ਡੋਡਾ/ਪੰਜਾਬ ਪੋਸਟ
ਸੈਨਿਕਾਂ ਨੂੰ ਲਿਜਾ ਰਿਹਾ ਭਾਰਤੀ ਸੈਨਾ ਦਾ ਇੱਕ ਬਖ਼ਤਰਬੰਦ ਵਾਹਨ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਡੂੰਘੀ ਖੱਡ ’ਚ ਡਿੱਗ ਗਿਆ। ਇਸ ਹਾਦਸੇ ’ਚ 10 ਜਵਾਨਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਭਦਰਵਾਹ-ਚੰਬਾ ਮਾਰਗ ’ਤੇ ਸਥਿਤ ਨੌਂ ਹਜ਼ਾਰ ਫੁੱਟ ਉੱਚੇ ਖੰਨੀ ਟੌਪ ’ਤੇ ਹੋਇਆ, ਜਦੋਂ ਬੁਲੇਟ ਪਰੂਫ ਵਾਹਨ ਕੈਸਪਿਰ ਦਾ ਚਾਲਕ ਕੰਟਰੋਲ ਗੁਆ ਬੈਠਾ ਤੇ ਵਾਹਨ 200 ਫੁੱਟ ਡੂੰਘੀ ਖੱਡ ’ਚ ਡਿੱਗ ਗਿਆ। ਜ਼ਿਕਰਯੋਗ ਹੈ ਕਿ ਕੈਸਪਿਰ ਜਿਸ ਨੂੰ ‘ਕੈਸਪਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉੱਚ ਸੁਰੱਖਿਆ ਵਾਲਾ ਵਾਹਨ ਹੈ, ਜਿਸ ਨੂੰ ਬਾਰੂਦੀ ਸੁਰੰਗਾਂ ਜਾਂ ਆਈ ਈ ਡੀ ਦੇ ਖ਼ਤਰਿਆਂ ਤੋਂ ਸੈਨਿਕਾਂ ਦੀ ਸੁਰੱਖਿਆ ਲਈ ਡਿਜ਼ਾਈਨ ਕੀਤਾ ਗਿਆ ਹੈ। ਸੈਨਾ ਦੀ ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਇਹ ਵਾਹਨ ਤਿਲਕ ਗਿਆ।







