ਚੰਡੀਗੜ੍ਹ/ਪੰਜਾਬ ਪੋਸਟ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਲਈ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਦਾ ਪੋਰਟਲ ਲਾਂਚ ਕਰ ਦਿੱਤਾ ਹੈ। ਇਸ ਮੁਕਾਬਲੇ ਵਿੱਚ 15 ਤੋਂ 30 ਸਾਲ ਤੱਕ ਦੇ ਨੌਜਵਾਨ ਹਿੱਸਾ ਲੈ ਸਕਣਗੇ। ਜੇਤੂ ਨੂੰ ਇੱਕ ਕਰੋੜ ਰੁਪਏ, ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਅਤੇ ਹੋਰ ਅੱਠ ਚੋਟੀ ਦੇ ਭਾਗੀਦਾਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੁੱਲ 10 ਹਜ਼ਾਰ ਭਾਗੀਦਾਰਾਂ ਨੂੰ ਇਨਾਮ ਦੇਣ ਦੀ ਯੋਜਨਾ ਹੈ।
ਮੁਕਾਬਲੇ ਵਿੱਚ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਭੂਗੋਲ, ਗਣਿਤ ਅਤੇ ਸਰਕਾਰੀ ਯੋਜਨਾਵਾਂ ਨਾਲ ਸਬੰਧਤ ਲਗਭਗ 50 ਹਜ਼ਾਰ ਸਵਾਲ ਸ਼ਾਮਲ ਕੀਤੇ ਗਏ ਹਨ। ਇਹ ਮੁਕਾਬਲਾ ਕੁੱਲ 11 ਪੜਾਵਾਂ ਵਿੱਚ ਹੋਵੇਗਾ, ਜਿਨ੍ਹਾਂ ਵਿੱਚ ਪਹਿਲੇ ਨੌਂ ਪੜਾਅ ਆਨਲਾਈਨ ਅਤੇ ਦਸਵਾਂ ਪੜਾਅ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕਰਵਾਇਆ ਜਾਵੇਗਾ। ਆਖਰੀ ਪੜਾਅ ਵਿੱਚ ਜੇਤੂਆਂ ਦੀ ਚੋਣ ਹੋਵੇਗੀ। ਸਰਕਾਰ ਮੁਤਾਬਕ ਇਸ ਪਹਿਲ ਦਾ ਮਕਸਦ ਨੌਜਵਾਨਾਂ ਦਾ ਆਮ ਗਿਆਨ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਹੈ।







