ਵੁਲਵਰਹੈਂਪਟਨ/ਪੰਜਾਬ ਪੋਸਟ
ਇੰਗਲੈਂਡ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਮਿਡਲੈਂਡਜ਼ ਖੇਤਰ ਦੇ ਸ਼ਹਿਰ ਵੁਲਵਰਹੈਂਪਟਨ ’ਚ 2 ਸਿੱਖ ਬਜ਼ੁਰਗਾਂ ’ਤੇ ਹਮਲਾ ਹੋਣ ਦੀ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਇਕ ਗੋਰਾ ਨੌਜਵਾਨ ਇਕ ਸਿੱਖ ਬਜ਼ੁਰਗ ਨਾਲ ਹੱਥੋਪਾਈ ਕਰਦਾ ਹੋਇਆ ਨਜ਼ਰ ਆਉਂਦਾ ਹੈ, ਜਦਕਿ ਦੂਜਾ ਬਜ਼ੁਰਗ ਇੱਕ ਕਾਰ ਅੱਗੇ ਡਿੱਗਾ ਦਿਖਾਈ ਦੇ ਰਿਹਾ ਹੈ। ਵੀਡੀਓ ਕਲਿੱਪ ’ਚ ਗੋਰਾ ਨੌਜਵਾਨ ਸਿੱਖ ਬਜ਼ੁਰਗਾਂ ਨੂੰ ਲੱਤਾਂ ਮਾਰਦਾ ਹੋਇਆ ਵੀ ਨਜ਼ਰ ਆਉਂਦਾ ਹੈ। ਇਸ ਮੌਕੇ ਕੁੱਝ ਲੋਕਾਂ ਨੇ ਹਮਲਾਵਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੂੰ ਲੈ ਕੇ ਸਥਾਨਕ ਸਿੱਖ ਭਾਈਚਾਰੇ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਸਿੱਖ ਭਾਈਚਾਰੇ ਵੱਲੋਂ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।







