ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ

Published:

Rate this post

ਮਹੀਨਿਆਂ ਤੋਂ ਤੰਗ ਕਰ ਰਹੇ ਮੁਲਜ਼ਮ ਨੇ ਪੁਲਿਸ ਨਾਲ ਘੇਰਾਬੰਦੀ ਦੌਰਾਨ ਕੀਤੀ ਖ਼ੁਦਕੁਸ਼ੀ

ਸੈਕਰਾਮੈਂਟੋ/ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕਾ ਦੇ ਕੈਲੀਫੋਰਨੀਆ ਰਾਜ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੈਕਰਾਮੈਂਟੋ ਸ਼ਹਿਰ ਵਿੱਚ ਭਾਰਤੀ ਮੂਲ ਦੀ 38 ਸਾਲਾ ਮਹਿਲਾ ਦੀ ਇੱਕ ਰੈਸਟੋਰੈਂਟ ਦੇ ਬਾਹਰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ 22 ਸਾਲਾ ਰੋਹਿਤ ਹੈ, ਜੋ ਕਿ ਕਈ ਮਹੀਨਿਆਂ ਤੋਂ ਪੀੜਤਾ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।
ਇਹ ਘਟਨਾ ਸੈਕਰਾਮੈਂਟੋ ਦੇ ਆਰਡਨ-ਆਰਕੇਡ ਇਲਾਕੇ ਵਿੱਚ ਸਥਿਤ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਪੈਨੇਰਾ ਬ੍ਰੈੱਡ ਰੈਸਟੋਰੈਂਟ ਦੇ ਬਾਹਰ ਵਾਪਰੀ। ਜਦੋਂ ਸ਼ਾਲਿਨੀ ਠਾਕੁਰ ਆਪਣੀ ਡਿਊਟੀ ਲਈ ਉੱਥੇ ਪਹੁੰਚੀ ਤਾਂ ਮੁਲਜ਼ਮ ਨੇ ਉਸ ਨੂੰ ਘੇਰ ਲਿਆ। ਸ਼ਾਲਿਨੀ ਵੱਲੋਂ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮ ਨੇ ਉਸ ਦਾ ਪਿੱਛਾ ਕਰਦਿਆਂ ਉਸ ‘ਤੇ ਕਈ ਗੋਲੀਆਂ ਚਲਾ ਦਿੱਤੀਆਂ ਅਤੇ ਹੇਠਾਂ ਡਿੱਗਣ ਤੋਂ ਬਾਅਦ ਉਸ ਦੇ ਸਿਰ ਵਿੱਚ ਬਹੁਤ ਨੇੜਿਓਂ ਇੱਕ ਹੋਰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੀ ਕਾਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਗਵਾਹਾਂ ਵੱਲੋਂ ਦਿੱਤੀ ਗਈ ਕਾਰ ਦੀ ਜਾਣਕਾਰੀ ਨੂੰ ਸੈਕਰਾਮੈਂਟੋ ਕਾਉਂਟੀ ਸ਼ੈਰਿਫ਼ ਆਫ਼ਿਸ ਦੇ ਆਟੋਮੇਟਿਡ ਲਾਇਸੈਂਸ ਪਲੇਟ ਰੀਡਰ ਸਿਸਟਮ ਵਿੱਚ ਪਾ ਕੇ ਟਰੈਕ ਕੀਤਾ ਗਿਆ, ਜਿਸ ਤੋਂ ਬਾਅਦ ਹਾਈਵੇਅ 50 ‘ਤੇ ਪੁਲਿਸ ਨੇ ਉਸ ਦੀ ਗੱਡੀ ਨੂੰ ਘੇਰ ਲਿਆ। ਪੁਲਿਸ ਨਾਲ ਲੰਬੇ ਸਟੈਂਡਆਫ਼ (ਘੇਰਾਬੰਦੀ) ਦੌਰਾਨ ਜਦੋਂ ਅਧਿਕਾਰੀਆਂ ਨੇ ਡਰੋਨ ਅਤੇ ਤਕਨੀਕ ਦੀ ਮਦਦ ਨਾਲ ਗੱਡੀ ਦੀ ਜਾਂਚ ਕੀਤੀ ਤਾਂ ਮੁਲਜ਼ਮ ਡਰਾਈਵਰ ਦੀ ਸੀਟ ‘ਤੇ ਮ੍ਰਿਤਕ ਪਾਇਆ ਗਿਆ, ਜਿਸ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।
ਜਾਂਚ ਅਧਿਕਾਰੀਆਂ ਅਤੇ ਪੀੜਤਾ ਦੇ ਪਰਿਵਾਰ ਨੇ ਖ਼ੁਲਾਸਾ ਕੀਤਾ ਕਿ ਮੁਲਜ਼ਮ ਪਿਛਲੇ ਲਗਭਗ ਇੱਕ ਸਾਲ ਤੋਂ ਸ਼ਾਲਿਨੀ ਨੂੰ ਬੁਰੀ ਤਰ੍ਹਾਂ ਤੰਗ ਕਰ ਰਿਹਾ ਸੀ। ਪੀੜਤਾ ਦੀ ਕਾਰ ਹੇਠਾਂ ਐਪਲ ਏਅਰਟੈਗ ਲਗਾ ਕੇ ਉਸ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਤੋਂ ਇਲਾਵਾ ਉਸ ਦੀ ਕਾਰ ਦੇ ਟਾਇਰਾਂ ਦੀ ਹਵਾ ਕੱਢਣਾ, ਬਿਨਾਂ ਇਜਾਜ਼ਤ ਘਰ ਵਿੱਚ ਦਾਖ਼ਲ ਹੋਣਾ ਅਤੇ ਉਸ ਨੂੰ ਵਿਆਹ ਲਈ ਤੰਗ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਪਰਿਵਾਰ ਦੇ ਵਿਰੋਧ ਅਤੇ ਅਦਾਲਤ ਤੋਂ ਰੋਕ ਲਗਾਉਣ ਵਾਲਾ ਹੁਕਮ ਜਾਰੀ ਹੋਣ ਦੇ ਬਾਵਜੂਦ ਮੁਲਜ਼ਮ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ ਸਨ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁਲਜ਼ਮ ਰੋਹਿਤ ਭਾਰਤ ਦਾ ਰਹਿਣ ਵਾਲਾ ਸੀ ਅਤੇ ਸਾਲ 2023 ਵਿੱਚ ਅਰੀਜ਼ੋਨਾ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਪੀੜਤਾ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿੱਚ ਡੂੰਘਾ ਸੋਗ ਅਤੇ ਗੁੱਸਾ ਪਾਇਆ ਜਾ ਰਿਹਾ ਹੈ, ਅਤੇ ਮਾਂ ਨੇ ਪ੍ਰਸ਼ਾਸਨਿਕ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

Read News Paper

Related articles

spot_img

Recent articles

spot_img