ਚੁੱਪ

Published:

Rate this post

ਲੇਖਕ – ਬੇਅੰਤ ਸਿੰਘ ਬਾਜਵਾ

ਕਹਾਣੀ

ਸ਼ਹਿਰ ਦੀ ਸਵੇਰ ਪਿੰਡ ਨਾਲੋਂ ਵੱਖਰੀ ਸ਼ੁਰੂ ਹੁੰਦੀ ਹੈ।ਇਹ ਨਾ ਮਾਂ ਵਾਂਗ ਜਗਾਉਂਦੀ ਹੈ, ਨਾ ਮਿੱਟੀ ਵਾਂਗ ਆਪਣੇ ਨਾਲ ਜੋੜਦੀ ਹੈ।ਇਹ ਸਿਰਫ਼ ਹੁਕਮ ਦਿੰਦੀ ਹੈ ਉਠੋ, ਦੌੜੋ, ਕੰਮ ਕਰੋ, ਅਤੇ ਚੁੱਪ ਰਹੋ।ਜਦੋਂ ਸੁਰਜੀਤ ਸਿੰਘ ਨੇ ਆਪਣੀ ਅੱਖ ਖੋਲੀ ਤਾਂ ਉਸ ਦੇ ਸਾਹਮਣੇ ਕੋਈ ਖਿੜਕੀ ਨਹੀਂ ਸੀ, ਸਗੋਂ ਝੁੱਗੀ ਦੀ ਛੱਤ ’ਚੋਂ ਲਟਕਦਾ ਪਲਾਸਟਿਕ ਦਾ ਟੁਕੜਾ ਸੀ, ਜਿਸ ਰਾਹੀਂ ਧੁੱਪ ਨਹੀਂ, ਧੂੰਆਂ ਅੰਦਰ ਆ ਰਿਹਾ ਸੀ। ਉਸ ਦੀ ਨੀਂਦ ਪੂਰੀ ਨਹੀਂ ਹੋਈ ਸੀ। ਪਰ ਸ਼ਹਿਰ ਨੂੰ ਮਜ਼ਦੂਰ ਦੀ ਨੀਂਦ ਨਾਲ ਕੋਈ ਮਤਲਬ ਨਹੀਂ ਹੁੰਦਾ। ਸੁਰਜੀਤ ਨੂੰ ਪਤਾ ਸੀ ਜੇ ਦੇਰ ਹੋ ਗਈ ਤਾਂ ਦਿਹਾੜੀ ਨਹੀਂ ਮਿਲੇਗੀ ਅਤੇ ਜੇ ਦਿਹਾੜੀ ਨਹੀਂ ਮਿਲੀ ਤਾਂ ਅੱਜ ਦੀ ਰੋਟੀ ਵੀ ਸੁਆਲ ਬਣ ਜਾਏਗੀ। ਉਹ ਉਠ ਕੇ ਬੈਠ ਗਿਆ। ਸਰੀਰ ਦਰਦ ਨਾਲ ਟੁੱਟ ਰਿਹਾ ਸੀ। ਹੱਥਾਂ ਵਿੱਚ ਕੱਟਾਂ ਦੇ ਨਿਸ਼ਾਨ, ਮੋਢਿਆਂ ਵਿੱਚ ਸੋਜ ਅਤੇ ਪਿੱਠ ਵਿੱਚ ਉਹ ਦਰਦ ਜੋ ਸਿਰਫ਼ ਮਜ਼ਦੂਰੀ ਨਾਲ ਨਹੀਂ, ਬੇਇਨਸਾਫ਼ੀ ਨਾਲ ਵੀ ਆਉਂਦਾ ਹੈ। ਉਸ ਨੇ ਸੱਜੇ ਪਾਸੇ ਸੁੱਤੀ ਹਰਜੀਤ ਕੌਰ ਵੱਲ ਵੇਖਿਆ। ਉਹ ਅਜੇ ਸੁੱਤੀ ਸੀ। ਪਰ ਉਸ ਦੀ ਨੀਂਦ ਸ਼ਾਂਤ ਨਹੀਂ ਸੀ। ਮੱਥੇ ’ਤੇ ਚਿੰਤਾ ਦੀ ਲਕੀਰ ਸੀ। ਜਿਵੇਂ ਨੀਂਦ ਵਿੱਚ ਵੀ ਉਹ ਹਿਸਾਬ ਜੋੜ ਰਹੀ ਹੋਵੇ। ਕਿਰਾਇਆ, ਰਾਸ਼ਨ, ਬੱਚਿਆਂ ਦੀ ਫ਼ੀਸ। ਸੁਰਜੀਤ ਨੇ ਉਸ ਨੂੰ ਜਗਾਇਆ ਨਹੀਂ। ਉਸ ਨੂੰ ਪਤਾ ਸੀ ਕਿ ਸ਼ਹਿਰ ਵਿੱਚ ਨੀਂਦ ਵੀ ਆਰਾਮ ਨਹੀਂ, ਸਿਰਫ਼ ਥੋੜੀ ਦੇਰ ਦੀ ਭੁੱਲ ਹੁੰਦੀ ਹੈ। ਕੰਸਟਰੱਕਸ਼ਨ ਸਾਈਟ ’ਤੇ ਪਹੁੰਚ ਕੇ ਸੁਰਜੀਤ ਨੇ ਆਪਣਾ ਪੀਲੇ ਰੰਗ ਦਾ ਹੈਲਮਟ ਪਾਇਆ।ਉਹ ਹੈਲਮਟ ਜੋ ਸੁਰੱਖਿਆ ਲਈ ਘੱਟ, ਨਿਯਮਾਂ ਦੀ ਤਸਵੀਰ ਲਈ ਵੱਧ ਹੁੰਦਾ ਹੈ। ਸਾਹਮਣੇ ਅਧੂਰੀ ਇਮਾਰਤ ਖੜੀ ਸੀ। ਲੋਹੇ ਦੀਆਂ ਸਰੀਏ ਬਾਹਰ ਨਿਕਲੇ ਹੋਏ, ਸੀਮੈਂਟ ਦੀ ਧੂੜ ਹਵਾ ਵਿੱਚ ਉਡਦੀ ਹੋਈ। ਇਹ ਇਮਾਰਤ ਹੌਲੀ-ਹੌਲੀ ਬਣ ਰਹੀ ਸੀ, ਪਰ ਇਸ ਦੇ ਹੇਠਾਂ ਮਜ਼ਦੂਰ ਹਰ ਰੋਜ਼ ਟੁੱਟ ਰਹੇ ਸਨ। ਠੇਕੇਦਾਰ ਗੁਰਮੇਲ ਉਚੀ ਆਵਾਜ਼ ਵਿੱਚ ਹੁਕਮ ਦੇ ਰਿਹਾ ਸੀ, ਜਿਵੇਂ ਮਜ਼ਦੂਰ ਮਨੁੱਖ ਨਹੀਂ, ਮਸ਼ੀਨਾਂ ਹੋਣ। ‘‘ਚੱਲੋ, ਚੱਲੋ! ਅੱਜ ਟਾਰਗੈਟ ਪੂਰਾ ਕਰਨਾ ਆ। ਕੋਈ ਬਹਾਨਾ ਨਹੀਂ ਚੱਲੂ।’’ ਸੁਰਜੀਤ ਨੇ ਸੀਮੈਂਟ ਦੀ ਬੋਰੀ ਚੁੱਕੀ। ਬੋਰੀ ਭਾਰੀ ਨਹੀਂ ਸੀ। ਬੱਸ ਉਸ ਦੀ ਜ਼ਿੰਦਗੀ ਭਾਰੀ ਸੀ। ਪੌੜੀਆਂ ਚੜਦੇ ਹੋਏ ਉਸ ਦਾ ਸਾਹ ਫੁੱਲ ਗਿਆ, ਪਰ ਉਸ ਨੇ ਰੁਕਣ ਦੀ ਹਿੰਮਤ ਨਹੀਂ ਕੀਤੀ। ਪੌੜੀਆਂ ਤੇ ਕੋਈ ਵੀ ਭਾਰੀ ਸਾਮਾਨ ਸੁਰਜੀਤ ਨੇ ਚੜਾਉਣਾ ਹੁੰਦਾ ਤਾਂ ਅਕਸਰ ਹੀ ਉਸ ਦਾ ਸਾਹ ਫੁੱਲਦਾ ਸੀ। ਸ਼ਹਿਰ ਵਿੱਚ ਰੁਕਣਾ ਵੀ ਇੱਕ ਗੁਨਾਹ ਹੈ। ਦੁਪਹਿਰ ਨੂੰ ਜਦੋਂ ਥੋੜੀ ਜਿਹੀ ਛਾਂ ਮਿਲੀ ਤਾਂ ਸੁਰਜੀਤ ਅਤੇ ਹੋਰ ਮਜ਼ਦੂਰ ਇੱਕ ਪਾਸੇ ਬੈਠ ਗਏ। ਕੋਈ ਟਿਫ਼ਨ ਨਹੀਂ ਸੀ। ਸਿਰਫ਼ ਰੋਟੀ ਅਤੇ ਲੂਣ, ਇੱਕ ਘਸਮੈਲ਼ੇ ਜਿਹੇ ਕੱਪੜੇ ਵਿੱਚ ਬੰਨੀ ਹੋਈ ਸੀ। ਉਸ ਵੇਲੇ ਜਗਸੀਰ ਇੱਕ ਨੌਜਵਾਨ ਮਜ਼ਦੂਰ ਬੋਲ ਪਿਆ। ‘‘ਵੀਰ, ਇਹ ਕੀ ਜ਼ਿੰਦਗੀ ਆ? ਨਾ ਸਮਾਂ ਆਪਣਾ, ਨਾ ਸਰੀਰ ਆਪਣਾ।’’ ਸੁਰਜੀਤ ਨੇ ਲੰਮਾ ਸਾਹ ਲਿਆ ਅਤੇ ਹੌਲੀ, ਪਰ ਡੂੰਘੀ ਆਵਾਜ਼ ਵਿੱਚ ਕਿਹਾ, ‘‘ਪੁੱਤ, ਇਹ ਜ਼ਿੰਦਗੀ ਨਹੀਂ, ਇਹ ਸੌਦਾ ਆ। ਅਸੀਂ ਆਪਣੀ ਤਾਕਤ ਦੇ ਬਦਲੇ ਦੋ ਰੋਟੀਆਂ ਲੈਂਦੇ ਆ। ਪਰ ਗੱਲ ਇੱਥੇ ਮੁੱਕਦੀ ਨਹੀਂ। ਮੁਸ਼ਕਲ ਇਹ ਆ ਕਿ ਹੌਲੀ-ਹੌਲੀ ਅਸੀਂ ਆਪਣੀ ਆਵਾਜ਼ ਵੀ ਵੇਚ ਦਿੰਦੇ ਆ। ਪਹਿਲਾਂ ਦਰਦ ਸਹਿੰਦੇ ਆ, ਫਿਰ ਬੇਇਨਸਾਫ਼ੀ ਅਤੇ ਆਖ਼ਰ ’ਚ ਚੁੱਪ।’’ ਜਗਸੀਰ ਨੇ ਪੁੱਛਿਆ, ‘‘ਫਿਰ ਕੀ ਕਰੀਏ?’’ ਸੁਰਜੀਤ ਕੁੱਝ ਪਲ ਚੁੱਪ ਰਿਹਾ।ਇਹ ਚੁੱਪ ਸੋਚ ਦੀ ਸੀ। ‘‘ਚੁੱਪ ਰਹਿਣਾ ਆਸਾਨ ਆ,’’ ਉਸ ਨੇ ਕਿਹਾ, ‘‘ਪਰ ਹਰ ਵਾਰੀ ਚੁੱਪ ਰਹਿਣ ਨਾਲ ਇਹ ਸ਼ਹਿਰ ਸਾਡੀ ਹੱਡੀ ਵਿੱਚੋਂ ਵੀ ਸੀਮੈਂਟ ਕੱਢ ਲੈਂਦਾ ਆ।’’ ਸ਼ਾਮ ਨੂੰ ਇੱਕ ਹਾਦਸਾ ਹੋਇਆ। ਉਪਰਲੀ ਮੰਜ਼ਿਲ ਤੋਂ ਇੱਕ ਮਜ਼ਦੂਰ ਤਿਲਕ ਗਿਆ ਤੇ ਕਾਫ਼ੀ ਸੱਟਾਂ ਲੱਗ ਗਈਆਂ। ਕੋਈ ਵੱਡੀ ਖ਼ਬਰ ਨਹੀਂ ਬਣੀ। ਸਿਰਫ਼ ਇੱਕ ਐਂਬੂਲੈਂਸ ਆਈ ਤੇ ਜ਼ਖ਼ਮੀ ਮਜ਼ਦੂਰ ਨੂੰ ਲੈ ਗਈ ਅਤੇ ਕੰਮ ਫਿਰ ਚੱਲ ਪਿਆ। ਗੁਰਮੇਲ ਨੇ ਸਿਰਫ਼ ਇੰਨਾ ਕਿਹਾ, ‘‘ਧਿਆਨ ਨਾਲ ਕੰਮ ਕਰੋ।ਸਾਈਟ ਨਹੀਂ ਰੁਕਣੀ ਚਾਹੀਦੀ।’’ ਉਸ ਪਲ ਸੁਰਜੀਤ ਨੇ ਮਹਿਸੂਸ ਕੀਤਾ ਕਿ ਇੱਥੇ ਮਨੁੱਖ ਦੀ ਕੀਮਤ ਉਸ ਦੇ ਕੰਮ ਤੋਂ ਘੱਟ ਹੈ। ਉਹ ਘਰ ਵਾਪਸ ਆਇਆ ਤਾਂ ਹਰਜੀਤ ਨੇ ਪੁੱਛਿਆ, ‘‘ਅੱਜ ਦੇਰ ਕਿਵੇਂ ਹੋ ਗਈ?’’ ਸੁਰਜੀਤ ਨੇ ਲੰਮਾ ਸੰਵਾਦ ਕੀਤਾ, ਪਹਿਲੀ ਵਾਰ। ‘‘ਕਿਉਂਕਿ ਅੱਜ ਮੈਂ ਦੇਖਿਆ ਕਿ ਇੱਥੇ ਮਰਨ ਵੀ ਦਿਹਾੜੀ ਵਰਗਾ ਆ, ਜੇ ਕੰਮ ਨਹੀਂ ਰੁਕਿਆ ਤਾਂ ਮੌਤ ਦਾ ਵੀ ਕੋਈ ਹਿਸਾਬ ਨਹੀਂ।’’ ਹਰਜੀਤ ਚੁੱਪ ਹੋ ਗਈ। ਇਹ ਚੁੱਪ ਡਰ ਦੀ ਸੀ। ਰਾਤ ਨੂੰ ਸੁਰਜੀਤ ਬਾਹਰ ਬੈਠਾ ਸ਼ਹਿਰ ਦੀਆਂ ਲਾਈਟਾਂ ਵੱਲ ਤੱਕਦਾ ਰਿਹਾ। ਇਹ ਲਾਈਟਾਂ ਉਸ ਇਮਾਰਤ ’ਚ ਵੀ ਲੱਗਣੀਆਂ ਸਨ, ਜੋ ਉਹ ਬਣਾਉਂਦਾ ਸੀ। ਪਰ ਉਸ ਦੀ ਆਪਣੀ ਝੁੱਗੀ ਹਨੇਰੇ ’ਚ ਰਹਿਣੀ ਸੀ। ਉਸ ਨੇ ਆਪਣੇ ਆਪ ਨਾਲ ਕਿਹਾ, ‘‘ਜੇ ਅਸੀਂ ਆਵਾਜ਼ ਨਾ ਚੁੱਕੀ ਤਾਂ ਇਹ ਸ਼ਹਿਰ ਸਾਨੂੰ ਪੂਰੀ ਤਰਾਂ ਦੱਬ ਦੇਵੇਗਾ ਸੀਮੈਂਟ ਹੇਠਾਂ, ਚੁੱਪ ਹੇਠਾਂ।’’ ਸ਼ਹਿਰ ਵਿੱਚ ਜ਼ੁਲਮ ਕਿਸੇ ਇੱਕ ਦਿਨ ਨਹੀਂ ਹੁੰਦਾ। ਇਹ ਰੋਜ਼ ਹੁੰਦਾ ਹੈ। ਸਵੇਰ ਤੋਂ ਸ਼ਾਮ ਤੱਕ, ਕੰਮ ਦੀ ਰਫ਼ਤਾਰ ਵਿੱਚ, ਹੁਕਮਾਂ ਦੀ ਆਵਾਜ਼ ਵਿੱਚ ਅਤੇ ਉਸ ਨਜ਼ਰ ਵਿੱਚ ਜੋ ਮਜ਼ਦੂਰ ਨੂੰ ਮਨੁੱਖ ਨਹੀਂ, ਖ਼ਰਚ ਸਮਝਦੀ ਹੈ। ਸੁਰਜੀਤ ਸਿੰਘ ਨੂੰ ਹੁਣ ਇਹ ਗੱਲ ਸਾਫ਼ ਦਿਸ ਰਹੀ ਸੀ। ਜਦੋਂ ਉਹ ਹਰ ਰੋਜ਼ ਸਾਈਟ ’ਤੇ ਜਾਂਦਾ ਤਾਂ ਉਸ ਨੂੰ ਲੱਗਦਾ ਕਿ ਇਮਾਰਤ ਉਚੀ ਨਹੀਂ ਹੋ ਰਹੀ, ਮਜ਼ਦੂਰ ਹੇਠਾਂ ਧਸ ਰਹੇ ਹਨ। ਹਰ ਮੰਜ਼ਿਲ ਦੇ ਨਾਲ ਉਨਾਂ ਦੀ ਸਾਹ ਘੱਟਦੀ ਜਾਂਦੀ ਸੀ। ਪਰ ਕਿਸੇ ਦੇ ਹਿਸਾਬ ਵਿੱਚ ਇਹ ਸਾਹ ਸ਼ਾਮਲ ਨਹੀਂ ਸੀ। ਹਾਦਸੇ ਤੋਂ ਬਾਅਦ ਅਗਲਾ ਦਿਨ ਹੋਰ ਵੀ ਸਖ਼ਤ ਸੀ। ਠੇਕੇਦਾਰ ਗੁਰਮੇਲ ਨੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਖੜਾ ਕਰ ਲਿਆ। ਉਸ ਦੀ ਆਵਾਜ਼ ਵਿੱਚ ਗ਼ੁੱਸਾ ਨਹੀਂ ਸੀ, ਉਹ ਨਰਮੀ ਸੀ ਜੋ ਹਮੇਸ਼ਾ ਜ਼ਿਆਦਾ ਡਰਾਉਣੀ ਹੁੰਦੀ ਹੈ। ‘‘ਸੁਣ ਲਓ,’’ ਉਸ ਨੇ ਕਿਹਾ, ‘‘ਕੱਲ ਜੋ ਹੋਇਆ, ਉਹ ਕਿਸੇ ਦੀ ਗ਼ਲਤੀ ਨਹੀਂ। ਕੰਮ ਵਿੱਚ ਅਜਿਹਾ ਆਮ ਗੱਲ ਹੁੰਦੀ ਹੈ। ਜੇ ਕਿਸੇ ਨੂੰ ਡਰ ਲੱਗਦਾ ਆ ਤਾਂ ਦਰਵਾਜ਼ਾ ਖੁੱਲਾ ਆ। ਬਾਹਰ ਵੀ ਬਹੁਤ ਲੋਕ ਖੜੇ ਨੇ ਕੰਮ ਲੈਣ ਲਈ।’’ ਇਹ ਸ਼ਬਦ ਧਮਕੀ ਨਹੀਂ ਸਨ। ਇਹ ਹਕੀਕਤ ਦਾ ਐਲਾਨ ਸੀ। ਸੁਰਜੀਤ ਨੇ ਆਪਣੇ ਆਲ਼ੇ-ਦੁਆਲੇ ਵੇਖਿਆ। ਕਿਸੇ ਨੇ ਅੱਖਾਂ ਉਪਰ ਨਹੀਂ ਚੁੱਕੀਆਂ। ਹਰ ਕੋਈ ਜਾਣਦਾ ਸੀ ਕਿ ਦਰਵਾਜ਼ੇ ਦੇ ਬਾਹਰ ਭੀੜ ਹੈ ਭੁੱਖੀ, ਮਜ਼ਬੂਰ, ਤਿਆਰ। ਇਹ ਭੀੜ ਹੀ ਸ਼ਹਿਰ ਦਾ ਸਭ ਤੋਂ ਵੱਡਾ ਹਥਿਆਰ ਹੈ। ਦੁਪਹਿਰ ਦੇ ਵਕਤ ਸੁਰਜੀਤ ਅਤੇ ਜਗਸੀਰ ਇੱਕ ਕੋਨੇ ਵਿੱਚ ਬੈਠੇ ਸਨ। ਹਵਾ ਵਿੱਚ ਸੀਮੈਂਟ ਦੀ ਧੂੜ ਸੀ, ਜੋ ਸਿਰਫ਼ ਸਾਹ ਨਹੀਂ, ਸੋਚ ਵੀ ਭਾਰਾ ਕਰ ਦਿੰਦੀ ਹੈ। ਜਗਸੀਰ ਨੇ ਹੌਲੀ ਆਵਾਜ਼ ਵਿੱਚ ਕਿਹਾ, ‘‘ਵੀਰ, ਜੇ ਅਸੀਂ ਕੱੁਝ ਕਹੀਏ ਤਾਂ?’’ ਸੁਰਜੀਤ ਨੇ ਉਸ ਵੱਲ ਤੱਕਿਆ। ਇਹ ਤੱਕਣਾ ਸਿਰਫ਼ ਸੁਆਲ ਦਾ ਨਹੀਂ ਸੀ। ਇਹ ਉਸ ਨੌਜਵਾਨ ਦੀ ਪਰਖ ਸੀ, ਜੋ ਹਾਲੇ ਪੂਰੀ ਤਰਾਂ ਨਹੀਂ ਜਾਣਦਾ ਕਿ ਸ਼ਹਿਰ ਕਿਵੇਂ ਤੋੜਦਾ ਹੈ। ‘‘ਸੁਣ,’’ ਸੁਰਜੀਤ ਨੇ ਲੰਮਾ ਜਵਾਬ ਦਿੱਤਾ, ‘‘ਸ਼ਹਿਰ ਵਿੱਚ ‘ਕੁਝ ਕਹਿਣਾ’ ਸਭ ਤੋਂ ਮਹਿੰਗੀ ਗੱਲ ਹੁੰਦੀ ਆ। ਪਹਿਲਾਂ ਤੈਨੂੰ ਕਹਿਣ ਦਿੰਦੇ ਨੇ, ਫਿਰ ਤੈਨੂੰ ਇਕੱਲਾ ਕਰ ਦਿੰਦੇ ਨੇ ਤੇ ਜਦੋਂ ਤੂੰ ਇਕੱਲਾ ਹੋ ਜਾਵੇ ਤਾਂ ਤੇਰੀ ਗੱਲ ਆਪ ਹੀ ਗ਼ਲਤ ਲੱਗਣ ਲੱਗ ਪੈਂਦੀ ਆ। ਇਹੀ ਸ਼ਹਿਰੀ ਜ਼ੁਲਮ ਆ ਇਹ ਤੈਨੂੰ ਮਾਰਦਾ ਨਹੀਂ, ਇਹ ਤੈਨੂੰ ਖ਼ਾਮੋਸ਼ੀ ਕਰ ਦਿੰਦਾ ਆ।’’ ਜਗਸੀਰ ਕੁੱਝ ਕਹਿਣਾ ਚਾਹੁੰਦਾ ਸੀ, ਪਰ ਸ਼ਬਦ ਨਹੀਂ ਮਿਲੇ। ਇਹ ਚੁੱਪ ਉਸ ਦੀ ਹਾਰ ਨਹੀਂ ਸੀ। ਇਹ ਉਸ ਦੀ ਸਮਝ ਦੀ ਸ਼ੁਰੂਆਤ ਸੀ। ਸ਼ਾਮ ਨੂੰ ਤਨਖ਼ਾਹ ਵੰਡਣੀ ਸੀ। ਇਹ ਵੀ ਸ਼ਹਿਰ ਦਾ ਇੱਕ ਜ਼ੁਲਮ ਹੁੰਦਾ ਹੈ, ਦਿਹਾੜੀ ਮਿਲਣਾ। ਕਿਸੇ ਨੂੰ ਪੂਰੀ, ਕਿਸੇ ਨੂੰ ਘੱਟ, ਕਿਸੇ ਨੂੰ ‘‘ਕੱਲ’’ ਦਾ ਵਾਅਦਾ। ਜਦੋਂ ਸੁਰਜੀਤ ਦਾ ਨੰਬਰ ਆਇਆ ਤਾਂ ਉਸ ਨੇ ਨੋਟ ਗਿਣੇ। ਦੋ ਦਿਹਾੜੀਆਂ ਘੱਟ ਸਨ। ‘‘ਗੁਰਮੇਲ ਜੀ, ਇਹ’’ ‘‘ਹਿਸਾਬ ਠੀਕ ਆ,’’ ਠੇਕੇਦਾਰ ਨੇ ਵਿਚਕਾਰ ਟੋਕਿਆ, ‘‘ਪਿਛਲੇ ਹਫ਼ਤੇ ਅੱਧਾ ਦਿਨ ਛੱਡਿਆ ਸੀ।’’ ਸੁਰਜੀਤ ਨੇ ਲੰਮਾ ਸਾਹ ਲਿਆ ਅਤੇ ਫਿਰ ਬਹੁਤ ਸਾਫ਼ ਜਿਹੇ ਲਹਿਜ਼ੇ ਵਿੱਚ ਲੰਬੀ ਗੱਲ ਕਹੀ। ਉਹ ਗੱਲ ਜੋ ਉਹ ਕਈ ਸਾਲਾਂ ਤੋਂ ਗਲੇ ਵਿੱਚ ਦੱਬੀ ਰੱਖਦਾ ਆ ਰਿਹਾ ਸੀ। ‘‘ਅੱਧਾ ਦਿਨ ਮੈਂ ਇਸ ਲਈ ਛੱਡਿਆ ਸੀ ਕਿਉਂਕਿ ਮੇਰੀ ਪਿੱਠ ਸਿੱਧੀ ਨਹੀਂ ਹੋ ਰਹੀ ਸੀ। ਮੈਂ ਮਸ਼ੀਨ ਨਹੀਂ ਆ। ਮੈਂ ਜਦੋਂ ਡਿੱਗਦਾ ਆ ਤਾਂ ਸਰੀਰ ਹੀ ਨਹੀਂ, ਮੇਰਾ ਘਰ ਵੀ ਡਿੱਗਦਾ ਆ। ਤੁਸੀਂ ਸਾਨੂੰ ਕੰਮ ਦਿੰਦੇ ਹੋ, ਠੀਕ ਆ। ਗੁਰਮੇਲ ਨੇ ਉਸ ਵੱਲ ਇਉਂ ਤੱਕਿਆ ਜਿਵੇਂ ਸੁਰਜੀਤ ਨੇ ਕੋਈ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੋਵੇ। ‘‘ਜ਼ਿਆਦਾ ਸਿਆਣਾ ਨਾ ਬਣ। ਇੱਥੇ ਸਾਰਾ ਕੁੱਝ ਸਿਸਟਮ ਦੇ ਹਿਸਾਬ ਨਾਲ ਚੱਲਦਾ ਆ।’’ ਇਹੀ ਸ਼ਬਦ ਸੁਰਜੀਤ ਦੇ ਮਨ ਵਿੱਚ ਵੱਜਦੇ ਰਹੇ, ਸਿਸਟਮ। ਉਸ ਨੂੰ ਅਹਿਸਾਸ ਹੋਇਆ ਕਿ ਸਿਸਟਮ ਦਾ ਮਤਲਬ ਇਨਸਾਫ਼ ਨਹੀਂ ਹੁੰਦਾ। ਸਿਸਟਮ ਦਾ ਮਤਲਬ ਹੁੰਦਾ ਹੈ ਕਿ ਜੋ ਉਪਰ ਹੈ, ਉਹ ਉਪਰ ਹੀ ਰਹੇ ਅਤੇ ਜੋ ਹੇਠਾਂ ਹੈ, ਉਹ ਹੇਠਾਂ ਹੀ ਕੰਮ ਕਰੇ। ਘਰ ਵਾਪਸ ਆ ਕੇ ਹਰਜੀਤ ਕੌਰ ਨੇ ਨੋਟ ਵੇਖੇ। ਉਹ ਕੁੱਝ ਪਲ ਚੁੱਪ ਰਹੀ। ਫਿਰ ਬਹੁਤ ਲੰਮਾ ਸੰਵਾਦ ਕੀਤਾ। ਉਸ ਤਰਾਂ ਦਾ ਸੰਵਾਦ ਜੋ ਸਿਰਫ਼ ਘਰਾਂ ਵਿੱਚ ਹੁੰਦਾ ਹੈ। ‘‘ਅਸੀਂ ਹਰ ਮਹੀਨੇ ਘੱਟ ਨਾਲ ਜੀ ਲੈਂਦੇ ਆ। ਪਰ ਇਹ ਘੱਟ ਹਰ ਮਹੀਨੇ ਹੋਰ ਘੱਟ ਹੁੰਦਾ ਜਾ ਰਿਹਾ ਆ। ਤੂੰ ਹਰ ਰੋਜ਼ ਟੁੱਟ ਕੇ ਆਉਂਦਾ ਆ ਅਤੇ ਮੈਂ ਹਰ ਰੋਜ਼ ਡਰ ਕੇ। ਕੀ ਇਹੀ ਜ਼ਿੰਦਗੀ ਆ?’’ ਸੁਰਜੀਤ ਕੋਲ ਤੁਰੰਤ ਕੋਈ ਜਵਾਬ ਨਹੀਂ ਸੀ। ਉਸ ਨੇ ਸਿਰਫ਼ ਇੰਨਾ ਕਿਹਾ, ‘‘ਜੇ ਅਸੀਂ ਚੁੱਪ ਰਹੇ, ਤਾਂ ਜ਼ਿੰਦਗੀ ਇਹੀ ਰਹੇਗੀ। ਜੇ ਬੋਲੇ ਤਾਂ ਸ਼ਾਇਦ ਹੋਰ ਮੁਸ਼ਕਲ ਆਵੇ। ਪਰ ਘੱਟੋ-ਘੱਟ ਸਾਨੂੰ ਪਤਾ ਤਾਂ ਹੋਵੇਗਾ ਕਿ ਅਸੀਂ ਜਿਉਂਦੇ ਆ।’’ ਉਸ ਰਾਤ ਸ਼ਹਿਰ ਦੀਆਂ ਲਾਈਟਾਂ ਹੋਰ ਤੇਜ਼ ਲੱਗ ਰਹੀਆਂ ਸਨ। ਸੁਰਜੀਤ ਨੇ ਅਸਮਾਨ ਵੱਲ ਤੱਕ ਕੇ ਸੋਚਿਆ ਕਿ ਇਹ ਲਾਈਟਾਂ ਜਿਨਾਂ ਇਮਾਰਤਾਂ ਲਈ ਹਨ, ਉਹਨਾਂ ਦੇ ਹੇਠਾਂ ਕਿੰਨੀ ਆਵਾਜ਼ਾਂ ਦੱਬੀਆਂ ਪਈਆਂ ਨੇ ਅਤੇ ਉਸ ਨੇ ਪਹਿਲੀ ਵਾਰ ਇਹ ਫ਼ੈਸਲਾ ਕੀਤਾ ਕਿ ਉਹ ਆਪਣੀ ਆਵਾਜ਼ ਨੂੰ ਸੀਮੈਂਟ ਹੇਠਾਂ ਨਹੀਂ ਦੱਬਣ ਦੇਵੇਗਾ। ਬਗ਼ਾਵਤ ਹਮੇਸ਼ਾ ਉਚੀ ਆਵਾਜ਼ ਨਾਲ ਨਹੀਂ ਆਉਂਦੀ। ਕਈ ਵਾਰ ਇਹ ਮਨੁੱਖ ਦੇ ਅੰਦਰ ਚੁੱਪਚਾਪ ਉਗਦੀ ਹੈ। ਉਸ ਦਰਦ ਵਾਂਗ, ਜੋ ਸਹਿਣ ਨਾਲ ਘਟਦਾ ਨਹੀਂ, ਸਗੋਂ ਹੋਰ ਡੂੰਘਾ ਹੋ ਜਾਂਦਾ ਹੈ। ਸੁਰਜੀਤ ਸਿੰਘ ਲਈ ਇਹ ਬਗ਼ਾਵਤ ਉਸ ਦਿਨ ਪੂਰੀ ਤਰਾਂ ਜਾਗੀ, ਜਦੋਂ ਉਸ ਨੇ ਸਵੇਰੇ ਉਠ ਕੇ ਮਹਿਸੂਸ ਕੀਤਾ ਕਿ ਹੁਣ ਸਰੀਰ ਤੋਂ ਵੱਧ ਮਨ ਦਰਦ ਕਰ ਰਿਹਾ ਹੈ। ਇਹ ਦਰਦ ਸਿਰਫ਼ ਥਕਾਵਟ ਦਾ ਨਹੀਂ ਸੀ। ਇਹ ਉਸ ਇੱਜ਼ਤ ਦਾ ਸੀ, ਜੋ ਹਰ ਰੋਜ਼ ਕੰਮ ਦੇ ਨਾਲ-ਨਾਲ ਛਿੱਲੀ ਜਾ ਰਹੀ ਸੀ। ਸਾਈਟ ’ਤੇ ਪਹੁੰਚ ਕੇ ਮਾਹੌਲ ਹੋਰ ਵੀ ਤਣਾਅ ਭਰਿਆ ਸੀ। ਪਿਛਲੇ ਦਿਨ ਦੀ ਗੱਲ ਹਾਲੇ ਵੀ ਹਵਾ ਵਿੱਚ ਟੰਗੀ ਹੋਈ ਸੀ। ਕੁੱਝ ਮਜ਼ਦੂਰ ਸੁਰਜੀਤ ਵੱਲ ਦੇਖ ਕੇ ਅੱਖਾਂ ਫੇਰ ਲੈਂਦੇ ਸਨ। ਜਿਵੇਂ ਉਸ ਨਾਲ ਗੱਲ ਕਰਨਾ ਵੀ ਖ਼ਤਰਾ ਹੋਵੇ। ਕੁੱਝ ਹੋਰ ਹੌਲੀ-ਹੌਲੀ ਨੇੜੇ ਆ ਗਏ, ਬਿਨਾਂ ਕੁਝ ਕਹੇ। ਇਹ ਨੇੜੇ ਆਉਣਾ ਹੀ ਪਹਿਲਾ ਇਸ਼ਾਰਾ ਸੀ ਡਰ ਪੂਰੀ ਤਰਾਂ ਹਾਵੀ ਨਹੀਂ ਸੀ। ਸੁਰਜੀਤ ਨੇ ਇਹ ਸਭ ਦੇਖਿਆ, ਪਰ ਕਿਸੇ ਨੂੰ ਕੱੁਝ ਕਹਿਣ ਦੀ ਜਲਦਬਾਜ਼ੀ ਨਹੀਂ ਕੀਤੀ। ਉਹ ਜਾਣਦਾ ਸੀ ਕਿ ਸ਼ਹਿਰ ਵਿੱਚ ਹਰ ਗੱਲ ਦਾ ਸਮਾਂ ਹੁੰਦਾ ਹੈ ਅਤੇ ਜਲਦੀ ਬੋਲਿਆ ਗਿਆ ਸੱਚ ਵੀ ਅਕਸਰ ਗ਼ਲਤ ਸਮਝ ਲਿਆ ਜਾਂਦਾ ਹੈ। ਦੁਪਹਿਰ ਨੂੰ ਜਦੋਂ ਧੁੱਪ ਸਿੱਧੀ ਸੀਮੈਂਟ ’ਤੇ ਪੈਂਦੀ ਅਤੇ ਹਵਾ ਖੜੀ ਜਾਪਦੀ ਸੀ। ਜਗਸੀਰ ਨੇ ਸੁਰਜੀਤ ਨੂੰ ਇੱਕ ਪਾਸੇ ਬੁਲਾ ਲਿਆ। ਉਹ ਦੋਵੇਂ ਅਧੂਰੀ ਇਮਾਰਤ ਦੇ ਪਿੱਛੇ ਖੜੇ ਹੋ ਗਏ, ਜਿੱਥੇ ਨਾ ਠੇਕੇਦਾਰ ਦੀ ਨਜ਼ਰ ਸੀ, ਨਾ ਕੈਮਰਿਆਂ ਦੀ। ਜਗਸੀਰ ਨੇ ਹੌਲੀ ਆਵਾਜ਼ ਵਿੱਚ ਪੁੱਛਿਆ, ‘‘ਵੀਰ, ਤੁਸੀਂ ਕੱਲ ਜੋ ਕਿਹਾ ਉਸ ਤੋਂ ਬਾਅਦ ਸਭ ਡਰੇ ਹੋਏ ਨੇ।’’ ਸੁਰਜੀਤ ਨੇ ਲੰਮਾ ਸਾਹ ਲਿਆ।ਉਸ ਨੇ ਗੱਲ ਛੋਟੀ ਨਹੀਂ ਕੀਤੀ।ਕਿਉਂਕਿ ਕੁਝ ਗੱਲਾਂ ਛੋਟੀਆਂ ਨਹੀਂ ਹੁੰਦੀਆਂ।
‘‘ਡਰਨਾ ਗ਼ਲਤ ਨਹੀਂ,’’ ਉਸ ਨੇ ਕਿਹਾ, ‘‘ਡਰ ਮਨੁੱਖ ਨੂੰ ਜਿਊਂਦਾ ਰੱਖਦਾ ਆ। ਪਰ ਜਦੋਂ ਡਰ ਹੀ ਸਾਡੀ ਜ਼ਿੰਦਗੀ ਬਣ ਜਾਵੇ ਤਾਂ ਫਿਰ ਅਸੀਂ ਜਿਉਂਦੇ ਨਹੀਂ ਰਹਿੰਦੇ। ਸਿਰਫ਼ ਕੰਮ ਕਰਦੇ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਅੱਜ ਹੀ ਲੜਾਈ ਛੇੜੀਏ। ਮੈਂ ਸਿਰਫ਼ ਇਹ ਪੁੱਛ ਰਿਹਾ ਆ ਕਿ ਕੀ ਅਸੀਂ ਹਮੇਸ਼ਾ ਇੰਝ ਹੀ ਸਿਰ ਝੁਕਾ ਕੇ ਰਹਿਣਾ ਆ?’’
ਜਗਸੀਰ ਕੁੱਝ ਪਲ ਚੁੱਪ ਰਿਹਾ। ਫਿਰ ਉਸ ਨੇ ਕਿਹਾ, ‘‘ਪਰ ਜੇ ਸਾਨੂੰ ਕੰਮ ਤੋਂ ਕੱਢ ਦਿੱਤਾ?’’
ਸੁਰਜੀਤ ਨੇ ਉਸ ਵੱਲ ਹੌਲੀ ਦੇਣੇ ਦੇਖਿਆ।
‘‘ਸਾਨੂੰ ਹਰ ਰੋਜ਼ ਕੱਢਿਆ ਜਾ ਰਿਹਾ ਆ, ਪੁੱਤ ਤਨਖ਼ਾਹ ‘ਚੋਂ, ਸਿਹਤ ’ਚੋਂ, ਇੱਜ਼ਤ ’ਚੋਂ। ਫ਼ਰਕ ਸਿਰਫ਼ ਇੰਨਾ ਆ ਕਿ ਅਸੀਂ ਇਸ ਨੂੰ ਮੰਨ ਲਿਆ ਹੈ।’’
ਜਗਸੀਰ ਤੇ ਸੁਰਜੀਤ ਦਾ ਇਹ ਸੰਵਾਦ ਕੋਈ ਭਾਸ਼ਣ ਨਹੀਂ ਸੀ। ਇਹ ਇੱਕ ਸੋਚ ਦੀ ਹਵਾਲੇ ਸੀ।
ਉਸੇ ਦਿਨ ਸ਼ਾਮ ਨੂੰ ਇੱਕ ਹੋਰ ਹਾਦਸਾ ਹੋਇਆ। ਇਸ ਵਾਰੀ ਕੋਈ ਨਹੀਂ ਡਿੱਗਿਆ। ਪਰ ਇੱਕ ਮਜ਼ਦੂਰ ਦੇ ਹੱਥ ’ਤੇ ਲੋਹੇ ਦਾ ਗਾਡਰ ਡਿੱਗ ਪਿਆ। ਖ਼ੂਨ ਵਗਣ ਲੱਗ ਪਿਆ। ਠੇਕੇਦਾਰ ਨੇ ਪਹਿਲਾਂ ਤਾਂ ਨਜ਼ਰਅੰਦਾਜ਼ ਕੀਤਾ, ਫਿਰ ਚੀਕਿਆ ‘‘ਡਰਾਮਾ ਨਾ ਕਰੋ! ਕੰਮ ਰੁਕਣਾ ਨਹੀਂ ਚਾਹੀਦਾ।’’ ਉਸ ਪਲ ਸੁਰਜੀਤ ਅੱਗੇ ਆ ਗਿਆ। ਇਹ ਅਚਾਨਕ ਨਹੀਂ ਸੀ। ਇਹ ਕਈ ਸਾਲਾਂ ਦੀ ਚੁੱਪ ਤੋਂ ਬਾਅਦ ਆਇਆ ਕਦਮ ਸੀ। ‘‘ਕੰਮ ਰੁਕਣਾ ਚਾਹੀਦਾ ਆ,’’ ਉਸ ਨੇ ਉਚੀ, ਪਰ ਸਾਫ਼ ਆਵਾਜ਼ ਵਿੱਚ ਕਿਹਾ, ‘‘ਘੱਟੋ-ਘੱਟ ਉਦੋਂ ਤੱਕ, ਜਦੋਂ ਤੱਕ ਉਸ ਦਾ ਹੱਥ ਬੰਨਿਆ ਨਹੀਂ ਜਾਂਦਾ। ਅਸੀਂ ਮਜ਼ਦੂਰ ਆ, ਕਬਾੜ ਨਹੀਂ।’’ ਇਮਾਰਤ ਦੇ ਅੰਦਰ ਅਚਾਨਕ ਖ਼ਾਮੋਸ਼ੀ ਛਾ ਗਈ। ਮਜ਼ਦੂਰਾਂ ਨੇ ਇੱਕ ਦੂਜੇ ਵੱਲ ਤੱਕਿਆ। ਕਿਸੇ ਨੇ ਹੌਲੀ ਨਾਲ ਸੀਮੈਂਟ ਦੀ ਬੋਰੀ ਹੇਠਾਂ ਰੱਖ ਦਿੱਤੀ। ਫਿਰ ਦੂਜੇ ਨੇ।ਫਿਰ ਤੀਜੇ ਨੇ। ਇਹ ਕੋਈ ਐਲਾਨ ਨਹੀਂ ਸੀ। ਇਹ ਬਗ਼ਾਵਤ ਦਾ ਪਹਿਲਾ ਸਾਹ ਸੀ। ਗੁਰਮੇਲ ਦਾ ਚਿਹਰਾ ਲਾਲ ਹੋ ਗਿਆ। ‘‘ਤੂੰ ਸਭ ਨੂੰ ਭੜਕਾ ਰਿਹਾ ਆ!’’ ਸੁਰਜੀਤ ਨੇ ਕੁੱਝ ਕੁ ਠਹਿਰ ਕੇ ਦਿੱਤਾ ਜਵਾਬ ਦਿੱਤਾ। ਉਹ ਜਵਾਬ ਜੋ ਉਸ ਨੇ ਕਈ ਰਾਤਾਂ ਵਿੱਚ ਸੋਚਿਆ ਸੀ। ‘‘ਮੈਂ ਕਿਸੇ ਨੂੰ ਭੜਕਾ ਨਹੀਂ ਰਿਹਾ। ਮੈਂ ਸਿਰਫ਼ ਇਹ ਯਾਦ ਦਿਵਾ ਰਿਹਾ ਆ ਕਿ ਅਸੀਂ ਇਨਸਾਨ ਆ। ਜੇ ਇਹ ਭੜਕਾਉਣਾ ਆ ਤਾਂ ਫਿਰ ਸ਼ਾਇਦ ਇਹ ਸ਼ਹਿਰ ਹੀ ਸਾਨੂੰ ਸਾਲਾਂ ਤੋਂ ਭੜਕਾ ਰਿਹਾ ਆ।’’ ਕੱੁਝ ਮਜ਼ਦੂਰ ਪਿੱਛੇ ਹਟ ਗਏ। ਡਰ ਹਾਲੇ ਵੀ ਸੀ। ਪਰ ਕੱੁਝ ਪੰਜ, ਛੇ ਸੁਰਜੀਤ ਦੇ ਨਾਲ ਖੜੇ ਰਹੇ। ਇਹ ਗਿਣਤੀ ਘੱਟ ਸੀ। ਪਰ ਇਹ ਸ਼ੁਰੂਆਤ ਸੀ। ਬਗ਼ਾਵਤ ਕਦੇ ਭੀੜ ਨਾਲ ਸ਼ੁਰੂ ਨਹੀਂ ਹੁੰਦੀ। ਇਹ ਹਮੇਸ਼ਾ ਥੋੜਿਆਂ ਜਣਿਆ ਨਾਲ ਸ਼ੁਰੂ ਹੁੰਦੀ ਹੈ। ਘਰ ਵਾਪਸ ਆ ਕੇ ਹਰਜੀਤ ਕੌਰ ਨੇ ਉਸ ਦਾ ਚਿਹਰਾ ਵੇਖਿਆ ਅਤੇ ਸਮਝ ਗਈ ਕਿ ਅੱਜ ਕੁੱਝ ਬਦਲਿਆ ਹੈ। ‘‘ਤੂੰ ਕੁੱਝ ਕੀਤਾ ਆ,’’ ਉਸ ਨੇ ਕਿਹਾ। ‘‘ਮੈਂ ਸਿਰਫ਼ ਇੰਨਾ ਕੀਤਾ ਆ ਕਿ ਅੱਜ ਮੈਂ ਚੁੱਪ ਨਹੀਂ ਰਿਹਾ।ਮੈਨੂੰ ਨਹੀਂ ਪਤਾ ਕੱਲ ਕੀ ਹੋਵੇਗਾ। ਨੌਕਰੀ ਰਹੇਗੀ ਜਾਂ ਨਹੀਂ, ਮੁਸ਼ਕਲ ਵਧੇਗੀ ਜਾਂ ਨਹੀਂ। ਪਰ ਇਹ ਪਤਾ ਆ ਕਿ ਜੇ ਅੱਜ ਵੀ ਚੁੱਪ ਰਹਿੰਦਾ ਤਾਂ ਮੈਂ ਆਪਣੇ ਆਪ ਤੋਂ ਡਰਦਾ।’’ ਸੁਰਜੀਤ ਨੇ ਹਰਜੀਤ ਨੂੰ ਜੁਆਬ ਦਿੱਤਾ। ਹਰਜੀਤ ਕੌਰ ਨੇ ਅੱਗੇ ਕੁੱਝ ਨਹੀਂ ਕਿਹਾ। ਉਸ ਦੀਆਂ ਅੱਖਾਂ ਵਿੱਚ ਡਰ ਵੀ ਸੀ ਅਤੇ ਮਾਣ ਵੀ। ਇਹ ਦੋਵੇਂ ਇਕੱਠੇ ਰਹਿੰਦੇ ਨੇ, ਜਿੱਥੇ ਬਗ਼ਾਵਤ ਦੀ ਸ਼ੁਰੂਆਤ ਹੁੰਦੀ ਹੈ। ਰਾਤ ਨੂੰ ਸ਼ਹਿਰ ਦੀਆਂ ਆਵਾਜ਼ਾਂ ਆਮ ਸਨ। ਗੱਡੀਆਂ, ਸਾਇਰਨ, ਰੌਲਾ-ਰੱਪੇ। ਪਰ ਸੁਰਜੀਤ ਨੂੰ ਲੱਗਿਆ ਜਿਵੇਂ ਇਨਾਂ ਸਾਰੀਆਂ ਆਵਾਜ਼ਾਂ ਹੇਠਾਂ ਇੱਕ ਹੋਰ ਆਵਾਜ਼ ਜਨਮ ਲੈ ਰਹੀ ਹੈ ਹੌਲੀ, ਅਡਿੱਗ, ਦੱਬੀ ਹੋਈ ਨਹੀਂ। ਇਹ ਪੂਰੀ ਬਗ਼ਾਵਤ ਨਹੀਂ ਸੀ। ਪਰ ਇਹ ਉਸ ਦੀ ਸ਼ੁਰੂਆਤ ਸੀ। ਦਬਾਅ ਕਦੇ ਅਚਾਨਕ ਨਹੀਂ ਪੈਂਦਾ। ਇਹ ਹੌਲੀ-ਹੌਲੀ ਆਉਂਦਾ ਹੈ। ਪਹਿਲਾਂ ਹਵਾ ਵਿੱਚ, ਫਿਰ ਗੱਲਾਂ ਵਿੱਚ ਅਤੇ ਆਖ਼ਰ ਮਨੁੱਖ ਦੇ ਸਾਹਾਂ ਵਿੱਚ। ਸੁਰਜੀਤ ਸਿੰਘ ਨੇ ਇਹ ਦਬਾਅ ਅਗਲੇ ਹੀ ਦਿਨ ਮਹਿਸੂਸ ਕਰ ਲਿਆ ਸੀ। ਸਾਈਟ ’ਤੇ ਪਹੁੰਚ ਕੇ ਉਸ ਨੂੰ ਪਤਾ ਲੱਗ ਗਿਆ ਕਿ ਅੱਜ ਕੱੁਝ ਵੱਖਰਾ ਹੈ। ਉਸ ਦਾ ਨਾਂ ਹਾਜ਼ਰੀ ਰਜਿਸਟਰ ਵਿੱਚ ਨਹੀਂ ਸੀ। ਕਿਸੇ ਨੇ ਖੁੱਲ ਕੇ ਨਹੀਂ ਕਿਹਾ ਕਿ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਪਰ ਕਿਸੇ ਨੇ ਉਸ ਨੂੰ ਕੰਮ ਵੀ ਨਹੀਂ ਦਿੱਤਾ। ਇਹ ਸ਼ਹਿਰ ਦਾ ਸਭ ਤੋਂ ਖ਼ਤਰਨਾਕ ਹਥਿਆਰ ਹੁੰਦਾ ਹੈ ਅਣਡਿੱਠਾ ਕਰ ਦੇਣਾ। ਉਹ ਲੋਹੇ ਦੇ ਸਰੀਏ ਦੀਆਂ ਛੜਾਂ ਕੋਲ ਖੜਾ ਰਿਹਾ। ਸਮਾਂ ਲੰਘਦਾ ਰਿਹਾ।ਮਜ਼ਦੂਰ ਆਉਂਦੇ-ਜਾਂਦੇ ਰਹੇ। ਕੁੱਝ ਨੇ ਉਸ ਵੱਲ ਵੇਖਿਆ, ਪਰ ਨਜ਼ਰਾਂ ਥੱਲੇ ਕਰਲੀਆਂ। ਇਹ ਨਜ਼ਰਾਂ ਬੇਇਨਸਾਫ਼ ਨਹੀਂ ਸਨ। ਇਹ ਡਰੀਆਂ ਹੋਈਆਂ ਸਨ। ਸੁਰਜੀਤ ਨੂੰ ਇਹ ਗੱਲ ਚੁਭੀ ਨਹੀਂ। ਉਸ ਨੂੰ ਪਤਾ ਸੀ ਕਿ ਡਰ ਕਿਸੇ ਦਾ ਕਿਰਦਾਰ ਨਹੀਂ, ਹਾਲਾਤ ਹੁੰਦੇ ਨੇ। ਥੋੜੀ ਦੇਰ ਬਾਅਦ ਠੇਕੇਦਾਰ ਗੁਰਮੇਲ ਆਇਆ। ਉਹ ਸਿੱਧੀ ਗੱਲ ਨਹੀਂ ਕਰਦਾ ਸੀ। ਉਹ ਗੋਲ ਗੱਲ ਕਰਦਾ ਸੀ, ਜਿਵੇਂ ਹਰ ਸ਼ਬਦ ਨਾਲ ਦਾਇਰਾ ਖਿੱਚ ਰਿਹਾ ਹੋਵੇ। ‘‘ਸੁਰਜੀਤ,’’ ਉਸ ਨੇ ਹੌਲੀ, ਨਰਮ ਆਵਾਜ਼ ਵਿੱਚ ਕਿਹਾ, ‘‘ਇੱਥੇ ਕੰਮ ਕਰਨ ਲਈ ਡਿਸਿਪਲਿਨ ਚਾਹੀਦਾ ਆ। ਸਾਨੂੰ ਮੁਸ਼ਕਲ ਪੈਦਾ ਕਰਨ ਵਾਲੇ ਲੋਕ ਨਹੀਂ ਚਾਹੀਦੇ।’’ ਸੁਰਜੀਤ ਨੇ ਲੰਮੀ ਗੱਲ ਸ਼ੁਰੂ ਕੀਤੀ। ਉਹ ਗੱਲ ਜੋ ਸਾਲਾਂ ਤੋਂ ਉਸ ਦੇ ਅੰਦਰ ਪੱਕ ਰਹੀ ਸੀ। ‘‘ਜੇ ਡਿਸਿਪਲਿਨ ਦਾ ਮਤਲਬ ਚੁੱਪ ਰਹਿਣਾ ਆ ਤਾਂ ਫਿਰ ਇਹ ਡਿਸਿਪਲਿਨ ਨਹੀਂ, ਡਰ ਆ। ਮੈਂ ਕਿਸੇ ਨੂੰ ਭੜਕਾਇਆ ਨਹੀਂ। ਮੈਂ ਸਿਰਫ਼ ਇਹ ਕਿਹਾ ਕਿ ਜ਼ਖ਼ਮੀ ਮਜ਼ਦੂਰ ਦਾ ਇਲਾਜ ਹੋਵੇ। ਜੇ ਇਹ ਗ਼ਲਤੀ ਆ ਤਾਂ ਫਿਰ ਇਹ ਗ਼ਲਤੀ ਮੈਂ ਮੁੜ ਕਰਾਂਗਾ।’’ ਗੁਰਮੇਲ ਨੇ ਹਲਕਾ ਜਿਹਾ ਹੱਸ ਕੇ ਕਿਹਾ, ‘‘ਬਹੁਤਾ ਹੀਰੋ ਨਾ ਬਣ। ਸ਼ਹਿਰ ਵਿੱਚ ਹੀਰੋ ਭੁੱਖੇ ਮਰ ਜਾਂਦੇ ਨੇ।’’ ਇਹ ਧਮਕੀ ਸਿੱਧੀ ਨਹੀਂ ਸੀ, ਪਰ ਦਿੱਤੀ ਇਹ ਧਮਕੀ ਹੀ ਸੀ। ਦੁਪਹਿਰ ਤੱਕ ਸੁਰਜੀਤ ਨੂੰ ਸਮਝ ਆ ਗਈ ਕਿ ਅੱਜ ਦੀ ਦਿਹਾੜੀ ਗਈ। ਸ਼ਾਮ ਤੱਕ ਇਹ ਗੱਲ ਪੱਕੀ ਹੋ ਗਈ ਕਿ ਕੱਲ ਦੀ ਵੀ ਸ਼ਾਇਦ ਨਾ ਮਿਲੇ। ਇਹ ਦਬਾਅ ਸਰੀਰ ’ਤੇ ਨਹੀਂ ਸੀ, ਇਹ ਰੋਟੀ ’ਤੇ ਸੀ। ਸ਼ਹਿਰ ਵਿੱਚ ਰੋਟੀ ਸਭ ਤੋਂ ਪਹਿਲਾਂ ਚੁੱਪ ਕਰਵਾਉਂਦੀ ਹੈ। ਘਰ ਆ ਕੇ ਹਰਜੀਤ ਕੌਰ ਨੇ ਪੁੱਛਿਆ ਨਹੀਂ, ਸਿਰਫ਼ ਉਸ ਦੇ ਚਿਹਰੇ ਨੂੰ ਵੇਖਿਆ। ‘‘ਅੱਜ ਕੰਮ ਨਹੀਂ ਮਿਲਿਆ?’’ ਸੁਰਜੀਤ ਨੇ ਸਿਰ ਹਿਲਾ ਦਿੱਤਾ। ਹਰਜੀਤ ਨੇ ਬਹੁਤ ਲੰਮਾ, ਟੁੱਟਦਾ ਹੋਇਆ ਸੰਵਾਦ ਕੀਤਾ। ਉਹ ਸੰਵਾਦ ਜੋ ਸਿਰਫ਼ ਜੀਵਨ ਸਾਥੀ ਕਰ ਸਕਦੇ ਨੇ। ‘‘ਮੈਂ ਤੈਨੂੰ ਰੋਕਣਾ ਨਹੀਂ ਚਾਹੁੰਦੀ।ਪਰ ਡਰ ਲੱਗਦਾ ਆ। ਬੱਚਿਆਂ ਦੀ ਫ਼ੀਸ, ਕਿਰਾਇਆ, ਰਾਸ਼ਨ ਇਹ ਸਭ ਬਗ਼ਾਵਤ ਨਹੀਂ ਸਮਝਦੇ।ਇਹ ਸਿਰਫ਼ ਪੈਸਾ ਮੰਗਦੇ ਨੇ। ਜੇ ਤੂੰ ਟੁੱਟ ਗਿਆ ਤਾਂ ਮੈਂ ਵੀ ਟੁੱਟ ਜਾਵਾਂਗੀ ਅਤੇ ਜੇ ਅਸੀਂ ਦੋਵੇਂ ਟੁੱਟ ਗਏ, ਤਾਂ ਬੱਚੇ ਕਿਵੇਂ ਖੜੇ ਰਹਿਣਗੇ?’’ ਸੁਰਜੀਤ ਨੇ ਉਸ ਦੀ ਗੱਲ ਪੂਰੀ ਸੁਣੀ। ਉਸ ਨੇ ਕੋਈ ਵੱਡਾ ਵਾਅਦਾ ਨਹੀਂ ਕੀਤਾ। ‘‘ਮੈਨੂੰ ਪਤਾ ਆ ਕਿ ਇਹ ਰਾਹ ਸੌਖਾ ਨਹੀਂ। ਪਰ ਜੇ ਮੈਂ ਅੱਜ ਪਿੱਛੇ ਹਟ ਗਿਆ ਤਾਂ ਮੈਂ ਹਰ ਰੋਜ਼ ਥੋੜਾ-ਥੋੜਾ ਮਰਾਂਗਾ ਅਤੇ ਮੈਂ ਇਹ ਮੌਤ ਆਪਣੇ ਬੱਚਿਆਂ ਲਈ ਮਿਸਾਲ ਨਹੀਂ ਬਣਾਉਣਾ ਚਾਹੁੰਦਾ।’’ ਇਹ ਸੰਵਾਦ ਕਿਸੇ ਨਤੀਜੇ ’ਤੇ ਨਹੀਂ ਪਹੁੰਚਿਆ। ਪਰ ਇਹ ਸੱਚ ’ਤੇ ਖੜਾ ਸੀ। ਅਗਲੇ ਕੁੱਝ ਦਿਨ ਸੁਰਜੀਤ ਲਈ ਸਭ ਤੋਂ ਭਾਰੀ ਸਨ। ਕਦੇ ਉਸ ਨੂੰ ਕੰਮ ਮਿਲਦਾ, ਕਦੇ ਨਹੀਂ। ਕਦੇ ਪੂਰੀ ਦਿਹਾੜੀ, ਕਦੇ ਅੱਧੀ। ਇਹ ਅਸਥਿਰਤਾ ਹੀ ਦਬਾਅ ਦਾ ਸਭ ਤੋਂ ਵੱਡਾ ਰੂਪ ਸੀ। ਜਗਸੀਰ ਅਤੇ ਹੋਰ ਕੱੁਝ ਮਜ਼ਦੂਰ ਚੁੱਪ ਚਾਪ ਉਸ ਨਾਲ ਗੱਲ ਕਰਦੇ ਰਹੇ। ਪਰ ਖੁੱਲ ਕੇ ਕੋਈ ਸਾਹਮਣੇ ਨਹੀਂ ਆਇਆ। ਇੱਥੇ ਹਰ ਕੋਈ ਆਪਣੀ ਭੁੱਖ ਨਾਲ ਲੜ ਰਿਹਾ ਸੀ। ਇੱਕ ਸ਼ਾਮ ਜਗਸੀਰ ਨੇ ਹੌਲੀ ਆਵਾਜ਼ ਵਿੱਚ ਕਿਹਾ, ‘‘ਵੀਰ, ਉਹ ਕਹਿੰਦੇ ਨੇ ਜੇ ਤੁਸੀਂ ਚੁੱਪ ਹੋ ਜਾਓ ਤਾਂ ਸਭ ਠੀਕ ਹੋ ਜਾਵੇਗਾ।’’ ਸੁਰਜੀਤ ਨੇ ਜਵਾਬ ਦਿੱਤਾ ਬਿਨਾਂ ਗ਼ੁੱਸੇ, ਬਿਨਾਂ ਤੰਜ਼। ‘‘ਚੁੱਪ ਹੋ ਜਾਣ ਨਾਲ ਮਸਲਾ ਹੱਲ ਨਹੀਂ ਹੁੰਦਾ, ਪੁੱਤ। ਚੁੱਪ ਹੋ ਜਾਣਾ ਸਿਰਫ਼ ਸਮਾਂ ਖ਼ਰੀਦਦਾ ਆ। ਉਹ ਸਮਾਂ, ਜਿਸ ਵਿੱਚ ਸਿਸਟਮ ਹੋਰ ਮਜ਼ਬੂਤ ਹੋ ਜਾਂਦਾ ਆ। ਜੇ ਅੱਜ ਮੈਂ ਚੁੱਪ ਹੋ ਗਿਆ ਤਾਂ ਕੱਲ ਮੇਰੀ ਜਗਾ ਕਿਸੇ ਹੋਰ ਦੀ ਵਾਰੀ ਹੋਵੇਗੀ।’’ ਉਸ ਰਾਤ ਸੁਰਜੀਤ ਬਹੁਤ ਦੇਰ ਤੱਕ ਜਾਗਦਾ ਰਿਹਾ। ਬਾਹਰ ਸ਼ਹਿਰ ਦੀ ਰੌਣਕ ਸੀ। ਪਰ ਉਸ ਦੀ ਝੁੱਗੀ ਅੰਦਰ ਇੱਕ ਚੁੱਪ ਜੰਗ ਚੱਲ ਰਹੀ ਸੀ ਭੁੱਖ ਅਤੇ ਇੱਜ਼ਤ ਦੀ। ਉਹ ਜਾਣਦਾ ਸੀ ਕਿ ਦਬਾਅ ਹੋਰ ਵਧੇਗਾ।ਇਹ ਸਿਰਫ਼ ਸ਼ੁਰੂਆਤ ਸੀ। ਉਹ ਇਹ ਵੀ ਜਾਣਦਾ ਸੀ ਕਿ ਦਬਾਅ ਮਨੁੱਖ ਨੂੰ ਝੁਕਾਉਂਦਾ ਨਹੀਂ, ਸਗੋਂ ਸਾਫ਼ ਕਰ ਦਿੰਦਾ ਹੈ ਤਾਂ ਫਿਰ ਫ਼ੈਸਲੇ ਨੇੜੇ ਆ ਜਾਂਦੇ ਨੇ। ਕੀਮਤ ਹਮੇਸ਼ਾ ਪਹਿਲਾਂ ਨਹੀਂ ਦੱਸੀ ਜਾਂਦੀ। ਇਹ ਬਾਅਦ ਵਿੱਚ ਸਮਝ ਆਉਂਦੀ ਹੈ। ਜਦੋਂ ਘਰ ਵਿੱਚ ਚੁੱਲਾ ਠੰਢਾ ਰਹਿ ਜਾਵੇ, ਜਦੋਂ ਬੱਚਾ ਸਕੂਲ ਜਾਣ ਤੋਂ ਪਹਿਲਾਂ ਮਾਂ ਵੱਲ ਵੇਖ ਕੇ ਚੁੱਪ ਹੋ ਜਾਵੇ ਅਤੇ ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾਉਂਦਾ ਫਿਰੇ ਕਿ ‘‘ਮੈਂ ਗ਼ਲਤ ਨਹੀਂ ਸੀ।’’ ਸੁਰਜੀਤ ਸਿੰਘ ਲਈ ਇਹ ਸਾਰੇ ਪਲ ਇੱਕ-ਇੱਕ ਕਰਕੇ ਆ ਰਹੇ ਸਨ। ਉਸ ਦੀ ਬਗ਼ਾਵਤ ਹੁਣ ਸਾਈਟ ਤੱਕ ਸੀਮਿਤ ਨਹੀਂ ਰਹੀ ਸੀ। ਇਹ ਉਸ ਦੇ ਘਰ, ਉਸ ਦੇ ਰਿਸ਼ਤਿਆਂ ਅਤੇ ਉਸ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਦਾਖ਼ਲ ਹੋ ਚੁੱਕੀ ਸੀ। ਪੰਜਵੇਂ ਦਿਨ ਜਦੋਂ ਉਸ ਨੂੰ ਫਿਰ ਕੰਮ ਨਹੀਂ ਮਿਲਿਆ ਤਾਂ ਇਹ ਸਿਰਫ਼ ਇਤਫ਼ਾਕ ਨਹੀਂ ਰਿਹਾ। ਹੁਣ ਇਹ ਸਜ਼ਾ ਸੀ।ਠੇਕੇਦਾਰ ਨੇ ਖੁੱਲ ਕੇ ਕੁਝ ਨਹੀਂ ਕਿਹਾ, ਪਰ ਹਰ ਮਜ਼ਦੂਰ ਜਾਣਦਾ ਸੀ ਕਿ ਸੁਰਜੀਤ ਨੂੰ ‘‘ਸਿਖਾਇਆ’’ ਜਾ ਰਿਹਾ ਹੈ। ਸਾਈਟ ’ਤੇ ਉਸ ਦੀ ਮੌਜੂਦਗੀ ਇੱਕ ਚੁੱਪ ਚੇਤਾਵਨੀ ਬਣ ਗਈ ਸੀ। ਜੋ ਬੋਲੇਗਾ, ਉਸ ਨਾਲ ਇਹੀ ਹੋਵੇਗਾ। ਸੁਰਜੀਤ ਖੜਾ ਰਹਿੰਦਾ, ਸੀਮੈਂਟ ਦੀ ਧੂੜ ਨੂੰ ਤੱਕਦਾ ਅਤੇ ਆਪਣੇ ਆਪ ਨੂੰ ਯਾਦ ਦਿਵਾਉਂਦਾ ਕਿ ਇਹ ਧੂੜ ਸਿਰਫ਼ ਅੱਖਾਂ ਨਹੀਂ ਸਾੜਦੀ, ਇਹ ਜ਼ਮੀਰ ਵੀ ਸਾੜਦੀ ਹੈ। ਉਸ ਦਿਨ ਦੁਪਹਿਰ ਨੂੰ ਜਗਸੀਰ ਉਸ ਕੋਲ ਆਇਆ। ਉਸ ਦੀ ਆਵਾਜ਼ ਹੌਲੀ ਸੀ, ਪਰ ਅੰਦਰੋਂ ਟੁੱਟੀ ਹੋਈ। ‘‘ਵੀਰ, ਮੇਰਾ ਨਾਂ ਵੀ ਕੱਲ ਹਾਜ਼ਰੀ ’ਚ ਕੱਟ ਦਿੱਤਾ ਗਿਆ ਸੀ। ਉਹ ਕਹਿੰਦੇ ਨੇ, ਮੈਂ ਤੁਹਾਡੇ ਨੇੜੇ ਜ਼ਿਆਦਾ ਰਹਿੰਦਾ ਆ।’’ ਸੁਰਜੀਤ ਨੇ ਉਸ ਵੱਲ ਧਿਆਨ ਨਾਲ ਵੇਖਿਆ। ਇਹ ਪਲ ਉਸ ਲਈ ਸਭ ਤੋਂ ਭਾਰੀ ਸਨ। ਜਦੋਂ ਉਸ ਦੀ ਲੜਾਈ ਦੀ ਕੀਮਤ ਹੋਰ ਲੋਕ ਭੁਗਤ ਰਹੇ ਸਨ। ਉਸ ਨੇ ਲੰਮਾ, ਸੰਭਲਿਆ ਹੋਇਆ ਸੰਵਾਦ ਕੀਤਾ। ‘‘ਪੁੱਤ, ਜੇ ਤੂੰ ਪਿੱਛੇ ਹਟਣਾ ਚਾਹੁੰਦਾ ਆ ਤਾਂ ਹਟ ਜਾ। ਇਹ ਤੇਰੀ ਹਾਰ ਨਹੀਂ ਹੋਵੇਗੀ। ਬਗ਼ਾਵਤ ਹਰ ਕਿਸੇ ਲਈ ਨਹੀਂ ਹੁੰਦੀ। ਮੈਂ ਇਹ ਰਾਹ ਚੁਣਿਆ ਆ। ਤੈਨੂੰ ਮਜ਼ਬੂਰ ਨਹੀਂ ਕਰਨਾ ਚਾਹੁੰਦਾ ਮੈਂ।’’ ਜਗਸੀਰ ਦੀਆਂ ਅੱਖਾਂ ਭਰ ਗਈਆਂ। ‘‘ਪਰ ਜੇ ਅਸੀਂ ਸਭ ਪਿੱਛੇ ਹਟ ਗਏ ਤਾਂ ਫਿਰ ਬਦਲੇਗਾ ਕੀ?’’ ਸੁਰਜੀਤ ਕੋਲ ਇਸ ਦਾ ਸੌਖਾ ਜਵਾਬ ਨਹੀਂ ਸੀ। ‘‘ਸ਼ਾਇਦ ਕੁੱਝ ਵੀ ਨਾ ਬਦਲੇ,’’ ਉਸ ਨੇ ਸੱਚ ਕਿਹਾ, ‘‘ਪਰ ਘੱਟੋ-ਘੱਟ ਇਹ ਤਾਂ ਰਹੇਗਾ ਕਿ ਕਿਸੇ ਨੇ ਕੋਸ਼ਿਸ਼ ਕੀਤੀ ਸੀ।’’ ਘਰ ਵਿੱਚ ਹਾਲਾਤ ਹੋਰ ਤੰਗ ਹੋ ਗਏ ਸਨ। ਹਰਜੀਤ ਕੌਰ ਰਾਸ਼ਨ ਹੌਲੀ-ਹੌਲੀ ਖ਼ਤਮ ਹੁੰਦਾ ਵੇਖ ਰਹੀ ਸੀ। ਉਸ ਨੇ ਇੱਕ ਸ਼ਾਮ ਅੰਦਰੋਂ ਰੋਇਆ ਹੋਇਆ ਸੰਵਾਦ ਕੀਤਾ। ਉਹ ਸੰਵਾਦ ਜੋ ਪਿਆਰ ਅਤੇ ਡਰ ਦੋਵਾਂ ਨਾਲ ਭਰਿਆ ਹੁੰਦਾ ਹੈ। ‘‘ਮੈਂ ਤੇਰੇ ਨਾਲ ਖੜੀ ਆ, ਸੁਰਜੀਤ।ਪਰ ਮੈਨੂੰ ਇਹ ਵੀ ਦੱਸ ਕਿ ਅਸੀਂ ਕਿੰਨਾ ਸਹਿਣਾ ਆ। ਹਰ ਦਿਨ ਬੱਚਿਆਂ ਨੂੰ ਸਮਝਾਉਣਾ ਕਿ ‘ਕੱਲ’ ਕਿਉਂ ਨਹੀਂ ਆਇਆ। ਇਹ ਵੀ ਇੱਕ ਜ਼ੁਲਮ ਆ।ਮੈਂ ਨਹੀਂ ਚਾਹੁੰਦੀ ਕਿ ਉਹ ਸਿੱਖਣ ਕਿ ਇੱਜ਼ਤ ਦੀ ਕੀਮਤ ਭੁੱਖ ਹੁੰਦੀ ਆ।’’ ‘‘ਮੈਨੂੰ ਪਤਾ ਆ ਕਿ ਮੈਂ ਤੈਨੂੰ ਇਸ ਲੜਾਈ ਵਿੱਚ ਖਿੱਚ ਲਿਆ ਆ। ਪਰ ਜੇ ਅਸੀਂ ਅੱਜ ਇਹ ਬੱਚਿਆਂ ਨੂੰ ਨਹੀਂ ਦੱਸਿਆ ਕਿ ਗ਼ਲਤ ਦੇ ਸਾਹਮਣੇ ਖੜਾ ਹੋਣਾ ਵੀ ਜ਼ਿੰਦਗੀ ਹੁੰਦੀ ਆ ਤਾਂ ਉਹ ਸਿਰਫ਼ ਜਿਊਣ ਸਿੱਖਣਗੇ, ਇਨਸਾਨ ਨਹੀਂ ਬਣਨਾ।’’ ਸੁਰਜੀਤ ਦੀ ਆਵਾਜ਼ ਭਾਰੀ ਹੋ ਗਈ, ਪਰ ਉਸ ਨੇ ਆਪਣੀ ਗੱਲ ਪੂਰੀ ਕੀਤੀ। ਇਹ ਸੰਵਾਦ ਕਿਸੇ ਸਮਝੌਤੇ ’ਤੇ ਖ਼ਤਮ ਨਹੀਂ ਹੋਇਆ। ਅਸਲੀ ਕੀਮਤ ਉਸ ਸ਼ਾਮ ਸਾਹਮਣੇ ਆਈ, ਜਦੋਂ ਸਾਈਟ ’ਤੇ ਇੱਕ ਵੱਡਾ ਹਾਦਸਾ ਹੋਇਆ। ਲਿਫ਼ਟ ਦੀ ਤਾਰ ਟੁੱਟ ਗਈ। ਇੱਕ ਬਲਵਿੰਦਰ ਨਾਂ ਦਾ ਮਜ਼ਦੂਰ ਹੇਠਾਂ ਡਿੱਗ ਪਿਆ। ਇਸ ਵਾਰੀ ਮੌਤ ਤੁਰੰਤ ਨਹੀਂ ਆਈ, ਪਰ ਜ਼ਖ਼ਮ ਅਜਿਹੇ ਸਨ ਕਿ ਹਰ ਕੋਈ ਜਾਣਦਾ ਸੀ, ਇਹ ਹਾਦਸਾ ਨਹੀਂ, ਲਾਪਰਵਾਹੀ ਸੀ। ਸਾਈਟ ਕੁੱਝ ਸਮੇਂ ਲਈ ਰੁਕ ਗਈ। ਪੁਲਿਸ ਆਈ। ਸਵਾਲ ਹੋਏ ਅਤੇ ਪਹਿਲੀ ਵਾਰ ਸੁਰਜੀਤ ਨੂੰ ਅੱਗੇ ਕਰਕੇ ਪੁੱਛਿਆ ਗਿਆ। ਇਹ ਪੁੱਛਗਿੱਛ ਦੋ ਧਿਰਾਂ ਵਾਲੀ ਸੀ। ਇੱਕ ਸੱਚ ਦੀ, ਦੂਜੀ ਦੋਸ਼ ਦੀ।ਠੇਕੇਦਾਰ ਨੇ ਹੌਲੀ-ਹੌਲੀ ਇਹ ਸੰਕੇਤ ਦਿੱਤਾ ਕਿ ‘‘ਮਜ਼ਦੂਰਾਂ ਵਿੱਚ ਬਗਾਵਤੀ ਮਾਹੌਲ’’ ਕਾਰਨ ਕੰਮ ਪ੍ਰਭਾਵਿਤ ਹੋਇਆ।ਸੁਰਜੀਤ ਨੇ ਇਹ ਸੁਣ ਕੇ ਬਿਲਕੁਲ ਸਾਫ਼ ਜਵਾਬ ਦਿੱਤਾ। ਉਹ ਜਵਾਬ ਜੋ ਉਸ ਦੀ ਲੜਾਈ ਦੀ ਸਭ ਤੋਂ ਵੱਡੀ ਕੀਮਤ ਬਣ ਸਕਦਾ ਸੀ। ‘‘ਜੇ ਸੁਰੱਖਿਆ ਦੀ ਮੰਗ ਕਰਨੀ ਬਗ਼ਾਵਤ ਆ ਤਾਂ ਹਾਂ ਅਸੀਂ ਬਗਾਵਤੀ ਆ।ਪਰ ਜੇ ਤੁਸੀਂ ਇਸ ਹਾਦਸੇ ਦਾ ਦੋਸ਼ ਸਾਡੀ ਆਵਾਜ਼ ’ਤੇ ਪਾਉਂਦੇ ਹੋ ਤਾਂ ਇਹ ਸ਼ਹਿਰ ਸਿਰਫ਼ ਇਮਾਰਤਾਂ ਨਹੀਂ ਬਣਾਉਂਦਾ, ਇਹ ਕਬਰਾਂ ਵੀ ਬਣਾਉਂਦਾ ਆ।’’ ਇਹ ਸ਼ਬਦ ਰਿਕਾਰਡ ਕੀਤੇ ਗਏ। ਇਹੀ ਉਸ ਦੀ ਕੀਮਤ ਸੀ। ਉਸ ਰਾਤ ਸੁਰਜੀਤ ਨੂੰ ਪਤਾ ਸੀ ਕਿ ਹੁਣ ਪਿੱਛੇ ਮੁੜਨ ਦਾ ਰਸਤਾ ਨਹੀਂ। ਉਸ ਨੇ ਘਰ ਆ ਕੇ ਹਰਜੀਤ ਅਤੇ ਬੱਚਿਆਂ ਵੱਲ ਵੇਖਿਆ। ਉਹਨਾਂ ਦੀ ਨੀਂਦ ਸੌਖੀ ਨਹੀਂ ਸੀ, ਪਰ ਸੱਚੀ ਸੀ। ਉਸ ਨੇ ਆਪਣੇ ਆਪ ਨੂੰ ਕਿਹਾ ਕਿ ਜੇ ਇੱਜ਼ਤ ਬਚੀ ਰਹੀ ਤਾਂ ਭੁੱਖ ਨੂੰ ਸਹਿਣਾ ਸਿਖਾਇਆ ਜਾ ਸਕਦਾ ਹੈ। ਪਰ ਜੇ ਇੱਜ਼ਤ ਗਈ ਤਾਂ ਸਭ ਕੁਝ ਖ਼ਾਲੀ ਰਹਿ ਜਾਂਦਾ ਹੈ। ਇੰਨੇ ਹਾਦਸਿਆਂ ਤੋਂ ਬਾਅਦ ਸਾਈਟ ਪਹਿਲਾਂ ਵਰਗੀ ਨਹੀਂ ਰਹੀ। ਕੰਮ ਚੱਲ ਰਿਹਾ ਸੀ, ਪਰ ਡਰ ਨਾਲ। ਹਰ ਲੋਹੇ ਦਾ ਸਰੀਆ, ਹਰ ਰੱਸੀ, ਹਰ ਲਿਫ਼ਟ ਹੁਣ ਸਿਰਫ਼ ਸੰਦ ਨਹੀਂ ਰਹੇ।ਉਹ ਸੰਭਾਵੀ ਮੌਤ ਬਣ ਗਏ ਸਨ। ਬਲਵਿੰਦਰ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਪਿਆ ਸੀ ਅਤੇ ਸੁਰਜੀਤ ਸਿੰਘ ਪਹਿਲੀ ਵਾਰ ਸਮਝ ਰਿਹਾ ਸੀ ਕਿ ਬਗ਼ਾਵਤ ਦੀ ਸਭ ਤੋਂ ਵੱਡੀ ਕਸੌਟੀ ਨਾਅਰਿਆਂ ਵਿੱਚ ਨਹੀਂ, ਇੰਤਜ਼ਾਰ ਵਿੱਚ ਹੁੰਦੀ ਹੈ। ਪੁਲਿਸ ਦੀ ਪੁੱਛਗਿੱਛ, ਠੇਕੇਦਾਰ ਦੀ ਚੁੱਪ ਅਤੇ ਸਿਸਟਮ ਦੀ ਕੰਮ ਵਿੱਚ ਦੇਰੀ। ਉਸ ਨੂੰ ਦੋ ਵਾਰ ਥਾਣੇ ਬੁਲਾਇਆ ਗਿਆ।ਨਾ ਕਿਸੇ ਨੇ ਮਾਰਿਆ, ਨਾ ਕੋਈ ਉਸ ’ਤੇ ਚੀਕਿਆ। ਸਿਰਫ਼ ਇਹ ਦੱਸਿਆ ਗਿਆ ਕਿ ‘‘ਸਮਝਦਾਰ ਬਣ ਜਾਓ।’’ ਇਹੀ ਸ਼ਹਿਰੀ ਜ਼ੁਲਮ ਦਾ ਸਭ ਤੋਂ ਸਾਫ਼ ਰੂਪ ਹੁੰਦਾ ਹੈ, ਡਰ ਨੂੰ ਨਰਮੀ ਨਾਲ ਪਿਲਾਉਣਾ। ਇੱਕ ਅਫ਼ਸਰ ਨੇ ਸਾਫ਼ ਕਿਹਾ, ‘‘ਤੁਸੀਂ ਗੱਲਾਂ ਬਹੁਤ ਕਰਦੇ ਹੋ।ਇਹ ਗੱਲਾਂ ਕਾਗ਼ਜ਼ਾਂ ‘ਚ ਚੰਗੀਆਂ ਨਹੀਂ ਲੱਗਦੀਆਂ।’’ ਸੁਰਜੀਤ ਨੇ ਠਹਿਰ ਕੇ ਦਿੱਤਾ ਜਵਾਬ ਦਿੱਤਾ। ਉਹ ਜਵਾਬ ਜੋ ਹੁਣ ਉਸ ਦੀ ਆਦਤ ਬਣ ਚੁੱਕਾ ਸੀ। ‘‘ਸਾਹਿਬ, ਜੇ ਗੱਲਾਂ ਨਾ ਕਰੀਏ ਤਾਂ ਮਰਨ ਵਾਲੇ ਕਾਗ਼ਜ਼ਾਂ ’ਚ ਵੀ ਨਹੀਂ ਆਉਂਦੇ।’’ ਇਸ ਦਰਮਿਆਨ ਮਜ਼ਦੂਰਾਂ ਵਿੱਚ ਫੁੱਟ ਵੀ ਪਈ। ਕੁੱਝ ਨੇ ਸਾਫ਼ ਕਹਿ ਦਿੱਤਾ ਕਿ ਉਹ ਹੋਰ ਮੁਸ਼ਕਲ ਨਹੀਂ ਚਾਹੁੰਦੇ। ਕੁੱਝ ਨੇ ਚੁੱਪਚਾਪ ਕੰਮ ਛੱਡ ਦਿੱਤਾ ਅਤੇ ਬਹੁਤ ਥੋੜੇ ਸੁਰਜੀਤ ਦੇ ਨਾਲ ਖੜੇ ਰਹੇ। ਇਹ ਗਿਣਤੀ ਵੱਡੀ ਨਹੀਂ ਸੀ, ਪਰ ਇਹ ਅਹਿਸਾਸ ਵੱਡਾ ਸੀ ਕਿ ਆਵਾਜ਼ ਪੂਰੀ ਤਰਾਂ ਇਕੱਲੀ ਨਹੀਂ ਰਹੀ। ਘਰ ਵਿੱਚ ਹਰਜੀਤ ਕੌਰ ਹੁਣ ਘੱਟ ਬੋਲਦੀ ਸੀ।ਇਹ ਚੁੱਪ ਨਾਰਾਜ਼ਗੀ ਦੀ ਨਹੀਂ, ਥਕਾਵਟ ਦੀ ਸੀ।ਇੱਕ ਰਾਤ ਉਸ ਨੇ ਕਿਹਾ, ‘‘ਮੈਂ ਡਰਦੀ ਹਾਂ, ਸੁਰਜੀਤ। ਪਰ ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਆ ਕਿ ਜੇ ਤੂੰ ਚੁੱਪ ਹੋ ਗਿਆ ਤਾਂ ਤੂੰ ਅੰਦਰੋਂ ਮਰ ਜਾਵੇਂਗਾ। ਮੈਂ ਤੈਨੂੰ ਜਿਊਂਦਾ ਵੇਖਣਾ ਚਾਹੁੰਦੀ ਆ, ਭਾਵੇਂ ਔਖਾ ਹੋਵੇ।’’ ਇਹ ਗੱਲ ਕਿਸੇ ਹੌਸਲੇ ਵਾਂਗ ਨਹੀਂ ਸੀ। ਇਹ ਸਹਿਮਤੀ ਸੀ, ਦਰਦ ਨਾਲ ਭਰੀ ਹੋਈ। ਬਲਵਿੰਦਰ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਇਹ ਖ਼ਬਰ ਕਿਸੇ ਅਖ਼ਬਾਰ ਦੀ ਸੁਰਖ਼ੀ ਨਹੀਂ ਬਣੀ। ਸਿਰਫ਼ ਸਾਈਟ ’ਤੇ ਇੱਕ ਨਾਂ ਘੱਟ ਹੋ ਗਿਆ। ਕੰਮ ਦੋ ਦਿਨ ਬੰਦ ਰਿਹਾ, ਫਿਰ ਮੁੜ ਚੱਲ ਪਿਆ। ਇਹੀ ਸ਼ਹਿਰ ਦੀ ਯਾਦਦਾਸ਼ਤ ਹੁੰਦੀ ਹੈ ਛੋਟੀ, ਸੁਵਿਧਾਜਨਕ। ਪਰ ਇਸ ਵਾਰੀ ਕੁੱਝ ਬਦਲਿਆ। ਸੁਰਜੀਤ ਅਤੇ ਹੋਰ ਕੁਝ ਮਜ਼ਦੂਰਾਂ ਨੇ ਲਿਖਤੀ ਸ਼ਿਕਾਇਤ ਦਿੱਤੀ। ਕੋਈ ਵੱਡੀ ਕਾਰਵਾਈ ਨਹੀਂ ਹੋਈ, ਪਰ ਠੇਕੇਦਾਰ ਬਦਲਿਆ ਗਿਆ। ਸੁਰੱਖਿਆ ਦੇ ਕੁੱਝ ਨਿਯਮ ਸਖ਼ਤ ਕੀਤੇ ਗਏ। ਇਹ ਇਨਕਲਾਬ ਨਹੀਂ ਸੀ। ਪਰ ਇਹ ਵੀ ਕੁਝ ਨਾ ਹੋਣ ਤੋਂ ਵੱਧ ਸੀ। ਸੁਰਜੀਤ ਨੂੰ ਸਾਈਟ ‘ਤੇ ਮੁੜ ਕੰਮ ਮਿਲਿਆ। ਪਰ ਪਹਿਲਾਂ ਵਰਗਾ ਨਹੀਂ।ਹੁਣ ਉਸ ਨੂੰ ‘‘ਸਾਵਧਾਨ’’ ਕਿਹਾ ਜਾਂਦਾ ਸੀ, ‘‘ਖ਼ਤਰਨਾਕ’’ ਨਹੀਂ। ਉਹ ਜਾਣਦਾ ਸੀ ਕਿ ਸਿਸਟਮ ਨੇ ਉਸ ਨੂੰ ਮੰਨਿਆ ਨਹੀਂ, ਸਹਿ ਲਿਆ ਹੈ ਅਤੇ ਸ਼ਹਿਰ ਵਿੱਚ ਕਈ ਵਾਰ ਇਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਇੱਕ ਸ਼ਾਮ ਉਹ ਅਧੂਰੀ ਇਮਾਰਤ ਦੇ ਹੇਠਾਂ ਖੜਾ ਸੀ। ਉਪਰ ਮੰਜ਼ਿਲਾਂ ਬਣ ਰਹੀਆਂ ਸਨ। ਹੇਠਾਂ ਮਜ਼ਦੂਰ ਕੰਮ ਕਰ ਰਹੇ ਸਨ। ਉਸ ਨੇ ਸੀਮੈਂਟ ਨੂੰ ਹੱਥ ਲਾਇਆ। ਇਹ ਹਾਲੇ ਵੀ ਠੰਢਾ ਸੀ, ਪਰ ਉਸ ਨੂੰ ਲੱਗਿਆ ਜਿਵੇਂ ਇਸ ਹੇਠਾਂ ਹੁਣ ਕੋਈ ਆਵਾਜ਼ ਪੂਰੀ ਤਰਾਂ ਦੱਬੀ ਨਹੀਂ।
ਜਗਸੀਰ ਨੇ ਆ ਕੇ ਕਿਹਾ, “ਵੀਰ, ਸਭ ਕੁਝ ਨਹੀਂ ਬਦਲਿਆ।“
ਸੁਰਜੀਤ ਨੇ ਹੌਲੀ, ਪਰ ਪੱਕੀ ਆਵਾਜ਼ ਵਿੱਚ ਕਿਹਾ,
“ਸਭ ਕੁਝ ਨਹੀਂ ਬਦਲਦਾ।ਪਰ ਜਦੋਂ ਆਵਾਜ਼ ਦੱਬਣੀ ਬੰਦ ਹੋ ਜਾਵੇ ਤਾਂ ਇਹੀ ਸ਼ੁਰੂਆਤ ਹੁੰਦੀ ਆ।“
ਘਰ ਵਾਪਸ ਆ ਕੇ ਉਸ ਨੇ ਬੱਚਿਆਂ ਨੂੰ ਵੇਖਿਆ।ਉਹਨਾਂ ਨੇ ਕੁਝ ਨਹੀਂ ਪੁੱਛਿਆ।ਉਹਨਾਂ ਨੇ ਸਿਰਫ਼ ਆਪਣੇ ਪਿਉ ਨੂੰ ਵੇਖਿਆ… ਥੱਕਿਆ ਹੋਇਆ, ਪਰ ਝੁਕਿਆ ਹੋਇਆ ਨਹੀਂ ਅਤੇ ਇਹੀ ਦਿ੍ਰਸ਼ ਸੁਰਜੀਤ ਲਈ ਸਭ ਤੋਂ ਵੱਡੀ ਜਿੱਤ ਸੀ।
ਸ਼ਹਿਰ ਓਹੀ ਰਿਹਾ।ਜ਼ੁਲਮ ਵੀ ਰਿਹਾ।ਪਰ ਇੱਕ ਆਵਾਜ਼, ਸੀਮੈਂਟ ਹੇਠਾਂ ਦੱਬੀ ਹੋਈ… ਖ਼ਾਮੋਸ਼ ਨਹੀਂ ਰਹੀ ।
-ਬੇਅੰਤ ਸਿੰਘ ਬਾਜਵਾ
ਮੋ. 80000-00584

Read News Paper

Related articles

spot_img

Recent articles

spot_img