ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਸੁਧਾਰਾਂ ਬਾਰੇ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਆਪਣੇ ਰੁਖ਼ ਵਿਚ ਕੁੱਝ ਨਰਮਾਈ ਲਿਆਉਂਦਿਆਂ ਕਿਹਾ ਕਿ ਉਹ ਅਮਰੀਕਾ ਵਿਚ ਅਹਿਮ ਭੂਮਿਕਾਵਾਂ ਲਈ ਵਿਸ਼ੇਸ਼ ਵਿਦੇਸ਼ੀ ਪ੍ਰਤਿਭਾ ਦੀ ਦਰਾਮਦ ਦੀ ਲੋੜ ਨੂੰ ਬਾਖੂਬੀ ਸਮਝਦੇ ਵੀ ਹਨ ਅਤੇ ਸਵੀਕਾਰ ਵੀ ਕਰਦੇ ਹਨ। ਟਰੰਪ ਨੇ ਮੰਨਿਆ ਹੈ ਕਿ ਅਮਰੀਕਾ ਨੂੰ ਵਿਸ਼ੇਸ਼ ਵਿਦੇਸ਼ੀ ਮੁਹਾਰਤ ਦੀ ਲੋੜ ਹੈ। ਟਰੰਪ ਨੇ ਇੱਕ ਇੰਟਰਵਿਊ ਦੌਰਾਨ ਹੁਨਰਮੰਦ ਪਰਵਾਸੀ ਕਾਮਿਆਂ ਦਾ ਬਚਾਅ ਕਰਦੇ ਹੋਏ ਦਲੀਲ ਦਿੱਤੀ ਕਿ ਅਮਰੀਕਾ ਲੰਮੇ ਸਮੇਂ ਦੇ ਬੇਰੁਜ਼ਗਾਰ ਅਮਰੀਕੀਆਂ ਨੂੰ ਵਿਆਪਕ ਸਿਖਲਾਈ ਤੋਂ ਬਿਨਾਂ ਨਿਰਮਾਣ ਅਤੇ ਰੱਖਿਆ ਵਿੱਚ ਗੁੰਝਲਦਾਰ ਭੂਮਿਕਾਵਾਂ ਲਈ ਦੁਬਾਰਾ ਨਹੀਂ ਵਰਤ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਅਮਰੀਕੀ ਕਾਮਿਆਂ ਲਈ ਉਜਰਤਾਂ ਵਧਾਉਣ ਦਾ ਸਮਰਥਨ ਕਰਦੇ ਹਨ, ਪਰ ਅਮਰੀਕਾ ਨੂੰ ਅਜੇ ਵੀ ਆਪਣੀ ਉਦਯੋਗਿਕ ਅਤੇ ਤਕਨੀਕੀ ਬੜਤ ਬਣਾਈ ਰੱਖਣ ਲਈ ‘ਹੁਨਰਮੰਦ ਵਿਦੇਸ਼ੀ ਕਾਮਿਆਂ ਦੀ ਪ੍ਰਤਿਭਾ ਨੂੰ ਲਿਆਉਣ’ ਦੀ ਲੋੜ ਹੈ।







