੂ ਸਾਹਿਬ ਦੇ ਜੀਵਨ ਵਿੱਚ ਵਿਸ਼ੇਸ਼ ਸਥਾਨ ਸੀ। ਗੁਰੂ ਸਾਹਿਬ ਦੇ ਜਨਮ ਦੀ ਤਾਰੀਖ ਬਾਰੇ ਇਤਿਹਾਸਕ ਸਰੋਤਾਂ ਵਿੱਚ ਵੱਖ-ਵੱਖ ਮਤ ਮਿਲਦੇ ਹਨ, ਜਦਕਿ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣ ਦੀ ਪ੍ਰੰਪਰਾ ਸਿੱਖ ਸਮਾਜ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆ ਜਦੋਂ ਸਮਾਜ ਜਾਤ-ਪਾਤ, ਛੂਤ-ਛਾਤ, ਊਚ-ਨੀਚ, ਅੰਧਵਿਸ਼ਵਾਸ਼ਾਂ ਅਤੇ ਧਾਰਮਿਕ ਵੰਡਾਂ ਵਿੱਚ ਉਲਝਿਆ ਹੋਇਆ ਸੀ। ਮਨੁੱਖ ਦੀ ਪਛਾਣ ਉਸ ਦੇ ਜਨਮ ਅਤੇ ਸਮਾਜਿਕ ਦਰਜੇ ਨਾਲ ਕੀਤੀ ਜਾਂਦੀ ਸੀ। ਧਰਮ ਦੇ ਨਾਂ ’ਤੇ ਬਾਹਰੀ ਰਸਮਾਂ ਨੂੰ ਮਹੱਤਵ ਦਿੱਤਾ ਜਾਂਦਾ ਸੀ, ਪਰ ਮਨੁੱਖ ਦੇ ਚਰਿੱਤਰ ਅਤੇ ਦੂਜਿਆਂ ਨਾਲ ਉਸ ਦੇ ਵਿਹਾਰ ਵੱਲ ਘੱਟ ਧਿਆਨ ਦਿੱਤਾ ਜਾਂਦਾ ਸੀ। ਗੁਰੂ ਸਾਹਿਬ ਨੇ ਇਸ ਸੋਚ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਪ੍ਰਮਾਤਮਾ ਕਿਸੇ ਇੱਕ ਧਾਰਮਿਕ ਪਛਾਣ ਜਾਂ ਸਥਾਨ ਤੱਕ ਸੀਮਤ ਨਹੀਂ। ਸੱਚਾ ਧਰਮ ਉਹ ਹੈ, ਜੋ ਮਨੁੱਖ ਨੂੰ ਸੱਚਾ, ਦਿਆਲੂ, ਨਿਮਰ ਅਤੇ ਇਨਸਾਫ ਪਸੰਦ ਬਣਾਏ।
ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਕੇਂਦਰੀ ਆਧਾਰ ‘ੴ’ ਹੈ। ਇਹ ਸਮੁੱਚੀ ਸਿ੍ਰਸ਼ਟੀ ਦੀ ਏਕਤਾ ਅਤੇ ਇੱਕ ਅਕਾਲ ਪੁਰਖ ਦੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ। ਇਸ ਦਾ ਸੰਦੇਸ਼ ਹੈ ਕਿ ਸਾਰੀ ਮਨੁੱਖਤਾ ਦਾ ਮੂਲ ਇੱਕ ਹੈ ਅਤੇ ਕਿਸੇ ਵੀ ਮਨੁੱਖ ਨੂੰ ਜਾਤ, ਧਰਮ, ਨਸਲ ਜਾਂ ਸਮਾਜਿਕ ਦਰਜੇ ਦੇ ਆਧਾਰ ’ਤੇ ਛੋਟਾ ਨਹੀਂ ਸਮਝਿਆ ਜਾ ਸਕਦਾ। ਜਦੋਂ ਮਨੁੱਖ ਹਰ ਜੀਵ ਵਿੱਚ ਇੱਕੋ ਜੋਤ ਦੇਖਣ ਲੱਗ ਪੈਂਦਾ ਹੈ ਤਾਂ ਉਸ ਦੇ ਮਨ ਵਿੱਚ ਨਫਰਤ, ਹੰਕਾਰ ਅਤੇ ਵਿਤਕਰੇ ਲਈ ਥਾਂ ਘਟਣ ਲੱਗਦੀ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਚਾਰਾਂ ਦਾ ਅਧਿਐਨ ਕਰਨ ਵਾਲੇ ਵਿਦੇਸ਼ੀ ਵਿਦਵਾਨਾਂ ਵਿੱਚ ਮੈਕਸ ਆਰਥਰ ਮੈਕਾਲਿਫ ਦਾ ਨਾਂ ਵਿਸ਼ੇਸ਼ ਮਹੱਤਵ ਰੱਖਦਾ ਹੈ। ਆਇਰਲੈਂਡ ਵਿੱਚ ਜਨਮੇ ਮੈਕਾਲਿਫ ਨੇ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਡੂੰਘਾ ਅਧਿਐਨ ਕੀਤਾ। ਉਨ੍ਹਾਂ ਦੀ ਛੇ ਜਿਲਦਾਂ ਵਾਲੀ ਪੁਸਤਕ ‘ਦਿ ਸਿੱਖ ਰਿਲੀਜ਼ਨ’ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਦਾ ਵਿਸਤਿ੍ਰਤ ਵੇਰਵਾ ਮਿਲਦਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅੰਗਰੇਜੀ ਪੜ੍ਹਨ ਵਾਲੇ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਇਸੇ ਤਰ੍ਹਾਂ ਬਿ੍ਰਟਿਸ਼ ਵਿਦਵਾਨ ਡਬਲਿਊ. ਐੱਚ. ਮੈਕਲਿਓਡ ਨੇ ਆਪਣੀ ਪੁਸਤਕ ‘ਗੁਰੂ ਨਾਨਕ ਐਂਡ ਦਿ ਸਿੱਖ ਰਿਲੀਜ਼ਨ’ ਵਿੱਚ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੇ ਸਮੇਂ ਦੇ ਸਮਾਜਿਕ ਮਾਹੌਲ ਅਤੇ ਇਤਿਹਾਸਕ ਸਰੋਤਾਂ ਦਾ ਅਧਿਐਨ ਕੀਤਾ। ਉਨ੍ਹਾਂ ਦੇ ਕੁਝ ਨਤੀਜਿਆਂ ਨਾਲ ਸਿੱਖ ਵਿਦਵਾਨਾਂ ਨੇ ਅਸਹਿਮਤੀ ਵੀ ਪ੍ਰਗਟਾਈ, ਪਰ ਉਨ੍ਹਾਂ ਦੀ ਖੋਜ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਇਤਿਹਾਸਕ ਚਰਚਾ ਨੂੰ ਅੱਗੇ ਵਧਾਇਆ। ਇਹ ਗੱਲ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਦੀ ਸਖਸ਼ੀਅਤ ਵਿਸ਼ਵ ਪੱਧਰ ’ਤੇ ਅਧਿਐਨ ਅਤੇ ਵਿਚਾਰ-ਵਟਾਂਦਰੇ ਦਾ ਵਿਸ਼ਾ ਰਹੀ ਹੈ।
ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਜੇ. ਐੱਸ. ਗਰੇਵਾਲ ਨੇ ਆਪਣੀ ਪੁਸਤਕ ‘ਗੁਰੂ ਨਾਨਕ ਇਨ ਹਿਸਟਰੀ’ ਵਿੱਚ ਗੁਰੂ ਸਾਹਿਬ ਦੇ ਜੀਵਨ ਨੂੰ ਉਨ੍ਹਾਂ ਦੇ ਸਮੇਂ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਿਛੋਕੜ ਨਾਲ ਜੋੜ ਕੇ ਸਮਝਾਇਆ ਹੈ। ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਵੀ ਆਪਣੀ ਪੁਸਤਕ ‘ਏ ਹਿਸਟਰੀ ਆਫ ਦਿ ਸਿੱਖਸ’ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਅਤੇ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਬਾਰੇ ਚਰਚਾ ਕੀਤੀ ਹੈ। ਇਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ਗੁਰੂ ਸਾਹਿਬ ਦੇ ਜੀਵਨ ਨੂੰ ਇਤਿਹਾਸਕ ਸੰਦਰਭ ਵਿੱਚ ਸਮਝਣ ਲਈ ਮਹੱਤਵਪੂਰਨ ਹਨ।
ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਨੂੰ ਮੁਸਲਿਮ ਵਿਦਵਾਨਾਂ ਅਤੇ ਕਵੀਆਂ ਨੇ ਵੀ ਸਤਿਕਾਰ ਨਾਲ ਯਾਦ ਕੀਤਾ। ਉਰਦੂ ਅਤੇ ਫਾਰਸੀ ਦੇ ਮਹਾਨ ਕਵੀ ਅੱਲਾਮਾ ਮੁਹੰਮਦ ਇਕਬਾਲ ਨੇ ਆਪਣੀ ਫਾਰਸੀ ਕਵਿਤਾ ‘ਨਾਨਕ’ ਵਿੱਚ ਬਾਬਾ ਨਾਨਕ ਨੂੰ ਪੰਜਾਬ ਦੀ ਧਰਤੀ ’ਤੇ ਰੱਬ ਦੀ ਏਕਤਾ ਦਾ ਸੰਦੇਸ਼ ਦੇਣ ਵਾਲੀ ਮਹਾਨ ਰੂਹ ਵਜੋਂ ਯਾਦ ਕੀਤਾ। ਇਹ ਕਵਿਤਾ ਇਸ ਗੱਲ ਦੀ ਮਿਸਾਲ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਦਾ ਪ੍ਰਭਾਵ ਸਿੱਖ ਸਾਹਿਤਕ ਪ੍ਰੰਪਰਾ ਤੋਂ ਬਾਹਰ ਵੀ ਮਹਿਸੂਸ ਕੀਤਾ ਗਿਆ। ਪਾਕਿਸਤਾਨੀ ਵਿਦਵਾਨ ਡਾ. ਫਤਹਿ ਮੁਹੰਮਦ ਮਲਿਕ ਨੇ ਆਪਣੇ ਖੋਜ ਲੇਖ ‘ਬਾਬਾ ਨਾਨਕ ਐਂਡ ਸੂਫਿਜ਼ਮ’ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਸੂਫੀ ਪ੍ਰੰਪਰਾ ਦੇ ਸਬੰਧਾਂ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਦੀ ਲਿਖਤ ਪੰਜਾਬ ਦੀ ਸਾਂਝੀ ਰੂਹਾਨੀ ਵਿਰਾਸਤ ਵੱਲ ਧਿਆਨ ਦਿਵਾਉਂਦੀ ਹੈ।
ਪਾਕਿਸਤਾਨੀ ਲੇਖਕ ਹਾਰੂਨ ਖਾਲਿਦ ਨੇ ਆਪਣੀ ਪੁਸਤਕ ‘ਵਾਕਿੰਗ ਵਿਦ ਨਾਨਕ’ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸਥਾਨਾਂ ਅਤੇ ਪੰਜਾਬ ਦੀ ਸਾਂਝੀ ਵਿਰਾਸਤ ਦੀ ਯਾਤਰਾ ਪੇਸ਼ ਕੀਤੀ ਹੈ। ਉਨ੍ਹਾਂ ਦੀ ਲਿਖਤ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਗੁਰੂ ਸਾਹਿਬ ਦੀ ਯਾਦ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੱਕ ਦੋਵਾਂ ਪਾਸਿਆਂ ਦੇ ਲੋਕਾਂ ਦੇ ਦਿਲਾਂ ਨਾਲ ਜੁੜੀ ਹੋਈ ਹੈ। ਵੰਡ ਨੇ ਭਾਵੇਂ ਧਰਤੀ ਅਤੇ ਲੋਕਾਂ ਨੂੰ ਵੱਖ ਕਰ ਦਿੱਤਾ, ਪਰ ਬਾਬਾ ਨਾਨਕ ਦਾ ਸੰਦੇਸ਼ ਸਰਹੱਦਾਂ ਤੋਂ ਪਾਰ ਵੀ ਸਾਂਝਾ ਰਿਹਾ।
ਗੁਰੂ ਸਾਹਿਬ ਦੇ ਤਿੰਨ ਪ੍ਰਮੁੱਖ ਜੀਵਨ-ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਉਨ੍ਹਾਂ ਦੀ ਵਿਚਾਰਧਾਰਾ ਦਾ ਨਿਚੋੜ ਹਨ। ਨਾਮ ਜਪੋ ਦਾ ਅਰਥ ਹੈ ਪ੍ਰਮਾਤਮਾ ਦੀ ਯਾਦ ਨਾਲ ਜੁੜ ਕੇ ਮਨ ਨੂੰ ਸੱਚਾਈ ਅਤੇ ਨਿਮਰਤਾ ਵੱਲ ਲਿਜਾਣਾ। ਕਿਰਤ ਕਰੋ ਮਨੁੱਖ ਨੂੰ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜੀ ਕਮਾਉਣ ਦੀ ਪ੍ਰੇਰਣਾ ਦਿੰਦਾ ਹੈ। ਵੰਡ ਛਕੋ ਦਾ ਭਾਵ ਆਪਣੀ ਕਮਾਈ ਅਤੇ ਖੁਸ਼ੀਆਂ ਵਿੱਚ ਦੂਜਿਆਂ ਨੂੰ ਭਾਗੀਦਾਰ ਬਣਾਉਣਾ ਹੈ। ਇਹ ਸਿਧਾਂਤ ਮਨੁੱਖ ਨੂੰ ਸਿਰਫ ਆਪਣੇ ਲਈ ਜੀਣ ਦੀ ਥਾਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਸਿੱਖਿਆ ਦਿੰਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਸਨਮਾਨ ਬਾਰੇ ਵੀ ਆਪਣੇ ਸਮੇਂ ਤੋਂ ਅੱਗੇ ਦੀ ਸੋਚ ਪੇਸ਼ ਕੀਤੀ। ਉਨ੍ਹਾਂ ਦੀ ਬਾਣੀ ਦਾ ਸਵਾਲ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਮਨੁੱਖ ਨੂੰ ਇਸਤਰੀ ਦੇ ਯੋਗਦਾਨ ਅਤੇ ਮਾਣ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ। ਇਹ ਸਿਰਫ ਧਾਰਮਿਕ ਪੰਕਤੀ ਨਹੀਂ, ਸਗੋਂ ਸਮਾਜਿਕ ਬਰਾਬਰੀ ਦੀ ਡੂੰਘੀ ਸਿੱਖਿਆ ਹੈ। ਅੱਜ ਜਦੋਂ ਇਸਤਰੀ ਸਨਮਾਨ, ਸਿੱਖਿਆ ਅਤੇ ਬਰਾਬਰ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਗੁਰੂ ਸਾਹਿਬ ਦੀ ਇਹ ਵਿਚਾਰਧਾਰਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਜ਼ਿਕਰ ਸਿੱਖ ਪ੍ਰੰਪਰਾ ਵਿੱਚ ਬਹੁਤ ਸਤਿਕਾਰ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਯਾਤਰਾਵਾਂ ਰਾਹੀਂ ਗੁਰੂ ਸਾਹਿਬ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਸੰਵਾਦ ਕੀਤਾ ਅਤੇ ਧਾਰਮਿਕ ਤੇ ਸਮਾਜਿਕ ਧਾਰਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਧਰਮ ਦਾ ਮਕਸਦ ਮਨੁੱਖ ਨੂੰ ਮਨੁੱਖ ਨਾਲ ਜੋੜਨਾ ਹੈ, ਨਾ ਕਿ ਵੰਡਣਾ। ਇਨ੍ਹਾਂ ਯਾਤਰਾਵਾਂ ਨਾਲ ਜੁੜੀਆਂ ਕਈ ਸਾਖੀਆਂ ਜਨਮਸਾਖੀ ਸਾਹਿਤ ਵਿੱਚ ਮਿਲਦੀਆਂ ਹਨ, ਹਾਲਾਂਕਿ ਉਨ੍ਹਾਂ ਦੇ ਵੇਰਵਿਆਂ ਵਿੱਚ ਵੱਖ-ਵੱਖ ਰੂਪ ਵੀ ਮਿਲਦੇ ਹਨ।
ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਸੰਗਤ, ਸੇਵਾ, ਸਾਂਝੀ ਮਿਹਨਤ ਅਤੇ ਲੰਗਰ ਦੀ ਪ੍ਰੰਪਰਾ ਨੂੰ ਜੀਵਨ ਦਾ ਅੰਗ ਬਣਾਇਆ। ਲੰਗਰ ਮਨੁੱਖੀ ਬਰਾਬਰੀ ਦਾ ਅਮਲੀ ਰੂਪ ਹੈ, ਜਿੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਛਕਦਾ ਹੈ। ਨਾ ਕਿਸੇ ਦੀ ਜਾਤ ਪੁੱਛੀ ਜਾਂਦੀ ਹੈ ਅਤੇ ਨਾ ਹੀ ਧਨ-ਦੌਲਤ ਜਾਂ ਸਮਾਜਿਕ ਰੁਤਬਾ। ਅੱਜ ਦੁਨੀਆ ਦੇ ਅਨੇਕਾਂ ਗੁਰਦੁਆਰਿਆਂ ਵਿੱਚ ਚੱਲ ਰਹੀ ਲੰਗਰ ਸੇਵਾ ਇਸ ਵਿਚਾਰ ਨੂੰ ਸਰਹੱਦਾਂ ਤੋਂ ਪਾਰ ਲੈ ਗਈ ਹੈ।
ਗੁਰੂ ਸਾਹਿਬ ਦੀ ਬਾਣੀ ਵਿੱਚ ਕੁਦਰਤ ਪ੍ਰਤੀ ਡੂੰਘਾ ਸਤਿਕਾਰ ਵੀ ਮਿਲਦਾ ਹੈ। “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੀ ਪੰਕਤੀ ਮਨੁੱਖ ਨੂੰ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਸਮਝਾਉਂਦੀ ਹੈ। ਅੱਜ ਜਦੋਂ ਪ੍ਰਦੂਸ਼ਣ, ਪਾਣੀ ਦੀ ਘਾਟ ਅਤੇ ਕੁਦਰਤੀ ਸਰੋਤਾਂ ਦੀ ਬੇਰਹਿਮੀ ਨਾਲ ਵਰਤੋਂ ਵੱਡੀਆਂ ਚੁਣੌਤੀਆਂ ਬਣ ਚੁੱਕੀਆਂ ਹਨ, ਇਹ ਸੰਦੇਸ਼ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਯਾਦ ਕਰਵਾਉਂਦਾ ਹੈ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਮਾਜਿਕ ਇਨਸਾਫ ਅਤੇ ਹਾਕਮਾਂ ਦੀ ਜ਼ਿੰਮੇਵਾਰੀ ਬਾਰੇ ਵੀ ਡੂੰਘੀ ਚੇਤਨਾ ਮਿਲਦੀ ਹੈ। ਬਾਬਰ ਦੇ ਹਮਲਿਆਂ ਦੇ ਸਮੇਂ ਨਾਲ ਸਬੰਧਤ ਬਾਣੀ, ਜਿਸ ਨੂੰ ਆਮ ਤੌਰ ’ਤੇ ਬਾਬਰਵਾਣੀ ਕਿਹਾ ਜਾਂਦਾ ਹੈ, ਉਸ ਯੁੱਗ ਦੀ ਹਿੰਸਾ, ਜ਼ੁਲਮ ਅਤੇ ਲੋਕਾਂ ਦੇ ਦੁੱਖਾਂ ਦੀ ਤਸਵੀਰ ਪੇਸ਼ ਕਰਦੀ ਹੈ। ਗੁਰੂ ਸਾਹਿਬ ਨੇ ਸੱਤਾ ਦੇ ਅਨਿਆਂ ਅਤੇ ਮਨੁੱਖੀ ਪੀੜਾ ਨੂੰ ਅਣਡਿੱਠਾ ਨਹੀਂ ਕੀਤਾ। ਉਨ੍ਹਾਂ ਦੀ ਬਾਣੀ ਸਿੱਖਿਆ ਦਿੰਦੀ ਹੈ ਕਿ ਸੱਚ ਅਤੇ ਇਨਸਾਫ ਦੇ ਪੱਖ ਵਿੱਚ ਖੜ੍ਹਨਾ ਵੀ ਮਨੁੱਖ ਦੀ ਜ਼ਿੰਮੇਵਾਰੀ ਹੈ।
ਅੱਜ ਦੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੋਰ ਵੀ ਵਧ ਗਈ ਹੈ। ਧਾਰਮਿਕ ਅਸਹਿਣਸ਼ੀਲਤਾ, ਜਾਤੀ ਭੇਦਭਾਵ, ਆਰਥਿਕ ਅਸਮਾਨਤਾ, ਜੰਗਾਂ ਅਤੇ ਮਨੁੱਖੀ ਸੰਕਟਾਂ ਨੇ ਸਮਾਜ ਨੂੰ ਵੰਡਿਆ ਹੋਇਆ ਹੈ। ਅਜਿਹੇ ਸਮੇਂ ਵਿੱਚ ਗੁਰੂ ਸਾਹਿਬ ਦਾ ਸੰਦੇਸ਼ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਮਨੁੱਖ ਦਾ ਸਤਿਕਾਰ ਕਰੋ, ਇਮਾਨਦਾਰੀ ਨਾਲ ਕਮਾਈ ਕਰੋ, ਲੋੜਵੰਦਾਂ ਦੀ ਮਦਦ ਕਰੋ ਅਤੇ ਕੁਦਰਤ ਦੀ ਸੰਭਾਲ ਕਰੋ।
ਗੁਰਪੁਰਬ ਮਨਾਉਣ ਦਾ ਅਸਲ ਮਕਸਦ ਸਿਰਫ ਗੁਰਦੁਆਰਿਆਂ ਨੂੰ ਸਜਾਉਣਾ, ਨਗਰ ਕੀਰਤਨ ਸਜਾਉਣਾ ਜਾਂ ਦੀਪਮਾਲਾ ਕਰਨਾ ਨਹੀਂ ਹੋਣਾ ਚਾਹੀਦਾ। ਇਹ ਸਾਰੇ ਸਮਾਗਮ ਸ਼ਰਧਾ ਦੇ ਪ੍ਰਗਟਾਵੇ ਹਨ, ਪਰ ਉਨ੍ਹਾਂ ਦੀ ਅਸਲ ਸਾਰਥਕਤਾ ਉਦੋਂ ਹੈ ਜਦੋਂ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਜੇ ਅਸੀਂ ਕਿਸੇ ਗਰੀਬ ਦਾ ਹੱਕ ਮਾਰਦੇ ਹਾਂ, ਕਿਸੇ ਨਾਲ ਧਰਮ ਜਾਂ ਜਾਤ ਦੇ ਆਧਾਰ ’ਤੇ ਵਿਤਕਰਾ ਕਰਦੇ ਹਾਂ ਜਾਂ ਲੋੜਵੰਦ ਦੀ ਮਦਦ ਕਰਨ ਤੋਂ ਮੂੰਹ ਮੋੜ ਲੈਂਦੇ ਹਾਂ, ਤਾਂ ਸਾਡੀ ਗੁਰਪੁਰਬ ਦੀ ਖੁਸ਼ੀ ਅਧੂਰੀ ਰਹਿ ਜਾਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਦਿੰਦਾ ਹੈ। ਇਹ ਦਿਹਾੜਾ ਸਾਨੂੰ ਪੁੱਛਦਾ ਹੈ ਕਿ ਕੀ ਅਸੀਂ ਹਰ ਮਨੁੱਖ ਨੂੰ ਬਰਾਬਰ ਸਮਝਦੇ ਹਾਂ? ਕੀ ਅਸੀਂ ਆਪਣੀ ਕਮਾਈ ਵਿੱਚੋਂ ਕਿਸੇ ਲੋੜਵੰਦ ਦਾ ਹਿੱਸਾ ਕੱਢਦੇ ਹਾਂ? ਕੀ ਅਸੀਂ ਇਸਤਰੀ ਦਾ ਸਤਿਕਾਰ ਕਰਦੇ ਹਾਂ? ਕੀ ਅਸੀਂ ਕੁਦਰਤ ਦੀ ਰਾਖੀ ਕਰਦੇ ਹਾਂ? ਜੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਆਪਣੇ ਜੀਵਨ ਵਿੱਚ ਲੱਭਣ ਲੱਗ ਪਈਏ ਤਾਂ ਗੁਰਪੁਰਬ ਸਿਰਫ ਸਾਲਾਨਾ ਧਾਰਮਿਕ ਸਮਾਗਮ ਨਹੀਂ ਰਹੇਗਾ, ਸਗੋਂ ਆਤਮਿਕ ਅਤੇ ਸਮਾਜਿਕ ਬਦਲਾਅ ਦਾ ਮੌਕਾ ਬਣ ਜਾਵੇਗਾ।
ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਚੀ ਸੇਵਾ ਹੈ। ਉਨ੍ਹਾਂ ਨੇ ਮਨੁੱਖ ਨੂੰ ਸੱਚਾਈ, ਪ੍ਰੇਮ ਅਤੇ ਦਇਆ ਦਾ ਰਾਹ ਦਿਖਾਇਆ। ਇਸੇ ਕਰਕੇ ਸਦੀਆਂ ਬਾਅਦ ਵੀ ਵੱਖ-ਵੱਖ ਦੇਸ਼ਾਂ, ਧਰਮਾਂ ਅਤੇ ਭਾਸਾਵਾਂ ਦੇ ਵਿਦਵਾਨ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਦਾ ਅਧਿਐਨ ਕਰਦੇ ਹਨ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸਿਰਫ ਅਤੀਤ ਨੂੰ ਯਾਦ ਕਰਨ ਦਾ ਦਿਹਾੜਾ ਨਹੀਂ, ਸਗੋਂ ਅੱਜ ਦੇ ਸਮਾਜ ਨੂੰ ਬਿਹਤਰ ਬਣਾਉਣ ਦਾ ਸੱਦਾ ਹੈ। ਆਓ, ਇਸ ਪਵਿੱਤਰ ਮੌਕੇ ’ਤੇ ਅਸੀਂ ਸੱਚ ਬੋਲੀਏ, ਇਮਾਨਦਾਰੀ ਨਾਲ ਕਿਰਤ ਕਰੀਏ, ਲੋੜਵੰਦਾਂ ਨਾਲ ਵੰਡੀਏ, ਹਰ ਮਨੁੱਖ ਦਾ ਸਤਿਕਾਰ ਕਰੀਏ ਅਤੇ ਕੁਦਰਤ ਦੀ ਰਾਖੀ ਕਰੀਏ। ਇਹੀ ਬਾਬਾ ਨਾਨਕ ਦੇ ਚਰਨਾਂ ਵਿੱਚ ਸਾਡੀ ਸੱਚੀ ਸਰਧਾ ਅਤੇ ਉਨ੍ਹਾਂ ਦੇ ਮਹਾਨ ਸੰਦੇਸ਼ ਨੂੰ ਅੱਗੇ ਲਿਜਾਣ ਦਾ ਸਭ ਤੋਂ ਸੁੰਦਰ ਤਰੀਕਾ ਹੈ।
-ਪੰਜਾਬ ਪੋਸਟ
ਸਰਹੱਦਾਂ, ਧਰਮਾਂ ਅਤੇ ਸਮਿਆਂ ਤੋਂ ਪਾਰ ਮਨੁੱਖਤਾ ਦਾ ਪੈਗਾਮ ਦੇਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ

Published:






