ਨਿਊਯਾਰਕ/ਪੰਜਾਬ ਪੋਸਟ
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸ਼ਤਾਬਦੀ ਸਾਲ ਦੇ ਗਲੋਬਲ ਆਉਟਰੀਚ ਪ੍ਰੋਗਰਾਮ ਤਹਿਤ ਸੰਘ ਮੁਖੀ ਮੋਹਨ ਭਾਗਵਤ ਦੇ ਅਮਰੀਕਾ ਦੌਰੇ ਦੌਰਾਨ ਸਿਆਸੀ ਹਲਕਿਆਂ ਵਿੱਚ ਭਾਰੀ ਬਹਿਸ ਛਿੜ ਗਈ ਹੈ। ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਵਿੱਚ ਆਰ.ਐੱਸ.ਐੱਸ. ਮੁਖੀ ਦੇ ਹੋਣ ਵਾਲੇ ਪ੍ਰੋਗਰਾਮ ਤੋਂ ਦੂਰੀ ਬਣਾਉਣ ਵਾਲਾ ਬਿਆਨ ਜਾਰੀ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਹਨ ਭਾਗਵਤ 29 ਅਗਸਤ ਨੂੰ ਨਿਊਯਾਰਕ ਦੇ ਪ੍ਰਸਿੱਧ ਮੈਡੀਸਨ ਸਕੁਆਰ ਗਾਰਡਨ ਵਿੱਚ ‘ਯੂਨੀਵਰਸਲ ਵਨਨੈੱਸ’ ਨਾਮਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਹਨ, ਜਿਸ ਵਿੱਚ ਲਗਭਗ 5000 ਪ੍ਰਵਾਸੀ ਭਾਰਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਪ੍ਰਸਤਾਵਿਤ ਆਯੋਜਨ ਨੂੰ ਲੈ ਕੇ ਜਦੋਂ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਤੋਂ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਇਸ ਰੈਲੀ ਜਾਂ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੈਡੀਸਨ ਸਕੁਆਰ ਗਾਰਡਨ ਇੱਕ ਨਿੱਜੀ ਸਥਾਨ ਹੈ ਅਤੇ ਨਗਰ ਨਿਗਮ ਕੋਲ ਕਿਸੇ ਵੀ ਨਿੱਜੀ ਆਯੋਜਨ ਨੂੰ ਰੱਦ ਕਰਨ ਦਾ ਅਧਿਕਾਰ ਨਹੀਂ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ-ਅਮਰੀਕੀ ਮੂਲ ਦੇ ਮੇਅਰ ਮਮਦਾਨੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਭਾਰਤ ਵਿੱਚ ਹਨ ਅਤੇ ਉਨ੍ਹਾਂ ਨੇ ਬਚਪਨ ਤੋਂ ਜਿਸ ਭਾਰਤ ਨੂੰ ਜਾਣਿਆ ਹੈ, ਉਹ ਇੱਕ ਬਹੁਲਵਾਦੀ ਅਤੇ ਧਰਮ ਨਿਰਪੱਖ ਗਣਰਾਜ ਰਿਹਾ ਹੈ ਜੋ ਹਰ ਨਾਗਰਿਕ ਦੇ ਬਰਾਬਰ ਅਧਿਕਾਰਾਂ ਵਿੱਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿੱਚ ਵੰਡੀਆਂ ਪਾਉਣ ਵਾਲੀਆਂ ਅਤੇ ਵਿਤਕਰੇ ਦੀ ਭਾਵਨਾ ‘ਤੇ ਅਧਾਰਤ ਵਿਚਾਰਧਾਰਾਵਾਂ ਦਾ ਵਧਣਾ ਚਿੰਤਾਜਨਕ ਹੈ।
ਦੂਜੇ ਪਾਸੇ, ਨਿਊਯਾਰਕ ਵਿੱਚ ਮੋਹਨ ਭਾਗਵਤ ਦੀ ਇਸ ਫੇਰੀ ਨੂੰ ਲੈ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਸੁਰੱਖਿਆ ਅਤੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ‘ਵਸੁਧੈਵ ਕੁਟੁੰਬਕਮ’ (ਦੁਨੀਆ ਇੱਕ ਪਰਿਵਾਰ ਹੈ) ਦੇ ਸੰਦੇਸ਼ ਨੂੰ ਅੱਗੇ ਵਧਾਉਣਾ ਅਤੇ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉੱਥੇ ਹੀ, ਕਈ ਨਾਗਰਿਕ ਅਧਿਕਾਰ ਸੰਗਠਨਾਂ ਅਤੇ ਮਨੁੱਖੀ ਅਧਿਕਾਰ ਟੀਮਾਂ ਵੱਲੋਂ ਇਸ ਆਯੋਜਨ ਦੇ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।
ਅਮਰੀਕਾ ਵਿੱਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਪ੍ਰੋਗਰਾਮ ਦਾ ਮਾਮਲਾ: ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਬਣਾਈ ਦੂਰੀ

Published:






