ਪੱਛਮੀ ਕੈਨੇਡਾ ਵਿੱਚ ਜੰਗਲਾਂ ਦੀ ਭਿਆਨਕ ਅੱਗ ਦਾ ਕਹਿਰ: ਬ੍ਰਿਟਿਸ਼ ਕੋਲੰਬੀਆ ਵਿੱਚ 230 ਤੋਂ ਵੱਧ ਘਰ ਸੜ ਕੇ ਸੁਆਹ, ਹਜ਼ਾਰਾਂ ਲੋਕ ਘਰੋਂ-ਬੇਘਰ

Published:

Rate this post

ਵੈਨਕੂਵਰ/ਪੰਜਾਬ ਪੋਸਟ
ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ (ਵਾਈਲਡਫ਼ਾਇਰ) ਨੇ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਵਾਵਾਂ ਅਤੇ ਭਾਰੀ ਗਰਮੀ ਕਾਰਨ ਬੇਕਾਬੂ ਹੋਈ ‘ਬ੍ਰੈਡਲੀ ਕਰੀਕ’ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਸਥਾਨਕ ਆਦਿਵਾਸੀ ਭਾਈਚਾਰੇ ਦੇ ਲਗਭਗ 230 ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਘਟਨਾ ਨੂੰ ਕੈਨੇਡਾ ਦੇ ਹਾਲ ਹੀ ਦੇ ਇਤਿਹਾਸ ਦੀਆਂ ਸਭ ਤੋਂ ਖ਼ਤਰਨਾਕ ਅੱਗ ਦੀਆਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਵੈਨਕੂਵਰ ਤੋਂ ਲਗਭਗ 440 ਕਿਲੋਮੀਟਰ ਦੂਰ ਵਰਨਨ ਨੇੜੇ ਓਕਾਨਾਗਨ ਇੰਡੀਅਨ ਬੈਂਡ ਰਿਜ਼ਰਵ ਖੇਤਰ ਵਿੱਚ ਤੇਜ਼ੀ ਨਾਲ ਫੈਲੀ। ਹਵਾ ਦੀ ਰਫ਼ਤਾਰ 115 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਣ ਕਾਰਨ ਅੱਗ ਇੰਨੀ ਤੇਜ਼ੀ ਨਾਲ ਅੱਗੇ ਵਧ ਗਈ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲਈ ਸਿਰਫ਼ ਕੁਝ ਮਿੰਟ ਹੀ ਮਿਲੇ। ਸੂਬਾਈ ਪ੍ਰਸ਼ਾਸਨ ਮੁਤਾਬਕ ਸੂਬੇ ਭਰ ਵਿੱਚ ਲਗਭਗ 120 ਤੋਂ ਵੱਧ ਥਾਵਾਂ ’ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿੱਚੋਂ 50 ਦੇ ਕਰੀਬ ਅੱਗ ਦੇ ਹਿੱਸੇ ਪੂਰੀ ਤਰ੍ਹਾਂ ਬੇਕਾਬੂ ਦੱਸੇ ਜਾ ਰਹੇ ਹਨ।
ਖ਼ਤਰਨਾਕ ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 8,000 ਲੋਕਾਂ ਨੂੰ ਲਾਜ਼ਮੀ ਤੌਰ ’ਤੇ ਸੁਰੱਖਿਅਤ ਥਾਵਾਂ ’ਤੇ ਜਾਣ (ਈਵੈਕੂਏਸ਼ਨ ਆਰਡਰ) ਦੇ ਹੁਕਮ ਦਿੱਤੇ ਗਏ ਹਨ। ਅੱਗ ਬੁਝਾਉਣ ਲਈ ਏਰੀਅਲ ਫ਼ਾਇਰ ਫ਼ਾਈਟਿੰਗ (ਹੈਲੀਕਾਪਟਰਾਂ ਅਤੇ ਵਾਟਰ ਬੌਂਬਰਾਂ) ਦੀ ਮਦਦ ਲਈ ਜਾ ਰਹੀ ਹੈ, ਪਰ ਲਗਾਤਾਰ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਰਾਹਤ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਭਿਆਨਕ ਤਬਾਹੀ ਕਾਰਨ ਇਲਾਕੇ ਵਿੱਚ ਬਿਜਲੀ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

Read News Paper

Related articles

spot_img

Recent articles

spot_img