ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਮੁੰਬਈ ਹਮਲੇ ਦਾ ਦੋਸ਼ੀ ਤਹੁਵੱਰ ਰਾਣਾ ਅਪਣੀ ਭਾਰਤ ਹਵਾਲਗੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਉਸ ਨੇ ਹਵਾਲਗੀ ਨੂੰ ਰੋਕਣ ਲਈ ਆਖ਼ਰੀ ਦਾਅ ਚੱਲਿਆ ਹੈ। ਉਸ ਨੇ ਇਸ ਬਾਬਤ ਅਮਰੀਕੀ ਚੀਫ਼ ਜਸਟਿਸ ਜੌਨ ਰੌਬਰਟਸ ਨੂੰ ਅਪੀਲ ਕੀਤੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਤਹੁਵੱਰ ਰਾਣਾ ਨੇ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਦੀ ਜਸਟਿਸ ਏਲੇਨਾ ਕਾਗਨ ਅੱਗੇ ਵੀ ਅਪੀਲ ਕੀਤੀ ਸੀ ਪਰ ਜਸਟਿਸ ਏਲੇਨਾ ਨੇ ਤਹੁਵੱਰ ਰਾਣਾ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ ਸੀ। ਜਾਣਕਾਰੀ ਅਨੁਸਾਰ ਅਮਰੀਕੀ ਚੀਫ਼ ਜਸਟਿਸ ਜੌਨ ਰੌਬਰਟਸ 4 ਅਪ੍ਰੈਲ ਨੂੰ ਤਹੁਵੱਰ ਰਾਣਾ ਦੀ ਅਪੀਲ ‘ਤੇ ਸੁਣਵਾਈ ਕਰ ਸਕਦੇ ਹਨ। ਇਹ ਜਾਣਕਾਰੀ ਅਮਰੀਕੀ ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਦਿੱਤੀ ਗਈ ਹੈ। ਅਪਣੀ ਅਪੀਲ ਵਿਚ, ਤਹਵੁੱਰ ਰਾਣਾ ਨੇ ਭਾਰਤ ਨੂੰ ਅਪਣੀ ਹਵਾਲਗੀ ਰੋਕਣ ਦੀ ਅਪੀਲ ਕੀਤੀ ਹੈ। ਦਰਅਸਲ, ਤਹੁਵੱਰ ਰਾਣਾ ਨੂੰ ਭਾਰਤ ਹਵਾਲੇ ਕੀਤੇ ਜਾਣ ਦਾ ਡਰ ਹੈ। ਇਸੇ ਲਈ ਜਦੋਂ ਉਸ ਨੇ ਜਸਟਿਸ ਏਲੇਨਾ ਨੂੰ ਅਪੀਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਭਾਰਤ ‘ਚ ਤਸੀਹੇ ਦਿੱਤੇ ਜਾ ਸਕਦੇ ਹਨ ਅਤੇ ਇਸ ਕਾਰਨ ਉਹ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕੇਗਾ।