ਨਾਰਵੇ ਦੀ ਮਹਿਲਾ ਪੱਤਰਕਾਰ ਹੇਲਾ ਲਿੰਗ ਦੇ ਸੋਸ਼ਲ ਮੀਡੀਆ ਖਾਤੇ ਭਾਰਤ ‘ਚ ਮੁਅੱਤਲ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਰਵੇ ਦੌਰੇ ਦੌਰਾਨ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਸਵਾਲ ਚੁੱਕਣ ਵਾਲੀ ਨਾਰਵੇ ਦੀ ਮਹਿਲਾ ਪੱਤਰਕਾਰ ਹੇਲਾ ਲਿੰਗ ਇੱਕ ਵਾਰ ਫਿਰ ਵੱਡੀ ਚਰਚਾ ਵਿੱਚ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੇਲਾ ਲਿੰਗ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਨੂੰ ਮੈਟਾ ਕੰਪਨੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ ਮਹਿਲਾ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਕੇ ਕੀਤੀ ਹੈ। ਉਨ੍ਹਾਂ ਲਿਖਿਆ ਕਿ ਭਾਵੇਂ ਪ੍ਰੈੱਸ ਦੀ ਆਜ਼ਾਦੀ ਲਈ ਇਹ ਇੱਕ ਬਹੁਤ ਛੋਟੀ ਕੀਮਤ ਹੈ, ਪਰ ਉਨ੍ਹਾਂ ਦੇ ਜੀਵਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਜ਼ਿਕਰਯੋਗ ਹੈ ਕਿ ਓਸਲੋ ਦੇ ਅਖ਼ਬਾਰ ‘ਡੈਗਸਵਿਸਨ’ ਵਿੱਚ ਕੰਮ ਕਰਨ ਵਾਲੀ ਹੇਲਾ ਲਿੰਗ ਉਸ ਵੇਲੇ ਸੁਰਖੀਆਂ ਵਿੱਚ ਆਈ ਸੀ, ਜਦੋਂ ਉਨ੍ਹਾਂ ਨੇ ਨਾਰਵੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਾਂਝੀ ਮੀਡੀਆ ਬ੍ਰੀਫਿੰਗ ਦੌਰਾਨ ਪੀ.ਐਮ. ਮੋਦੀ ਨੂੰ ਉੱਚੀ ਆਵਾਜ਼ ਵਿੱਚ ਸਵਾਲ ਪੁੱਛਿਆ ਸੀ ਕਿ ਉਹ ਦੁਨੀਆ ਦੀ ਸਭ ਤੋਂ ਆਜ਼ਾਦ ਪ੍ਰੈੱਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ?
ਇਸ ਘਟਨਾ ਤੋਂ ਬਾਅਦ ਹੇਲਾ ਲਿੰਗ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ ਅਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ, ਜਿੱਥੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ‘ਵਿਦੇਸ਼ੀ ਜਾਸੂਸ’ ਜਾਂ ‘ਚੀਨੀ ਏਜੰਟ’ ਤੱਕ ਆਖ ਦਿੱਤਾ ਗਿਆ। ਇਸ ਵਿਵਾਦ ਦੌਰਾਨ ਹੀ ਹੇਲਾ ਲਿੰਗ ਨੇ ਭਾਰਤੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਫ਼ੋਨ ‘ਤੇ ਇੰਟਰਵਿਊ ਦੇਣ ਦੀ ਅਪੀਲ ਕੀਤੀ ਸੀ। ਆਪਣੇ ਅਕਾਊਂਟਸ ਮੁਅੱਤਲ ਹੋਣ ਤੋਂ ਬਾਅਦ ਹੇਲਾ ਲਿੰਗ ਨੇ ਮੈਟਾ ਨੂੰ ਟੈਗ ਕਰਦਿਆਂ ਸਵਾਲ ਚੁੱਕਿਆ ਹੈ ਕਿ ਕੀ ਇਹ ਕਾਰਵਾਈ ਕਿਸੇ ਸਾਜ਼ਿਸ਼ ਤਹਿਤ ‘ਟੂ-ਸਟੈਪ ਵੈਰੀਫਿਕੇਸ਼ਨ’ ਦੀ ਦੁਰਵਰਤੋਂ ਕਰਕੇ ਕੀਤੀ ਗਈ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ? ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੇ ਭਾਰਤੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਖਾਤੇ ਬੰਦ ਹੋਣ ਕਾਰਨ ਇਸ ਵਿੱਚ ਦੇਰੀ ਹੋਵੇਗੀ। ਦੂਜੇ ਪਾਸੇ, ਮੈਟਾ ਕੰਪਨੀ ਵੱਲੋਂ ਅਜੇ ਤੱਕ ਇਨ੍ਹਾਂ ਅਕਾਊਂਟਸ ਨੂੰ ਬੰਦ ਕਰਨ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Read News Paper

Related articles

spot_img

Recent articles

spot_img