ਪੰਜਾਬ ਪੋਸਟ/ਬਿਓਰੋ
ਅਮਰੀਕੀ ਸੁਪਰੀਮ ਕੋਰਟ ਨੇ ਇੱਕ ਹੈਰਾਨ ਕਰਨ ਵਾਲੇ ਫੈਸਲੇ ਵਿੱਚ ਇਡਾਹੋ ਦੀ ਸਖ਼ਤ ਗਰਭਪਾਤ ਪਾਬੰਦੀ ਦੀ ਅਪੀਲ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਨੂੰ ਗਰਭਪਾਤ ਅਧਿਕਾਰ ਸਮੱਰਥਕਾਂ ਦੀ ਜਿੱਤ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਔਰਤਾਂ ਨੂੰ ਭਵਿੱਖ ਵਿੱਚ ਐਮਰਜੈਂਸੀ ਸਥਿਤੀਆਂ ਵਿੱਚ ਗਰਭਪਾਤ ਕਰਵਾਉਣ ਦੀ ਇਜਾਜ਼ਤ ਮਿਲੇਗੀ। ਸੀ. ਐੱਨ. ਐੱਨ. ਨੇ ਅਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਸਿਖਰਲੀ ਅਦਾਲਤ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਨੇ ਮੈਡੀਕਲ ਐਮਰਜੈਂਸੀ ਦੇ ਮਾਮਲਿਆਂ ਵਿੱਚ ਇਡਾਹੋ ਵਿੱਚ ਗਰਭਪਾਤ ਜਾਰੀ ਰੱਖਣ ਦੀ ਆਗਿਆ ਦਿੱਤੀ ਸੀ। ਇਹ ਫੈਸਲਾ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਗਲਤੀ ਨਾਲ ਪ੍ਰਕਾਸ਼ਿਤ ਕੀਤੇ ਗਏ ਇਕ ਰਿਲੀਜ਼ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਰਾਜ ਵਿੱਚ ਗਰਭਪਾਤ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ, ਇਸ ਬਿਆਨ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ।
ਇਡਾਹੋ ਇੱਕ ਅਮਰੀਕੀ ਰਾਜ ਹੈ ਜੋ ਗਰਭਪਾਤ ’ਤੇ ਸਖ਼ਤ ਪਬੰਦੀਆਂ ਲਈ ਜਾਣਿਆ ਜਾਂਦਾ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ 2024 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਸਿਆਸੀ ਉਥਲ-ਪੁਥਲ ਦਰਮਿਆਨ ਆਇਆ ਹੈ। ਡੈਮੋਕਰੇਟਸ ਚੋਣਾਂ ਵਿੱਚ ਗਰਭਪਾਤ ਦੇ ਅਧਿਕਾਰਾਂ ਨੂੰ ਇੱਕ ਅਹਿਮ ਮੁੱਦਾ ਬਣਾ ਰਹੇ ਹਨ। ਰਾਸ਼ਟਰਪਤੀ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਚੋਣ ਮੁਹਿੰਮ ਗਰਭਪਾਤ ਦੇ ਅਧਿਕਾਰਾਂ ਦੀ ਵਕਾਲਤ ਕਰ ਰਹੀ ਹੈ।
ਸੁਪਰੀਮ ਕੋਰਟ ਦੇ ਜੂਨ 2022 ਦੇ ਰੋ ਬਨਾਮ ਵੇਡ ਫੈਸਲੇ ਤੋਂ ਬਾਅਦ ਇਡਾਹੋ ਵਿੱਚ ਗਰਭਪਾਤ ਨੂੰ ਕਨੂੰਨ ਦੁਆਰਾ ਅਪਰਾਧਕ ਕਰਾਰ ਦਿੱਤਾ ਗਿਆ ਸੀ। ਕਨੂੰਨ ਮੁਤਾਬਕ ਸੂਬੇ ਵਿੱਚ ਗਰਭਪਾਤ ਕਰਵਾਉਣ ਵਾਲੇ ਨੂੰ ਦੋ ਤੋਂ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਅਮਰੀਕੀ ਸੁਪਰੀਮ ਕੋਰਟ ਨੇ ਇਡਾਹੋ ਸੂਬੇ ’ਚ ਐਮਰਜੈਂਸੀ ਹਾਲਾਤਾਂ ’ਚ ਔਰਤਾਂ ਨੂੰ ਗਰਭਪਾਤ ਦੀ ਦਿੱਤੀ ਇਜਾਜ਼ਤ
Published: