ਸਟਾਕਹੋਮ/ਪੰਜਾਬ ਪੋਸਟ
ਉੱਤਰ ਯੂਰਪੀ ਦੇਸ਼ ਸਵੀਡਨ ਦੇ ਓਰੇਬਰੋ ਸ਼ਹਿਰ ਵਿੱਚ ਇੱਕ ਸਕੂਲ ‘ਤੇ ਹੋਏ ਹਮਲੇ ਵਿੱਚ ਹੁਣ 10 ਲੋਕਾਂ ਦੇ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿੱਚ, ਪੁਲਿਸ ਨੇ ਕਿਹਾ ਕਿ ਸਵੀਡਨ ਦੇ ਇੱਕ ਬਾਲਗ ਸਿੱਖਿਆ ਕੇਂਦਰ ਵਿੱਚ ਇਨਾਂ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਘਟਨਾ ਤੋਂ ਫੌਰਨ ਬਾਅਦ ਸਥਾਨਕ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਲੋਕਾਂ ਨੂੰ ਸਕੂਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਸੀ। ਇਹ ਸਕੂਲ ਸਟਾਕਹੋਮ ਤੋਂ ਲਗਭਗ 200 ਕਿਲੋਮੀਟਰ (125 ਮੀਲ) ਪੱਛਮ ਵਿੱਚ ਸਥਿਤ ਹੈ। ਇਸ ਘਟਨਾ ਤੋਂ ਬਾਅਦ, ਵਿਦਿਆਰਥੀਆਂ ਨੂੰ ਨੇੜਲੀਆਂ ਇਮਾਰਤਾਂ ਵਿੱਚ ਪਨਾਹ ਦਿੱਤੀ ਗਈ ਅਤੇ ਹਿੰਸਾ ਤੋਂ ਬਾਅਦ ਸਕੂਲ ਦੇ ਹੋਰ ਹਿੱਸਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇਸ ਦਰਮਿਆਨ, ਇਸ ਦੌਰਾਨ, ਸਵੀਡਨ ਦੇ ਨਿਆਂ ਮੰਤਰੀ ਗੁਨਾਰ ਸਟ੍ਰੋਮਰ ਨੇ ਇੱਕ ਸਵੀਡਿਸ਼ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ‘ਓਰੇਬਰੋ ਵਿੱਚ ਹਿੰਸਾ ਦੀਆਂ ਰਿਪੋਰਟਾਂ ਬਹੁਤ ਗੰਭੀਰ ਹਨ। ਪੁਲਿਸ ਕਾਰਵਾਈ ਚੱਲ ਰਹੀ ਹੈ ਅਤੇ ਸਰਕਾਰ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ’।







