ਟੋਰਾਂਟੋ/ਪੰਜਾਬ ਪੋਸਟ :
ਅਮਰੀਕਾ ਦੇ ਹਵਾਈ ਆਵਾਜਾਈ ਕੰਟਰੋਲ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 13 ਨਵੰਬਰ ਨੂੰ ਅਮਰੀਕਾ ਦੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੇ ਸੰਚਾਰ ਪ੍ਰਣਾਲੀ ਵਿੱਚ ਗੜਬੜ ਕਾਰਨ ਦੇਸ਼ ਭਰ ਵਿੱਚ ਉਡਾਣਾਂ ਰੋਕ ਦਿੱਤੀਆਂ। ਇਸ ਕਾਰਨ ਟੋਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਸਮੇਤ ਕਈ ਕੈਨੇਡੀਅਨ ਹਵਾਈ ਅੱਡਿਆਂ ’ਤੇ ਅਮਰੀਕਾ ਜਾਣ ਅਤੇ ਉੱਥੋਂ ਆਉਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ। ਕਈ ਉਡਾਣਾਂ ਰੱਦ ਹੋਈਆਂ ਅਤੇ ਕਈਆਂ ਵਿੱਚ ਦੇਰੀ ਹੋਈ। ਬਾਅਦ ਵਿੱਚ ਅਮਰੀਕਾ ਨੇ ਉਡਾਣਾਂ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ, ਪਰ ਹਵਾਈ ਸੇਵਾਵਾਂ ਆਮ ਵਾਂਗ ਹੋਣ ਵਿੱਚ ਸਮਾਂ ਲੱਗਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਕੈਨੇਡਾ ਦੀ ਆਪਣੀ ਹਵਾਈ ਆਵਾਜਾਈ ਪ੍ਰਣਾਲੀ ਸਹੀ ਕੰਮ ਕਰ ਰਹੀ ਸੀ।







